ਪਲਾਹੀ ਵਿਖੇ ਫਰੀ ਆਯੂਸ਼ ਕੈਂਪ ਕੱਲ : ਡਾ. ਸੁਨੀਤਾ
ਪਲਾਹੀ ਵਿਖੇ ਫਰੀ ਆਯੂਸ਼ ਕੈਂਪ 11 ਨੂੰ - ਡਾ. ਸੁਨੀਤਾ
Publish Date: Mon, 09 Feb 2026 06:51 PM (IST)
Updated Date: Mon, 09 Feb 2026 06:53 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਡਾਇਰੈਕਟਰ ਆਯੁਰਵੇਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਕੁਸੁਮ ਗੁਪਤਾ ਦੀ ਨਿਗਰਾਨੀ ਹੇਠ ਆਯੁਸ਼ਮਾਨ ਅਰੋਗਿਆ ਕੇਂਦਰ ਪਲਾਹੀ ਵੱਲੋਂ ਆਯੁਰਵੇਦਾ ਤੇ ਹੋਮਿਓਪੈਥੀ ਦਾ ਫਰੀ ਮੈਡੀਕਲ ਕੈਂਪ 11 ਫਰਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਗੁਰੂ ਰਵਿਦਾਸ ਜੀ ਪਲਾਹੀ ਵਿਖੇ ਲਗਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਡਾ. ਸੁਨੀਤਾ ਨੇ ਦੱਸਿਆ ਕਿ ਇਸ ਆਯੂਸ਼ ਕੈਂਪ ਵਿਚ ਲੋੜਵੰਦ ਮਰੀਜ਼ਾਂ ਦਾ ਚੈੱਕਅੱਪ ਕਰਕੇ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੇਟ ਦੇ ਰੋਗਾਂ, ਜੋੜਾਂ ਦੇ ਦਰਦ, ਚਮੜੀ ਦੇ ਰੋਗਾਂ ਤੋਂ ਇਲਾਵਾ ਮਹਿਲਾ ਰੋਗ, ਬਲੱਡ ਪ੍ਰੈਸ਼ਰ ਤੇ ਖਾਂਸੀ ਬੁਖਾਰ ਆਦਿ ਮੌਸਮੀ ਬਿਮਾਰੀਆਂ ਨਾਲ ਪੀੜਤ ਮਰੀਜ਼ ਇਸ ਕੈਂਪ ਦਾ ਭਰਪੂਰ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ ਕੈਂਪ ਵਿਚ ਆਹਾਰ-ਵਿਹਾਰ ਤੇ ਸਰੀਰਕ ਪ੍ਰਕਿਰਤੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ, ਨਾਲ ਹੀ ਯੋਗ ਤੇ ਪ੍ਰਾਣਾਯਾਮ ਦੇ ਲਾਭ ਦੱਸੇ ਜਾਣਗੇ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ।