ਧੁੰਦ, ਕੜਾਕੇ ਦੀ ਠੰਡ ਤੇ ਸੀਤ ਲਹਿਰ ਨੇ ਠਾਰੇ ਪਸ਼ੂ
ਧੁੰਦ,ਕੜਾਕੇ ਦੀ ਠੰਡ ਤੇ ਸੀਤ ਲਹਿਰ ਨੇ ਠਾਰੇ ਪਸ਼ੂ
Publish Date: Wed, 07 Jan 2026 06:43 PM (IST)
Updated Date: Thu, 08 Jan 2026 04:07 AM (IST)

ਪਸ਼ੂ ਪਾਲਕਾਂ ਦੀਆਂ ਵਧੀਆਂ ਮੁਸ਼ਕਲਾਂ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਪਿਛਲੇ ਤਕਰੀਬਨ ਇੱਕ ਮਹੀਨੇ ਤੋਂ ਪੈ ਰਹੀ ਹੱਡ ਚੀਰਵੀਂ ਠੰਡ ਧੁੰਦ ਤੇ ਠੰਡੀਆਂ ਹਵਾਵਾਂ ਨੇ ਪਸ਼ੂ ਪਾਲਕਾਂ ਦੀਆਂ ਮੁਸ਼ਕਲਾਂ ਵਿੱਚ ਭਾਰੀ ਵਾਧਾ ਕੀਤਾ ਹੋਇਆ ਹੈ। ਠੰਡ ਕਾਰਨ ਪਸ਼ੂਆਂ ਦੇ ਦੁੱਧ ਦੇਣ ਦੀ ਸਮਰੱਥਾ ਪਹਿਲਾਂ ਨਾਲੋਂ ਵੱਡੀ ਪੱਧਰ ਤੇ ਘਟ ਗਈ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਨੂੰ ਮੁੱਖ ਚਾਰੇ ਵਜੋਂ ਵਰਤੀ ਜਾਣ ਵਾਲੀ ਬਰਸੀਨ ਦੀ ਫਸਲ ਵੀ ਵੱਧ ਫੁੱਲ ਨਹੀਂ ਰਹੀ। ਪਸ਼ੂਆਂ ਦਾ ਚਾਰਾ ਕੱਟਣ ਅਤੇ ਲਿਆਉਣ ਵਿੱਚ ਵੀ ਵੱਡੀਆਂ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਇਸ ਤੋਂ ਇਲਾਵਾ ਇਹ ਠੰਡ ਅਤੇ ਧੁੰਦ ਪਸ਼ੂ ਪਾਲਕਾਂ ਲਈ ਵੀ ਵੱਡੀ ਮੁਸੀਬਤ ਬਣੀ ਹੋਈ ਹੈ। ਇਸ ਸਰਦੀ ਦੇ ਮੌਸਮ ਵਿੱਚ ਸਵੇਰੇ ਜਲਦੀ ਉੱਠ ਕੇ ਦੁੱਧ ਦੀ ਚੁਆਈ ਕਰਨੀ ਪੈਂਦੀ ਹੈ। ਠੰਡ ਅਤੇ ਸੰਘਣੀ ਧੁੰਦ ਵਿੱਚ ਸ਼ਹਿਰਾਂ ਵਿੱਚ ਦੁੱਧ ਪਾਉਣ ਜਾਣਾ ਦੋਧੀਆਂ ਲਈ ਬਹੁਤ ਔਖਾ ਹੋਇਆ ਪਿਆ ਹੈ ਜਦੋਂ ਕਿ ਧੁੰਦ ਕਾਰਨ ਵਿਜੀਬਿਲਟੀ ਜੀਰੋ ਦੇ ਬਰਾਬਰ ਹੁੰਦੀ ਹੈ, ਜਦ ਇਸ ਸਬੰਧੀ ਪਸ਼ੂ ਪਾਲਕ ਸੁਖਚੈਨ ਸਿੰਘ, ਚਰਨ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ,ਰਤਨ ਸਿੰਘ , ਲਖਵੀਰ ਸਿੰਘ ਖਿੰਡਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਕੜਾਕੇ ਦੀ ਠੰਡ ਨੇ ਉਨਾਂ ਦੇ ਕਾਰੋਬਾਰ ਨੂੰ ਵੱਡੀ ਸੱਟ ਮਾਰੀ ਹੈ। ਉਹਨਾਂ ਦੱਸਿਆ ਕਿ ਜੋ ਗਾਂ ਪਹਿਲਾਂ 15 ਤੋਂ 20 ਕਿਲੋ ਦੁੱਧ ਪ੍ਰਤੀ ਦਿਨ ਦਿੰਦੀ ਸੀ ਹੁਣ ਘਟ ਕੇ 12 ਤੋਂ 15 ਕਿਲੋ ਹੀ ਦੁੱਧ ਦੇ ਰਹੀ ਹੈ। ਇਸੇ ਤਰ੍ਹਾਂ ਜੇ ਮੱਝ ਪ੍ਰਤੀ ਦਿਨ 10 ਤੋਂ 13 ਕਿਲੋ ਦੁੱਧ ਦਿੰਦੀ ਸੀ ਹੁਣ ਉਹ ਅੱਠ ਤੋਂ 10 ਕਿਲੋ ਪ੍ਰਤੀ ਦਿਨ ਦੁੱਧ ਦੇ ਰਹੀ ਹੈ। ਧੁੱਪ ਨਾ ਨਿਕਲਣ ਕਾਰਨ ਪਸ਼ੂਆਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਅਤੇ ਦਿਨ ਰਾਤ ਪਸ਼ੂ ਇੱਕ ਹੀ ਜਗ੍ਹਾ ਤੇ ਖੜੇ ਰਹਿੰਦੇ ਹਨ ਜਿਸ ਕਾਰਨ ਪਸ਼ੂਆਂ ਥੱਲੇ ਫਰਸ਼ ਗਿੱਲਾ ਰਹਿੰਦਾ ਹੈ। ਬੇਸ਼ੱਕ ਉਨ੍ਹਾਂ ਵੱਲੋਂ ਲਗਾਤਾਰ ਤੂੜੀ ਪਰਾਲੀ ਵਗੈਰਾ ਦੀ ਸੁੱਕ ਤਾਂ ਵਿਛਾਈ ਜਾ ਰਹੀ ਹੈ ਪ੍ਰੰਤੂ ਇਹ ਫਿਰ ਵੀ ਨਾਕਾਫੀ ਹੈ। ਪਸ਼ੂਆਂ ਨੂੰ ਕੰਬਲਾ, ਝੁੱਲ ਨਾਲ ਢਕਣਾ ਪੈ ਰਿਹਾ ਹੈ ਅਤੇ ਅੱਗ ਬਾਲ ਕੇ ਪਸ਼ੂਆਂ ਨੂੰ ਠੰਡ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਛੋਟੀ ਉਮਰ ਦੇ ਕੱਟੇ ਵੱਛੇ ਨਮੂਨੀਆ ਤੇ ਡਾਇਰੀਆ ਦਾ ਸ਼ਿਕਾਰ ਹੋ ਰਹੇ ਹਨ। ਵੱਡੇ ਪਸ਼ੂ ਵੀ ਆਮ ਨਾਲੋਂ ਵਧੇਰੇ ਬਿਮਾਰ ਹੋ ਰਹੇ ਹਨ ਜਿਸ ਨਾਲ ਪਸ਼ੂ ਪਾਲਕਾਂ ਨੂੰ ਹੋਰ ਵੀ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਸੂ ਦੇ ਬਿਮਾਰ ਹੋਣ ’ਤੇ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ ਚੱਲ ਰਹੇ ਠੰਡ ਦੇ ਮੌਸਮ ਸਬੰਧੀ ਡਾਕਟਰ ਜਸਕੀਰਤ ਸਿੰਘ ਵੈਟਰਨਰੀ ਅਫਸਰ ਸਿਵਲ ਵੈਟਰਨਰੀ ਹਸਪਤਾਲ ਟਿੱਬਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸਰਦੀਆਂ ਦੇ ਮੌਸਮ ਵਿੱਚ ਪਸ਼ੂਆਂ ਨੂੰ 20 ਫੀਸਦੀ ਵਧੇਰੇ ਖੁਰਾਕ ਦੀ ਲੋੜ ਹੁੰਦੀ ਹੈ ਤੇ ਰਾਸ਼ਨ ਵਿੱਚ 40 ਫੀਸਦੀ ਦਾਣਾ, 32 ਫੀਸਦੀ ਤੇਲ, 2 ਪ੍ਰਤੀਸ਼ਤ ਮਿਨਰਲ ਮਿਕਚਰ ਤੇ 1 ਫੀਸਦੀ ਨਮਕ ਹੋਣਾ ਚਾਹੀਦਾ ਹੈ। ਵੱਡੇ ਪਸ਼ੂਆਂ ਨੂੰ ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਹਰ ਹਫਤੇ 150 ਤੋਂ 200 ਗ੍ਰਾਮ ਗੁੜ ਤੇ ਛੋਟੇ ਪਸ਼ੂਆਂ ਨੂੰ 50 ਤੋਂ 100 ਗ੍ਰਾਮ ਗੁੜ ਜਰੂਰ ਦੇਣਾ ਚਾਹੀਦਾ ਹੈ ਕਿਉਂਕਿ ਗੁੜ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਆਇਰਨ ਦੇ ਖੁਰਾਕੀ ਤੱਤ ਹੁੰਦੇ ਹਨ। ਪਸ਼ੂਆਂ ਨੂੰ ਹਮੇਸ਼ਾ ਤਾਜ਼ਾ ਜਾਂ ਕੋਸਾ ਪਾਣੀ ਪਿਆਓ ਤੇ ਫਰਸ਼ ਧੋਣ ਲਈ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕੀਤੀ ਜਾਵੇ। ਕਮਰਿਆਂ ਦੇ ਦਰਵਾਜੇ ਅਤੇ ਖਿੜਕੀਆਂ ਬੰਦ ਰੱਖੀਆਂ ਜਾਣ। ਧੁੱਪ ਨਿਕਲਣ ਤੇ ਹੀ ਪਸ਼ੂਆਂ ਨੂੰ ਬਾਹਰ ਕੱਢਿਆ ਜਾਵੇ। ਠੰਡ ਦੇ ਮੌਸਮ ਵਿੱਚ ਪਸ਼ੂਆਂ ਨੂੰ ਨਹਾਇਆ ਨਾ ਜਾਵੇ ਤੇ ਪਸ਼ੂਆਂ ਦੇ ਫਰਸ਼ ਤੇ ਤੂੜੀ ਜਾਂ ਪਰਾਲੀ ਦੀ ਮੋਟੀ ਤੈਅ ਵਿਛਾਈ ਜਾਵੇ। ਕੋਠੇ ਵਿੱਚ ਕਦੇ ਵੀ ਪਸ਼ੂਆਂ ਨੂੰ ਧੂੰਆਂ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਪਸ਼ੂਆਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਪਸ਼ੂਆਂ ਨੂੰ ਠੰਡ ਤੋਂ ਬਚਾਉਣ ਲਈ ਕੰਬਲ ਜਾਂ ਬੋਰੀਆਂ ਦੇ ਝੁੱਲ ਪਾਉਣੇ ਚਾਹੀਦੇ ਹਨ। ਪਸ਼ੂਆਂ ਨੂੰ ਮੂੰਹ-ਖੁਰ ਦੀ ਬਿਮਾਰੀ ਦੇ ਟੀਕੇ ਲਗਵਾਏ ਜਾਣ। ਜੇਕਰ ਪਸ਼ੂ ਬਿਮਾਰ ਹੋ ਜਾਵੇ ਤਾਂ ਕਿਸੇ ਪ੍ਰਕਾਰ ਦਾ ਓਹੜ ਪੋਹੜ ਨਾ ਕੀਤਾ ਜਾਵੇ ਤੇ ਨਾ ਹੀ ਬਗੈਰ ਡਾਕਟਰ ਦੀ ਸਲਾਹ ਦੇ ਕੋਈ ਦਵਾਈ ਦਿੱਤੀ ਜਾਵੇ। ਇਸ ਸਬੰਧੀ ਤੁਰੰਤ ਨਜ਼ਦੀਕ ਦੇ ਪਸ਼ੂ ਹਸਪਤਾਲ ਜਾ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ।