ਮੁਫ਼ਤ ਮੈਡੀਕਲ ਕੈਂਪ ਲਾਇਆ
ਮੱਸਿਆ ਦੇ ਦਿਹਾੜੇ ਲਗਾਇਆ ਫ੍ਰੀ ਮੈਡੀਕਲ ਕੈਂਪ
Publish Date: Fri, 17 Apr 2026 08:33 PM (IST)
Updated Date: Fri, 17 Apr 2026 08:36 PM (IST)

ਫਗਵਾੜਾ : ਸ੍ਰੀ ਗੁਰੂ ਅਮਰਦਾਸ ਸੇਵਾ ਸੁਸਾਇਟੀ ਚੈਰੀਟੇਬਲ ਡਿਸਪੈਂਸਰੀ ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ ਕਮਰਾ ਨੰਬਰ 8 ਵਿੱਚ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਹ ਕੈਂਪ ਸਵੇਰੇ 10 ਤੋਂ 2 ਵਜੇ ਤਕ ਲਾਇਆ ਗਿਆ ਜਿੱਥੇ ਮਾਹਿਰ ਡਾਕਟਰਾਂ ਨੇ ਮਰੀਜ਼ਾਂ ਦਾ ਚੈੱਕਅਪ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਹਰੇਕ ਮਹੀਨੇ ਦੀ ਤਰ੍ਹਾਂ ਮੱਸਿਆ ਦੇ ਦਿਹਾੜੇ ’ਤੇ ਲੜੀਵਾਰ ਮੁਫ਼ਤ ਕੈਂਪ ਲਾਇਆ ਗਿਆ। ਜਿਸ ਵਿੱਚ 160 ਤੋਂ ਵੀ ਜ਼ਿਆਦਾ ਮਰੀਜ਼ਾਂ ਨੇ ਆਪਣਾ ਚੈੱਕਅਪ ਕਰਵਾ ਕੇ ਮੁਫ਼ਤ ਦਵਾਈਆਂ ਲਈਆਂ। ਇਸ ਕੈਂਪ ਵਿੱਚ ਜਨਰਲ ਬਿਮਾਰੀਆਂ ਦੇ ਡਾ. ਰਮੇਸ਼ ਅਤੇ ਸਹਾਇਕ ਗੁਰਪ੍ਰੀਤ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਮੈਨੇਜਰ ਨਰਿੰਦਰ ਸਿੰਘ ਅਤੇ ਪ੍ਰਧਾਨ ਇੰਸਪੈਕਟਰ ਗੁਲਜ਼ਾਰ ਸਿੰਘ ਨੇ ਆਏ ਹੋਏ ਡਕਟਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਇੰਸਪੈਕਟਰ ਗੁਲਜ਼ਾਰ ਸਿੰਘ ਨੇ ਦੱਸਿਆ ਕਿ ਇਸ ਮੁਫ਼ਤ ਕੈਂਪ ਨਾਲ ਗੁਰਦੁਆਰਾ ਸਾਹਿਬ ਨਾਲ ਲੱਗਦੇ 15 ਕਿਲੋਮੀਟਰ ਤੱਕ ਦੇ ਪਿੰਡਾਂ ਦੇ ਲੋਕਾਂ ਨੂੰ ਫਾਇਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੱਸਿਆ ਦੇ ਦਿਹਾੜੇ ਮੌਕੇ ਗੁਰੂ ਘਰ ਆਈਆਂ ਸੰਗਤਾਂ ਮੁਫ਼ਤ ਕੈਂਪ ਤੋਂ ਬਿਮਾਰੀਆਂ ਦਾ ਚੈੱਕਅਪ ਕਰਵਾ ਕੇ ਮੁਫ਼ਤ ਦਵਾਈਆਂ ਵੀ ਲੈ ਲੈਂਦੀਂਆਂ ਹਨ। ਇਸ ਮੌਕੇ ਪ੍ਰਧਾਨ ਇੰਸਪੈਕਟਰ ਗੁਲਜ਼ਾਰ ਸਿੰਘ, ਮੈਨੇਜਰ ਨਰਿੰਦਰ ਸਿੰਘ, ਕਥਾ ਵਾਚਕ ਭਾਈ ਜੈਦੀਪ ਸਿੰਘ, ਚੇਅਰਮੈਨ ਅਮਰੀਕ ਸਿੰਘ ਸੈਣੀ ਸਾਬਕਾ ਐੱਸਡੀਓ, ਕੁਲਦੀਪ ਸਿੰਘ, ਕੇਵਲ ਕ੍ਰਿਸ਼ਨ, ਰਣਜੀਤ ਸਿੰਘ ਆਦਿ ਹਾਜ਼ਰ ਸਨ।