ਕਾਰੋਬਾਰੀਆਂ ਨੂੰ ਫਿਰੌਤੀਆਂ ਦੇਣ ਲਈ ਮਜਬੂਰ ਕਰ ਰਹੇ ਗੈਂਗਸਟਰ : ਕੁਲਦੀਪ ਸਿੰਘ
ਕਾਰੋਬਾਰੀਆਂ ਤੇ ਪਤਵੰਤਿਆਂ ਨੂੰ ਫਿਰੌਤੀਆਂ ਦੇਣ ਲਈ ਮਜਬੂਰ ਕਰ ਰਹੇ ਗੈਂਗਸਟਰ : ਕੁਲਦੀਪ ਸਿੰਘ
Publish Date: Thu, 26 Feb 2026 09:10 PM (IST)
Updated Date: Thu, 26 Feb 2026 09:13 PM (IST)

ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਤੇ ਲਗਾਤਾਰ ਵਿਗੜ ਰਹੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਜ਼ਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਨੇ ਤਿੱਖੀ ਪ੍ਰਤਿਕਿਰਆ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸੂਬੇ ’ਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੋ ਰਹੀ ਹੈ ਤੇ ਸਰਕਾਰ ਹਾਲਾਤਾਂ ’ਤੇ ਕਾਬੂ ਪਾਉਣ ’ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਕੁਲਦੀਪ ਸਿੰਘ ਨੇ ਕਿਹਾ ਕਿ ਜਦੋਂ ਤੋਂ ਆਪ ਪਾਰਟੀ ਦੀ ਸਰਕਾਰ ਨੇ ਪੰਜਾਬ ’ਚ ਸੱਤਾ ਸੰਭਾਲੀ ਹੈ, ਉਸ ਸਮੇਂ ਤੋਂ ਸੂਬਾ ਹਰ ਮੋਰਚੇ ਤੇ ਪਿਛੇ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਨੂੰਨ-ਵਿਵਸਥਾ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਚੁੱਕੀ ਹੈ ਤੇ ਹਰ ਰੋਜ਼ ਲੁੱਟਾਂ, ਚੋਰੀਆਂ, ਨਸ਼ਿਆਂ ਤੇ ਗੋਲੀਬਾਰੀਆਂ ਨਾਲ ਜੁੜੀਆਂ ਘਟਨਾਵਾਂ ਆਮ ਹੋ ਗਈਆਂ ਹਨ। ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਪਰ ਸਰਕਾਰ ਖਾਲੀ ਇਸ਼ਤਿਹਾਰਬਾਜ਼ੀ ਤੇ ਦਾਅਵਿਆਂ ਤੱਕ ਸੀਮਤ ਰਹਿ ਗਈ ਹੈ। ਉਨ੍ਹਾਂ ਪੰਜਾਬ ਦੀ ਮੌਜੂਦਾ ਸਥਿਤੀ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਵਿਚ ਗੈਂਗਸਟਰਵਾਦ ਦਾ ਬੋਲਬਾਲਾ ਹੈ। ਗੈਂਗਸਟਰ ਕਾਰੋਬਾਰੀਆਂ ਤੇ ਹੋਰ ਪ੍ਰਮੁੱਖ ਲੋਕਾਂ ਨੂੰ ਫਿਰੌਤੀ ਦੇ ਪੈਸੇ ਦੇਣ ਲਈ ਮਜਬੂਰ ਕਰ ਰਹੇ ਹਨ ਤੇ ਜੇਕਰ ਉਹ ਇਨਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਖੁੱਲ੍ਹੇਆਮ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੰਜਾਬ ਵਿਚ ਕਿਤੇ ਨਾ ਕਿਤੇ ਕਤਲ ਰੋਜ਼ਾਨਾ ਹੋ ਰਹੇ ਹਨ। ਇਸੇ ਤਰ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਵਿਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਰੋਕਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਲਈ ਦਬਾਅ ਪਾਉਣ ਲਈ ਸੜਕਾਂ ’ਤੇ ਉਤਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ 20 ਸਾਲਾਂ ਤੋਂ ਵਿਕਾਸ ਦੇ ਰਾਹ ਤੋਂ ਡਿੱਗ ਗਿਆ ਹੈ ਤੇ ਦੇਸ਼ ਤੋਂ ਲਗਾਤਾਰ ਪਛੜਨ ਦਾ ਦਰਦ ਝੱਲ ਰਿਹਾ ਹੈ। ਉਨਾਂ ਕਿਹਾ ਕਿ ਸਿਰਫ ਕਾਂਗਰਸ ਹੀ ਪੰਜਾਬ ਵਿਚ ਵਿਕਾਸ ਲਿਆਉਣ ਦੇ ਸਮਰੱਥ ਹੈ ਅਤੇ ਇਸ ਵਾਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੇ ਹੱਥਾਂ ਵਿਚ ਪੰਜਾਬ ਦੀ ਸੱਤਾ ਸੌਂਪਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਦਾ ਰਸਤਾ ਦਿਖਾਉਣ,ਜੋ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਿਚ ਪੁਰੀ ਤਰ੍ਹਾਂ ਅਸਫਲ ਰਹੀ ਹੈ। ਕੁਲਦੀਪ ਸਿੰਘ ਨੇ ਦੋਸ਼ ਲਗਾਇਆ ਕਿ ਪੁਲਸ ਪ੍ਰਸ਼ਾਸਨ ਤੇ ਰਾਜਨੀਤਿਕ ਦਖਲਅੰਦਾਜ਼ੀ ਵੱਧ ਰਹੀ ਹੈ, ਜਿਸ ਕਾਰਨ ਅਪਰਾਧੀਆਂ ਦੇ ਹੌਸਲੇ ਬੁਲੰਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਅਮਨ-ਸ਼ਾਂਤੀ ਲਈ ਮਜ਼ਬੂਤ ਤੇ ਜ਼ਿੰਮੇਵਾਰ ਪ੍ਰਸ਼ਾਸਨ ਦੀ ਲੋੜ ਹੈ ਤੇ ਜੇਕਰ ਮੌਜੂਦਾ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ ਲੋਕਤੰਤਰਕ ਢੰਗ ਨਾਲ ਇਸਦਾ ਜਵਾਬ ਦਿੱਤਾ ਜਾਵੇਗਾ।