ਗੀਤਾ ਜੈਲਦਾਰ ਨੇ ਦੁਕਾਨਦਾਰ ਤੋਂ ਮੰਗੀ ਮੁਆਫੀ
ਗੀਤਾ ਜੈਲਦਾਰ ਨੇ ਦੁਕਾਨਦਾਰ ਤੋਂ ਮੰਗੀ ਮੁਆਫੀ
Publish Date: Sun, 22 Feb 2026 06:48 PM (IST)
Updated Date: Sun, 22 Feb 2026 06:51 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ‘ਚਿੱਟੇ ਸੂਟ ’ਤੇ ਦਾਗ ਪੈ ਗਿਆ’ ਗੀਤ ਤੋਂ ਬਾਅਦ ਗੀਤਾ ਜੈਲਦਾਰ ਦੇ ਆਏ ਗੀਤਾਂ ਨੂੰ ਕੋਈ ਜ਼ਿਆਦਾ ਸਫਲਤਾ ਨਹੀਂ ਮਿਲ ਸਕੀ ਪਰ ਬੀਤੇ ਦਿਨੀਂ ਫਗਵਾੜਾ ਅੰਦਰ ਵਾਪਰੀ ਘਟਨਾ ਤੋਂ ਬਾਅਦ ਅੱਜ ਇਕ ਵਾਰ ਫਿਰ ਗੀਤਾ ਜੈਲਦਾਰ ਨਿਊਜ਼ ਚੈਨਲਾਂ ’ਤੇ ਸੁਰਖੀਆਂ ’ਚ ਬਣੇ ਹੋਏ ਹਨ। ਉਨ੍ਹਾਂ ਵੱਲੋਂ ਫਗਵਾੜਾ ਸ਼ਹਿਰ ਦੇ ਲਾਡੀ ਗਾਰਮੈਂਟਸ ’ਤੇ ਕੀਤੀ ਕੁੱਟਮਾਰ ਨੂੰ ਜਿਥੇ ਮਾਹਿਰਾਂ ਵੱਲੋਂ ਪਬਲੀਸਿਟੀ ਸਟੰਟ ਮੰਨਿਆ ਜਾ ਰਿਹਾ ਹੈ, ਜਿਸ ਨਾਲ ਇਕ ਵਾਰ ਫਿਰ ਗੀਤਾ ਜੈਲਦਾਰ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਸ਼ੁੱਕਰਵਾਰ ਨੂੰ ਗੀਤਾ ਜੈਲਦਾਰ ਪੰਜਾਬ ਦਾ ਮਾਣ ਨਛੱਤਰ ਗਿੱਲ ਸਮੇਤ ਲਾਡੀ ਗਾਰਮੈਂਟਸ ਗਊਸ਼ਾਲਾ ਬਾਜ਼ਾਰ ਪੁੱਜੇ ਤੇ ਮਾਲਕਾਂ ਤੋਂ ਮੁਆਫੀ ਮੰਗ ਕੇ ਵਾਪਰੀ ਘਟਨਾ ’ਤੇ ਦੁੱਖ ਜ਼ਾਹਿਰ ਕੀਤਾ। ਮੌਕੇ ’ਤੇ ਜਾਣਕਾਰੀ ਦਿੰਦਿਆਂ ਲਾਡੀ ਗਾਰਮੈਂਟਸ ਦੇ ਮਾਲਕ ਨਿਸ਼ਾਂਤ ਨੇ ਦੱਸਿਆ ਕਿ ਗੀਤਾ ਜੈਲਦਾਰ, ਨਛੱਤਰ ਗਿੱਲ ਉਨ੍ਹਾਂ ਦੀ ਦੁਕਾਨ ’ਤੇ ਆਏ ਤੇ ਵਾਪਰੀ ਘਟਨਾ ਦੀ ਮੁਆਫੀ ਮੰਗ ਲਈ। ਉਨ੍ਹਾਂ ਦੀ ਗੱਦੀ ’ਤੇ ਵੀ ਮੱਥਾ ਟੇਕ ਕੇ ਖਿਮਾ ਜਾਚਨਾ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵੀ ਵਾਪਸ ਲੈ ਲਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਾਰੀ ਘਟਨਾ ਨੂੰ ਜੇਕਰ ਪਬਲੀਸਿਟੀ ਸਟੰਟ ਵਾਂਗ ਦੇਖਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ ਕਿਉਂਕਿ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਵਿਚ ਇਸ ਸਮੇਂ ਲਗਭਗ ਸਾਰੇ ਸੋਸ਼ਲ ਮੀਡੀਆ ਦੇ ਚੈਨਲਾਂ ’ਤੇ ਗੀਤਾ ਜੈਲਦਾਰ ਸੁਰਖੀਆਂ ’ਚ ਬਣੇ ਹੋਏ ਹਨ ਤੇ ਮੁੜ ਤੋਂ ਗੀਤਾ ਜੈਲਦਾਰ ਦੇ ਗੀਤ ‘ਚਿੱਟੇ ਸੂਟ ’ਤੇ ਦਾਗ ਪੈ ਗਿਆ’ ਨੂੰ ਵੀ ਵਾਹੋ-ਵਾਹੀ ਮਿਲਣ ਲੱਗੀ ਹੈ।