16 ਨੂੰ ਤਰਨਤਾਰਨ ’ਚ ਹੋਵੇਗਾ ਆੜਤੀਆਂ ਦਾ ਜਨਰਲ ਇਜਲਾਸ : ਭਾਰਦਵਾਜ
16 ਮਾਰਚ ਨੂੰ ਤਰਨਤਾਰਨ ਦੀ ਹਰਿਕੇ ਮੰਡੀ ਵਿੱਚ ਹੋਵੇਗਾ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਦਾ ਜਨਰਲ ਇਜਲਾਸ : ਨਰੇਸ਼ ਭਾਰਦਵਾਜ
Publish Date: Tue, 24 Feb 2026 09:53 PM (IST)
Updated Date: Tue, 24 Feb 2026 09:55 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਆੜਤੀ ਐਸੋਸੀਏਸ਼ਨ ਫਗਵਾੜਾ ਦੀ ਇਕ ਮੀਟਿੰਗ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਹੇਠ ਸਥਾਨਕ ਹੋਟਲ ਵਿਖੇ ਸੰਪੰਨ ਹੋਈ। ਮੀਟਿੰਗ ਵਿਚ ਜ਼ਿਲ੍ਹਾ ਤਰਨਤਾਰਨ ਐਸੋਸੀਏਸ਼ਨ ਦੇ ਪ੍ਰਧਾਨ ਕੁਲਬੀਰ ਸਿੰਘ ਕੁਸੇਲ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਨ੍ਹਾਂ ਹਾਜ਼ਰ ਆੜਤੀਆਂ ਨੂੰ ਦੱਸਿਆ ਕਿ ਆਉਣ ਵਾਲੀ 16 ਮਾਰਚ ਨੂੰ ਤਰਨਤਾਰਨ ਵਿਚ ਫੈੱਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਦਾ ਜਨਰਲ ਇਜਲਾਸ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਉਨ੍ਹਾਂ ਸਮੂਹ ਆੜਤੀਆਂ ਨੂੰ ਇਸ ਜਨਰਲ ਇਜਲਾਸ ਵਿਚ ਸ਼ਮੂਲੀਅਤ ਕਰਨ ਲਈ ਖੁੱਲ੍ਹਾ ਸੱਦਾ ਵੀ ਦਿੱਤਾ। ਜ਼ਿਲ੍ਹਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 16 ਮਾਰਚ ਨੂੰ ਫੈੱਡਰੇਸ਼ਨ ਦੇ ਪੰਜਾਬ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਹੇਠ ਜ਼ਿਲ੍ਹਾ ਤਰਨਤਾਰਨ ਦੀ ਹਰਿਕੇ ਮੰਡੀ ਵਿਚ ਹੋਣ ਵਾਲੇ ਜਨਰਲ ਇਜਲਾਸ ਦੌਰਾਨ ਸਰਕਾਰਾਂ ਕੋਲ ਆੜਤੀਆਂ ਦੇ ਲੰਬਿਤ ਮਸਲਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਵਿਚ ਖ਼ਾਸ ਤੌਰ ‘ਤੇ 2.5 ਫੀਸਦੀ ਆੜਤ ਕਮੀਸ਼ਨ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਟਾਲਮਟੋਲ, ਮੰਡੀਆਂ ਵਿਚ ਦੁਕਾਨਾਂ ਦੀ ਵਨ-ਟਾਈਮ ਸੈਟਲਮੈਂਟ, ਠੇਕੇਦਾਰਾਂ ਵੱਲੋਂ ਘੱਟ ਰੇਟ ‘ਤੇ ਟੈਂਡਰ ਲੈ ਕੇ ਆੜਤੀਆਂ ਦਾ ਸ਼ੋਸ਼ਣ ਤੇ ਖਰੀਦ ਏਜੰਸੀਆਂ ਵੱਲੋਂ ਲਿਫਟਿੰਗ ਵਿਚ ਕੀਤੀ ਜਾ ਰਹੀ ਦੇਰੀ ਆਦਿ ਮਸਲਿਆਂ ‘ਤੇ ਵਿਚਾਰ ਕੀਤਾ ਜਾਵੇਗਾ। ਸਭ ਆੜਤੀਆਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਵੱਡੀ ਗਿਣਤੀ ਵਿਚ ਉਕਤ ਇਜਲਾਸ ਵਿਚ ਹਿੱਸਾ ਲੈਣ ਲਈ ਹਰਿਕੇ ਮੰਡੀ ਪਹੁੰਚਣਗੇ। ਮੀਟਿੰਗ ਵਿਚ ਪਰਗਟ ਸਿੰਘ, ਬਿੱਟੂ ਘੁੰਮਣ, ਅਰੁਣ ਕਲੂਚਾ, ਪਰਵੇਸ਼ ਗੁਪਤਾ, ਅੰਕਿਤ ਗੁਪਤਾ, ਰਾਜੀਵ ਗੁਪਤਾ, ਦੀਪਕ ਗੁਪਤਾ, ਰੋਸ਼ਨ ਲਾਲ, ਅਵੀ ਸ਼ਰਮਾ, ਕੌਸ਼ਲ ਪ੍ਰਭਾਕਰ, ਸਾਹਿਲ ਸ਼ਰਮਾ, ਆਸ਼ੂ ਅਰੋੜਾ, ਵਿੱਕੀ, ਸਨੀ, ਰਿਤਿਕ ਆਦਿ ਹਾਜ਼ਰ ਸਨ।