ਡਿਜੀਟਲ ਦੌਰ ’ਚ ਗੁੰਮ ਹੋ ਰਿਹਾ ਪੁਰਾਤਨ ਸੱਭਿਆਚਾਰ
ਮੋਮਬੱਤੀਆਂ ਤੋਂ ਲੈ ਕੇ ਸਮਾਰਟ ਫੋਨਾਂ ਤੱਕ ਮਨੁੱਖੀ ਜੀਵਨ ਦੀ ਕਹਾਣੀ ਅਤੇ ਡਿਜੀਟਲ ਦੌਰ ਵਿੱਚ ਗੁੰਮ ਹੋ ਰਿਹਾ ਪੁਰਾਤਨ ਸੱਭਿਆਚਾਰ
Publish Date: Sun, 05 Apr 2026 09:57 PM (IST)
Updated Date: Mon, 06 Apr 2026 04:14 AM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਮਨੁੱਖੀ ਜੀਵਨ ਦੀ ਯਾਤਰਾ ਇੱਕ ਅਜਿਹੀ ਕਹਾਣੀ ਹੈ, ਜੋ ਹਨੇਰੇ ਤੋਂ ਚਾਨਣ ਵੱਲ ਤੇ ਸਧਾਰਨਤਾ ਤੋਂ ਤਕਨਾਲੋਜੀ ਦੀ ਉੱਚਾਈਆਂ ਵੱਲ ਲੈ ਜਾਂਦੀ ਹੈ। ਇਹ ਕਹਾਣੀ ਮੋਮਬੱਤੀਆਂ ਦੇ ਹੌਲੇ ਚਾਨਣ ਤੋਂ ਸ਼ੁਰੂ ਹੋ ਕੇ ਅੱਜ ਦੇ ਸਮਾਰਟ ਫੋਨਾਂ ਦੀ ਚਮਕਦਾਰ ਸਕਰੀਨਾਂ ਤੱਕ ਪਹੁੰਚਦੀ ਹੈ। ਪੁਰਾਣੇ ਸਮਿਆਂ ’ਚ ਜਦੋਂ ਬਿਜਲੀ ਨਹੀਂ ਸੀ ਹੁੰਦੀ ਤਾਂ ਮੋਮਬੱਤੀਆਂ ਅਤੇ ਦੀਵੇ ਹੀ ਮਨੁੱਖ ਲਈ ਰੌਸ਼ਨੀ ਦਾ ਇੱਕੋ-ਇੱਕ ਸਾਧਨ ਹੁੰਦੇ ਸਨ ਤੇ ਰਾਤ ਦਾ ਸਮਾਂ ਅਕਸਰ ਸ਼ਾਂਤ ਤੇ ਸੀਮਿਤ ਹੁੰਦਾ ਸੀ। ਲੋਕ ਜਲਦੀ ਸੌ ਜਾਂਦੇ ਸਨ ਅਤੇ ਸਵੇਰੇ ਜਲਦੀ ਉੱਠਦੇ ਸਨ ਤੇ ਆਪਣੇ ਰੋਜ਼ਮਰ੍ਹਾ ਕੰਮਕਾਰ ਕਰਦੇ ਸਨ ਤੇ ਉਹ ਸਮਾਂ ਸਾਦਗੀ ਤੇ ਕੁਦਰਤ ਨਾਲ ਜੁੜਿਆ ਹੋਇਆ ਸੀ। ਫਿਰ ਆਇਆ ਉਦਯੋਗਿਕ ਯੁੱਗ, ਜਿੱਥੇ ਬਿਜਲੀ ਦੀ ਖੋਜ ਹੋਈ, ਜਿਸ ਨੇ ਮਨੁੱਖੀ ਜੀਵਨ ਨੂੰ ਬਦਲ ਕੇ ਹੀ ਰੱਖ ਦਿੱਤਾ। ਬਲਬਾਂ ਦੀ ਰੌਸ਼ਨੀ ਨੇ ਮਨੁੱਖ ਦੀ ਰਾਤ ਨੂੰ ਵੀ ਦਿਨ ਵਾਂਗ ਬਣਾ ਦਿੱਤਾ ਤੇ ਫਿਰ ਕਾਰਖਾਨਿਆਂ ਦੀ ਸਥਾਪਨਾ ਹੋਈ ਤੇ ਜੀਵਨ ਦੀ ਰਫ਼ਤਾਰ ਵੀ ਤੇਜ਼ ਹੋ ਗਈ। ਇਹ ਬਦਲਾਅ ਮਨੁੱਖ ਨੂੰ ਅੱਗੇ ਵਧਣ ਦੀ ਪ੍ਰੇਰਣਾ ਦੇਣ ਵਾਲਾ ਸਮਾਂ ਸਾਬਤ ਹੋਇਆ। ਇਸ ਤੋਂ ਬਾਅਦ ਆਇਆ ਸੰਚਾਰ ਕ੍ਰਾਂਤੀ ਦਾ ਸਮਾਂ। ਟੈਲੀਫੋਨ, ਰੇਡੀਓ ਤੇ ਟੈਲੀਵਿਜ਼ਨ ਨੇ ਲੋਕਾਂ ਦੀਆਂ ਦੂਰੀਆਂ ਨੂੰ ਵੀ ਘਟਾ ਦਿੱਤਾ ਤੇ ਲੋਕਾਂ ਵਿਚਕਾਰ ਇੱਕ ਦੂਜੇ ਨਾਲ ਸੰਪਰਕ ਕਰਨਾ ਆਸਾਨ ਹੋ ਗਿਆ ਤੇ ਫਿਰ ਦੁਨੀਆ ਇੱਕ ਛੋਟੇ ਪਿੰਡ ਵਾਂਗ ਲੱਗਣ ਲੱਗੀ। ਅੱਜ ਦਾ ਯੁੱਗ ਸਮਾਰਟ ਫੋਨਾਂ ਦਾ ਯੁੱਗ ਹੈ। ਹੁਣ ਇੱਕ ਛੋਟੇ ਜਿਹੇ ਡਿਵਾਈਸ ’ਚ ਸਾਰੀ ਦੁਨੀਆ ਸਮਾਈ ਹੋਈ ਹੈ। ਸਮਾਰਟ ਫੋਨ ਸਿਰਫ਼ ਗੱਲਬਾਤ ਦਾ ਸਾਧਨ ਨਹੀਂ ਰਹੇ ਸਗੋਂ ਸਿੱਖਿਆ, ਮਨੋਰੰਜਨ, ਕਾਰੋਬਾਰ ਤੇ ਜਾਣਕਾਰੀ ਦਾ ਕੇਂਦਰ ਬਣ ਗਏ ਹਨ। ਇੱਕ ਕਲਿੱਕ ਨਾਲ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਨਾਲ ਜੁੜ ਸਕਦੇ ਹਾਂ ਪਰ ਇਸ ਤਕਨਾਲੋਜੀਕ ਵਿਕਾਸ ਨਾਲ ਕੁਝ ਚੁਣੌਤੀਆਂ ਵੀ ਆਈਆਂ ਹਨ, ਜਿੱਥੇ ਇੱਕ ਪਾਸੇ ਸੁਵਿਧਾਵਾਂ ਵਧੀਆਂ ਹਨ, ਉੱਥੇ ਦੂਜੇ ਪਾਸੇ ਮਨੁੱਖ ਕੁਝ ਹੱਦ ਤੱਕ ਕੁਦਰਤ ਤੋਂ ਦੂਰ ਹੋ ਗਿਆ ਹੈ ਤੇ ਆਨਲਾਈਨ ਜ਼ਿੰਦਗੀ ’ਚ ਜ਼ਿਆਦਾ ਵਿਅਸਤ ਹੋ ਗਿਆ ਹੈ। ਇੱਥੇ ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਮੋਮਬੱਤੀਆਂ ਤੋਂ ਸਮਾਰਟ ਫੋਨਾਂ ਤੱਕ ਦੀ ਇਹ ਯਾਤਰਾ ਸਿਰਫ਼ ਤਕਨਾਲੋਜੀ ਦੀ ਨਹੀਂ ਸਗੋਂ ਮਨੁੱਖੀ ਸੋਚ, ਮਿਹਨਤ ਤੇ ਨਵਚੇਤਨਾ ਦੀ ਕਹਾਣੀ ਹੈ। ਇਹ ਸਾਨੂੰ ਸਿੱਖਾਉਂਦੀ ਹੈ ਕਿ ਅਸੀਂ ਤਰੱਕੀ ਕਰਦੇ ਰਹੀਏ ਪਰ ਆਪਣੀਆਂ ਜੜ੍ਹਾਂ ਅਤੇ ਮੁੱਲਾਂ ਨੂੰ ਨਾ ਭੁੱਲੀਏ। ਬਾਕਸ-- ਡਿਜੀਟਲ ਦੌਰ ਵਿੱਚ ਗੁੰਮ ਹੋ ਰਹੀ ਪੇਂਡੂ ਸਾਦਗੀ ਦੀ ਕਹਾਣੀ ਅੱਜ ਦਾ ਮਨੁੱਖ ਤਰੱਕੀ ਦੇ ਰਾਹ ’ਤੇ ਬਹੁਤ ਤੇਜ਼ੀ ਨਾਲ ਦੌੜ ਰਿਹਾ ਹੈ। ਹੱਥ ’ਚ ਸਮਾਰਟ ਫੋਨ, ਸਾਹਮਣੇ ਸਕਰੀਨ ਤੇ ਦੁਨੀਆ ਉਂਗਲਾਂ ’ਤੇ। ਅੱਜਕਲ ਦੇ ਜ਼ਮਾਨੇ ’ਚ ਇਹੀ ਆਧੁਨਿਕ ਜੀਵਨ ਦੀ ਪਛਾਣ ਬਣ ਚੁੱਕੀ ਹੈ ਪਰ ਇਸ ਦੌੜ ਭਰੀ ਜ਼ਿੰਦਗੀ ’ਚ ਮਨੁੱਖ ਕਿਤੇ ਆਪਣੀ ਅਸਲੀ ਪਛਾਣ, ਆਪਣੀ ਸਾਦਗੀ ਭਰੀ ਪੇਂਡੂ ਜ਼ਿੰਦਗੀ ਤੋਂ ਕੋਹਾਂ ਦੂਰ ਵੀ ਹੋ ਗਿਆ ਹੈ। ਕਦੇ ਪਿੰਡਾਂ ਵਿੱਚ ਸਵੇਰ ਹੁੰਦਿਆਂ ਹੀ ਪੰਛੀਆਂ ਦੀ ਚਹਿਚਹਾਟ ਨਾਲ ਹੁੰਦੀ ਸੀ, ਖੇਤਾਂ ’ਚ ਮਿਹਨਤ, ਗਲੀਆਂ ’ਚ ਖੇਡਦੇ ਬੱਚੇ ਤੇ ਪਿੱਪਲਾਂ ਦੀਆਂ ਛਾਂਵਾਂ ਹੇਠ ਬਣਾਏ ਗਏ ਥੜਿਆਂ ’ਤੇ ਬੈਠ ਕੇ ਗੱਲਾਂ ਕਰਦੇ ਵੱਡੇ ਇਹ ਸਭ ਮਿਲ ਕੇ ਜੀਵਨ ਨੂੰ ਖੁਸ਼ਹਾਲ ਬਣਾਉਂਦੇ ਸਨ। ਪਿਆਰ, ਅਪਣੱਤ ਤੇ ਇਕੱਠੇ ਜਿਊਣ ਦਾ ਅਹਿਸਾਸ ਹਰ ਰੋਜ਼ ਮਹਿਸੂਸ ਹੁੰਦਾ ਸੀ। ਪਰ ਅੱਜ ਦੀ ਡਿਜੀਟਲ ਲਾਈਫ ਨੇ ਇਹ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ। ਹੁਣ ਬੱਚੇ ਮੈਦਾਨਾਂ ਦੀ ਬਜਾਏ ਮੋਬਾਈਲ ਸਕਰੀਨਾਂ ’ਚ ਖੇਡਦੇ ਹਨ, ਰਿਸ਼ਤੇ ਮਿਲਣ ਦੀ ਥਾਂ ਮੈਸੇਜਾਂ ਤੱਕ ਸੀਮਿਤ ਹੋ ਗਏ ਹਨ। ਇਕੋ ਘਰ ਵਿੱਚ ਰਹਿੰਦੇ ਲੋਕ ਵੀ ਆਪਸ ’ਚ ਗੱਲ ਕਰਨ ਦੀ ਬਜਾਏ ਫੋਨਾਂ ’ਚ ਵਿਅਸਤ ਰਹਿੰਦੇ ਹਨ। ਇਸ ਤਬਦੀਲੀ ਨੇ ਮਨੁੱਖ ਨੂੰ ਸਹੂਲਤਾਂ ਤਾਂ ਦਿੱਤੀਆਂ ਹਨ ਪਰ ਅੰਦਰੋਂ ਖਾਲੀ ਵੀ ਕਰ ਦਿੱਤਾ ਹੈ। ਇਸ ਡਿਜੀਟਲ ਦੌਰ ਦਾ ਸਭ ਤੋਂ ਵੱਡਾ ਅਸਰ ਮਨੁੱਖੀ ਮਾਨਸਿਕਤਾ ’ਤੇ ਵੀ ਪਿਆ ਹੈ। ਤਨਹਾਈ, ਤਣਾਅ ਤੇ ਮਾਨਸਿਕ ਪ੍ਰੇਸ਼ਾਨੀਆਂ ਵਧ ਰਹੀਆਂ ਹਨ, ਜਿੱਥੇ ਪਹਿਲਾਂ ਲੋਕ ਆਪਣਾ ਦੁੱਖ-ਸੁੱਖ ਆਪਸ ’ਚ ਸਾਂਝਾ ਕਰਦੇ ਸਨ, ਅੱਜ ਉਹ ਆਪਣੇ ਜਜ਼ਬਾਤ ਵੀ ਸਕਰੀਨਾਂ ਦੇ ਪਿੱਛੇ ਲੁਕਾ ਲੈਂਦੇ ਹਨ। ਅੱਜ ਦੇ ਸਮਾਜ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਡਿਜੀਟਲ ਲਾਈਫ ਤੇ ਪੁਰਾਣੀ ਪੇਂਡੂ ਸੱਭਿਅਤਾ ਵਿਚਲਾ ਅੰਤਰ ਸਮਝੇ। ਤਕਨਾਲੋਜੀ ਨੂੰ ਪੂਰੀ ਤਰ੍ਹਾਂ ਛੱਡਣਾ ਹੱਲ ਨਹੀਂ ਹੈ ਪਰ ਇਸ ਦੀ ਸਹੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਸਾਨੂੰ ਮੁੜ ਉਨ੍ਹਾਂ ਮੂਲਾਂ ਵੱਲ ਵਾਪਸ ਜਾਣਾ ਪਵੇਗਾ, ਜਿੱਥੇ ਰਿਸ਼ਤਿਆਂ ਦੀ ਕਦਰ ਸੀ, ਖੇਡਾਂ ’ਚ ਖੁਸ਼ੀ ਸੀ ਅਤੇ ਜੀਵਨ ਵਿੱਚ ਸਾਦਗੀ ਸੀ। ਅਸਲ ਖੁਸ਼ੀ ਨਾ ਤਾਂ ਮੋਬਾਈਲ ਦੀ ਸਕਰੀਨ ’ਚ ਹੈ ਅਤੇ ਨਾ ਹੀ ਵਰਚੁਅਲ ਦੁਨੀਆ ’ਚ ਇਹ ਤਾਂ ਸੱਚੇ ਰਿਸ਼ਤਿਆਂ, ਪਿਆਰ ਤੇ ਸਾਦਗੀ ਭਰੀ ਜ਼ਿੰਦਗੀ ’ਚ ਹੀ ਵੱਸਦੀ ਹੈ।