ਜਾਨਵਰਾਂ ਦੇ ਮਾਸ ਨਾਲ ਘਿਓ ਬਣਾਉਂਦੇ ਚਾਰ ਕਾਬੂ
ਜਾਨਵਰਾਂ ਦੇ ਮਾਸ ਨਾਲ ਘਿਓ ਬਣਾਉਂਦੇ ਚਾਰ ਪੁਲਿਸ ਅੜਿਕੇ
Publish Date: Mon, 02 Mar 2026 08:59 PM (IST)
Updated Date: Mon, 02 Mar 2026 09:01 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੂਰੇ ਪੰਜਾਬ ਅੰਦਰ ਕਿਤੇ ਨਾ ਕਿਤੇ ਹੱਡਾ-ਰੋੜੀਆਂ ਦੀ ਆੜ ਵਿਚ ਜਾਨਵਰਾਂ, ਗਊਆਂ, ਅਵਾਰਾ ਪਸ਼ੂਆਂ ਨੂੰ ਮਾਰ ਕੇ ਵੇਚਣ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ। ਕੁਝ ਦਿਨ ਪਹਿਲਾਂ ਫਗਵਾੜਾ ਦੇ ਨਜ਼ਦੀਕ ਇਕ ਬੰਦ ਪਏ ਪੈਲਸ ਵਿਚ ਗਊ ਮਾਸ ਦੀ ਸਪਲਾਈ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਹੁਣ ਹਿੰਦੂ ਸੰਗਠਨਾਂ ਨੇ ਜਾਨਵਰਾਂ ਦੀ ਚਰਬੀ ਤੋਂ ਬਣਾਏ ਜਾਂਦੇ ਘਿਓ ਦਾ ਪਰਦਾਫਾਸ਼ ਕੀਤਾ। ਫਗਵਾੜਾ ਦੇ ਹਿੰਦੂ ਸੰਗਠਨਾਂ ਨੇ ਨਜ਼ਦੀਕੀ ਦੁਸਾਂਝ ਕਲਾਂ, ਕਾਲੇ ਪਿੰਡ ਵਿਚ ਹੱਡਾ-ਰੋੜੀ ’ਤੇ ਜਾਨਵਰਾਂ ਦੀ ਚਰਬੀ ਤੋਂ ਘਿਓ ਬਣਾਉਂਦੇ ਚਾਰ ਵਿਅਕਤੀਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ। ਸਾਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਦੇ ਸ਼ਹਿਰੀ ਪ੍ਰਧਾਨ ਹਰਸ਼ ਭੱਲਾ ਨੇ ਦੱਸਿਆ ਕਿ ਸੰਯੁਕਤ ਗਊ ਰਕਸ਼ਾ ਦਲ ਦੇ ਕੌਮੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਦੁਸਾਂਝ ਕਲਾਂ ਦੇ ਕਾਲੇ ਪਿੰਡ ਨੂੰ ਜਾਂਦੇ ਹੋਏ ਰਸਤੇ ’ਤੇ ਸਥਿਤ ਹੱਡਾ-ਰੋੜੀ ਵਿਚ ਗਊ ਮਾਸ ਦੀ ਵਿਕਰੀ ਤੇ ਗਊ ਮਾਸ ਦੀ ਚਰਬੀ ਤੋਂ ਤਿਆਰ ਘਿਓ ਸਪਲਾਈ ਕੀਤਾ ਜਾਂਦਾ ਹੈ, ਜਿਸ ’ਤੇ ਉਨ੍ਹਾਂ ਨੇ ਆਪਣੇ ਸਾਥੀਆਂ ਮਨਦੀਪ ਬਖਸ਼ੀ, ਦਵਿੰਦਰ ਕੁਮਾਰ ਸ਼ਰਮਾ ਤੇ ਹੋਰ ਮੈਂਬਰਾਂ ਨਾਲ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਤਾਂ ਵੱਡੀ ਗਿਣਤੀ ਵਿਚ ਜਾਨਵਰਾਂ ਦੀਆਂ ਹੱਡੀਆਂ, ਉਨ੍ਹਾਂ ਦੀ ਖੱਲ, ਘਿਓ ਦੇ ਟੀਨ ਬਰਾਮਦ ਹੋਏ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਤੇ ਮੌਕੇ ’ਤੇ ਚੌਂਕੀ ਇੰਚਾਰਜ ਦੁਸਾਂਝ ਕਲਾਂ ਪੁੱਜੇ। ਉਨ੍ਹਾਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਚਾਰ ਮੁਲਜ਼ਮਾਂ ਸੁਲੇਮਾਨ ਪੁੱਤਰ ਮੁਹੰਮਦ ਵਾਸੀ ਬਿਹਾਰ, ਅਵਤਾਰ ਚੰਦ ਪੁੱਤਰ ਚੰਨਾ ਰਾਮ ਵਾਸੀ ਕੋਟ ਗਰੇਵਾਲ ਗੁਰਾਇਆ, ਬਿਲਾਲ ਪੁੱਤਰ ਭੂਰਾ ਵਾਸੀ ਉੱਤਰ ਪ੍ਰਦੇਸ਼, ਅਮਜਦ ਪੁੱਤਰ ਅਲੀ ਚੁੰਗੀ ਵਾਸੀ ਉੱਤਰ ਪ੍ਰਦੇਸ਼ ਨੂੰ ਕਾਬੂ ਕਰਕੇ ਉਨ੍ਹਾਂ ’ਤੇ 298, 61 (2)ਬੀਐੱਨਐੱਸ 8 ਕਾਉ ਸਲੌਟਰ ਐਕਟ 1955 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ। ਹਰਸ਼ ਭੱਲਾ ਨੇ ਦੱਸਿਆ ਕਿ ਇਹ ਪਹਿਲੀ ਘਟਨਾ ਨਹੀਂ ਵਾਪਰੀ ਹੈ ਫਗਵਾੜਾ ਸ਼ਹਿਰ ਵਿਚ, ਸ਼ਰਾਰਤੀ ਅਨਸਰ ਅਜਿਹੇ ਕੰਮਾਂ ਨੂੰ ਅੰਜਾਮ ਦਿੰਦੇ ਕਈ ਵਾਰ ਫੜੇ ਗਏ ਹਨ ਪਰ ਇਸ ਵਾਰ ਉਨ੍ਹਾਂ ’ਤੇ ਸਖਤ ਕਾਰਵਾਈ ਕਰਵਾਈ ਜਾਵੇਗੀ ਤਾਂ ਜੋ ਹੋਰ ਕੋਈ ਇਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕੇ।