ਫਗਵਾੜਾ ’ਚ 16.8 ਕਿਲੋ ਹੈਰੋਇਨ ਨਾਲ ਇਕ ਮਹਿਲਾ ਸਮੇਤ 4 ਕਾਬੂ
ਫਗਵਾੜਾ ਵਿੱਚ 16.8 ਕਿਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ, ਇੱਕ ਮਹਿਲਾ ਵੀ ਸ਼ਾਮਲ
Publish Date: Tue, 07 Apr 2026 09:46 PM (IST)
Updated Date: Tue, 07 Apr 2026 09:47 PM (IST)
ਫਗਵਾੜਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਕਪੂਰਥਲਾ ਪੁਲਿਸ ਨੇ ਪਾਕਿਸਤਾਨ ਸਮਰਥਿਤ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਕ ਮਹਿਲਾ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 16.8 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਗੱਲ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇਥੇ ਦੱਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲਾ ਦੇ ਬਲਵਿੰਦਰ ਸਿੰਘ, ਅੰਮ੍ਰਿਤਸਰ ਦੇ ਗੋਹਲਵੜ ਦੀ ਸੁਮਨਪ੍ਰੀਤ ਕੌਰ ਤੇ ਅੰਮ੍ਰਿਤਸਰ ਦੇ ਪਿੰਡ ਦੌਕੇ ਦੇ ਰਹਿਣ ਵਾਲੇ ਹਰਪਾਲ ਸਿੰਘ ਤੇ ਜਸਕਰਨਬੀਰ ਸਿੰਘ ਵਜੋਂ ਹੋਈ ਹੈ। ਹੈਰੋਇਨ ਦੀ ਬਰਾਮਦੀ ਤੋਂ ਇਲਾਵਾ, ਪੁਲਿਸ ਨੇ ਉਨ੍ਹਾਂ ਦੀ ਸਲੇਟੀ ਰੰਗ ਦੀ ਕਾਰ ਨੂੰ ਵੀ ਕਬਜ਼ੇ ਵਿਚ ਲਿਆ ਹੈ, ਜਿਸ ਵਿਚ ਉਹ ਸਫ਼ਰ ਕਰ ਰਹੇ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਨਸ਼ਾ ਤਸਕਰੀ ਪਾਕਿਸਤਾਨ ਤੇ ਦੁਬਈ ਵਿਚ ਬੈਠੇ ਹੈਂਡਲਰਾਂ ਦੇ ਇਸ਼ਾਰੇ 'ਤੇ ਚੱਲ ਰਹੀ ਸੀ। ਇਹ ਖੇਪ ਅੰਮ੍ਰਿਤਸਰ ਸਰਹੱਦੀ ਇਲਾਕੇ ਤੋਂ ਲਿਆਂਦੀ ਗਈ ਸੀ ਤੇ ਇਸਨੂੰ ਚੰਡੀਗੜ੍ਹ ਵਿਚ ਸਪਲਾਈ ਕਰਨਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਜਾਰੀ ਹੈ ਤਾਂ ਜੋ ਪੂਰੇ ਨੈੱਟਵਰਕ ਦਾ ਖੁਲਾਸਾ ਕੀਤਾ ਜਾ ਸਕੇ। ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਦੀ ਸੰਭਾਵਨਾ ਹੈ।
ਕਾਰਵਾਈ ਦੇ ਵੇਰਵੇ ਸਾਂਝੇ ਕਰਦੇ ਹੋਏ, ਸੀਨੀਅਰ ਸੁਪਰਿੰਟੈਂਡੈਂਟ ਆਫ ਪੁਲਿਸ (ਐੱਸਐੱਸਪੀ) ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਫਗਵਾੜਾ ਪੁਲਿਸ ਟੀਮਾਂ ਵੱਲੋਂ ਯੋਜਨਾਬੱਧ ਜਾਲ ਬਿਛਾਇਆ ਗਿਆ ਸੀ। “ਜਦੋਂ ਪੁਲਿਸ ਨੇ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀਆਂ ਨੇ ਭੱਜਣ ਲਈ ਪੁਲਿਸ ਪਾਰਟੀ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਤੇਜ਼ ਰਫ਼ਤਾਰ ਵਾਹਨ ਨੂੰ ਰੋਕਣ ਲਈ ਪੁਲਿਸ ਨੂੰ ਟਾਇਰਾਂ 'ਤੇ ਗੋਲੀਆਂ ਚਲਾਉਣੀਆਂ ਪਈਆਂ,”। ਉਨ੍ਹਾਂ ਇਹ ਵੀ ਕਿਹਾ ਕਿ ਬਾਅਦ ਵਿਚ ਵਾਹਨ ਦੀ ਤਲਾਸ਼ੀ ਦੌਰਾਨ 16.8 ਕਿਲੋ ਹੈਰੋਇਨ ਬਰਾਮਦ ਹੋਈ। ਇਸ ਸਬੰਧੀ ਐੱਫਆਈਆਰ ਨੰਬਰ 27 ਮਿਤੀ 07.04.2026 ਨੂੰ ਐੱਨਡੀਪੀਐੱਸ ਐਕਟ ਦੀ ਧਾਰਾ 21ਸੀ ਅਤੇ ਭਾਰਤੀ ਨਿਆ ਸੰਹਿਤਾ (ਬੀਐੱਨਐੱਸ) ਦੀ ਧਾਰਾ 111 ਹੇਠ ਥਾਣਾ ਸਦਰ ਫਗਵਾੜਾ ਵਿਚ ਦਰਜ ਕੀਤੀ ਗਈ ਹੈ।