- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੁੰਦ–ਕੋਹਰਾ ਸਰਦ ਰੁੱਤ ਦੀਆਂ ਸਬਜ਼ੀਆਂ ਲਈ ਵੱਡਾ ਖ਼ਤਰਾ, ਬਿਮਾਰੀਆਂ ਨਾਲ ਪੈਦਾਵਾਰ ‘ਤੇ ਪੈਂਦਾ ਭਾਰੀ ਅਸਰ : ਰਣਜੀਤ ਸਿੰਘ ਥਿੰਦ

ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਸਰਦ ਰੁੱਤ ਵਿਚ ਪੈਂਦੀ ਧੁੰਦ ਅਤੇ ਕੋਹਰਾ ਸਬਜ਼ੀ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਵੱਡੀ ਚੁਣੌਤੀ ਬਣ ਜਾਂਦਾ ਹੈ। ਲੰਮੇ ਸਮੇਂ ਤੱਕ ਨਮੀ ਰਹਿਣ, ਧੁੱਪ ਦੀ ਕਮੀ ਅਤੇ ਠੰਢੀ ਹਵਾ ਕਾਰਨ ਸਬਜ਼ੀਆਂ ਦੀ ਵਾਧਾ ਦਰ ਘਟਦੀ ਹੈ ਅਤੇ ਫ਼ਸਲਾਂ ’ਚ ਫੰਗਸ ਤੇ ਬੈਕਟੀਰੀਆ ਨਾਲ ਸਬੰਧਤ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ।
ਡਾ. ਐੱਚਪੀਐੱਸ ਭਰੋਤ, ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਮੁਤਾਬਕ ਇਸ ਵਾਰ ਕਣਕ ਬਿਮਾਰੀ ਤੋਂ ਬਚੀ ਹੋਈ ਹੈ ਤੇ ਜੇਕਰ ਫਿਰ ਵੀ ਕਿਸੇ ਕਿਸਾਨ ਕੋਲੋਂ ਕਣਕ ਨੂੰ ਪਾਣੀ ਵਧ ਲੱਗ ਗਿਆ ਹੈ ਤਾਂ ਉਸਦੀ ਨਿਕਾਸੀ ਕੀਤੀ ਜਾਵੇ ਅਤੇ ਜੇਕਰ ਕਿਸੇ ਕਿਸਾਨ ਦੀ ਕਣਕ ’ਤੇ ਪੀਲਾਪਨ ਨਜ਼ਰ ਆਉਂਦਾ ਹੈ ਤਾਂ ਇਹ ਨਾਈਟ੍ਰੋਜਨ ਦੀ ਕਮੀ ਕਾਰਨ ਹੋ ਸਕਦਾ ਹੈ ਤੇ ਉਹ 3 ਕਿੱਲੋ ਯੂਰੀਆ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਉਸਦਾ ਸਪਰੇਅ ਕਰਨ।
ਡਾ. ਮਨਪ੍ਰੀਤ ਕੌਰ, ਐੱਚਡੀਓ ਬਾਗਬਾਨੀ ਵਿਭਾਗ ਕਪੂਰਥਲਾ ਨੇ ਸਬਜ਼ੀਆਂ ਸਬੰਧੀ ਬਿਮਾਰੀਆਂ ਬਾਰੇ ਗੱਲ ਕਰਦਿਆਂ ਹੋਇਆਂ ਦੱਸਿਆ ਕਿ ਇਸ ਨਾਲ ਪੱਤਿਆਂ ਦੀ ਗੁਣਵੱਤਾ, ਫਲਾਂ ਦੀ ਸੈਟਿੰਗ ਅਤੇ ਕੁੱਲ ਪੈਦਾਵਾਰ ‘ਤੇ ਸਿੱਧਾ ਅਸਰ ਪੈਂਦਾ ਹੈ ਤੇ ਮੇਥੀ, ਸਰੋਂ, ਗਾਜਰ, ਮੂਲੀ, ਫੁੱਲਗੋਭੀ, ਬੰਦਗੋਭੀ, ਟਮਾਟਰ, ਮਟਰ, ਸ਼ਿਮਲਾ ਮਿਰਚਾਂ ਅਤੇ ਪਿਆਜ਼ ਵਰਗੀਆਂ ਸਰਦ ਰੁੱਤ ਦੀਆਂ ਸਬਜ਼ੀਆਂ ਧੁੰਦ ਅਤੇ ਕੋਹਰੇ ‘ਚ ਵੱਧ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਇਹ ਧੁੰਦ ਅਤੇ ਕੋਹਰੇ ਕਾਰਨ ਵੱਧ ਪ੍ਰਭਾਵਿਤ ਹੁੰਦਿਆਂ ਹਨ। ਧੁੰਦ ਨਾਲ ਨਮੀ 90% ਤੋਂ ਉੱਪਰ ਰਹਿੰਦੀ ਹੈ, ਧੁੱਪ ਘੱਟ ਮਿਲਦੀ ਹੈ ਤੇ ਰਾਤ ਦਾ ਤਾਪਮਾਨ ਡਿੱਗਦਾ ਹੈ। ਇਹ ਹਾਲਾਤ ਫੰਗਸ ਲਈ ਅਨੂਕੂਲ ਬਣਦੇ ਹਨ। ਖੇਤ ‘ਚ ਹਵਾ ਦੀ ਆਵਾਜਾਈ ਘੱਟ ਹੋਵੇ ਤਾਂ ਬਿਮਾਰੀ ਹੋਰ ਫੈਲਦੀ ਹੈ। ਉਨ੍ਹਾਂ ਕਿਹਾ ਕਿ ਨਿਯਮਤ ਨਿਗਰਾਨੀ ਕਰਦਿਆਂ ਸ਼ੁਰੂਆਤੀ ਲੱਛਣ ਵੇਖਦਿਆਂ ਹੀ ਕਾਰਵਾਈ ਕਰੋ ਅਤੇ ਦਵਾਈਆਂ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਪਾਓ। ਉਨ੍ਹਾਂ ਕਿਹਾ ਕਿ ਫੰਗਲ ਬਿਮਾਰੀਆਂ ਲਈ ਮੈਨਕੋਜ਼ੈਬ, ਕਲੋਰੋਥੈਲੋਨਿਲ, ਕਾਪਰ ਆਕਸੀਕਲੋਰਾਈਡ ਵਰਗੇ ਸੰਪਰਕ ਫੰਗੀਸਾਈਡ ਤੇ ਗੰਭੀਰ ਹਾਲਤ ’ਚ ਮੈਟਾਲੈਕਸਿਲ ਮੈਨਕੋਜ਼ੈਬ ਜਾਂ ਏਜ਼ੋਕਸੀਸਟ੍ਰੋਬਿਨ ਦੀ ਵਰਤੋਂ ਕਰੋ। ਪਾਊਡਰੀ ਮਿਲਡਿਊ ਲਈ ਗੰਧਕ (ਸਲਫ਼ਰ) ਅਧਾਰਿਤ ਦਵਾਈਆਂ ਤੇ ਬੈਕਟੀਰੀਅਲ ਸਮੱਸਿਆ ਲਈ ਕਾਪਰ ਅਧਾਰਿਤ ਸਪਰੇਅ ਕਰੋ।
ਸਰਦ ਰੁੱਤ ਦੀਆਂ ਆਮ ਬਿਮਾਰੀਆਂ
ਡਾਊਨੀ ਮਿਲਡਿਊ : ਪੱਤਿਆਂ ਦੇ ਹੇਠਾਂ ਸਫ਼ੈਦ/ਸਲੇਟੀ ਪਰਤ, ਪੱਤੇ ਪੀਲੇ ਪੈ ਕੇ ਸੁੱਕਦੇ ਹਨ।
ਪਾਊਡਰੀ ਮਿਲਡਿਊ : ਪੱਤਿਆਂ ’ਤੇ ਚਿੱਟੀ ਧੂੜ ਵਰਗੀ ਪਰਤ।
ਲੀਫ਼ ਬਲਾਈਟ/ਸਪਾਟ : ਭੂਰੇ ਜਾਂ ਕਾਲੇ ਦਾਗ, ਪੱਤਿਆਂ ਦੀ ਸੜਨ।
ਬੈਕਟੀਰੀਅਲ ਸੜਨ : ਤਣਿਆਂ/ਫਲਾਂ ‘ਚ ਗਿੱਲੀ ਸੜਨ, ਬਦਬੂ।
ਰਸਟ (ਜੰਗ): ਪੱਤਿਆਂ ‘ਤੇ ਜੰਗੀ ਰੰਗ ਦੇ ਦਾਣੇ।
ਸਬਜ਼ੀਆਂ ਨੂੰ ਧੁੰਦ ਅਤੇ ਕੋਹਰੇ ਤੋ ਬਚਾਉਣ ਦਾ ਤਰੀਕਾ
ਖੇਤ ਦੀ ਸਫ਼ਾਈ : ਪੁਰਾਣੇ/ਬਿਮਾਰ ਪੱਤੇ ਤੁਰੰਤ ਹਟਾਓ
ਹਵਾ ਦੀ ਆਵਾਜਾਈ : ਬੇਹੱਦ ਸੰਘਣੀ ਬਿਜਾਈ ਤੋਂ ਬਚੋ, ਨਿਕਾਸੀ ਠੀਕ ਰੱਖੋ
ਸਿੰਚਾਈ ਸੰਭਾਲ : ਸਵੇਰੇ ਹਲਕੀ ਸਿੰਚਾਈ, ਸ਼ਾਮ/ਰਾਤ ਨੂੰ ਪਾਣੀ ਨਾ ਦੇਵੋ
ਪੋਸ਼ਣ ਸੰਤੁਲਨ : ਨਾਈਟ੍ਰੋਜਨ ਹੱਦ ਤੋਂ ਵੱਧ ਨਾ ਪਾਓ, ਪੋਟਾਸ਼ ਅਤੇ ਕੈਲਸ਼ੀਅਮ ਮਜ਼ਬੂਤੀ ਵਧਾਉਂਦੇ ਹਨ
ਮਲਚਿੰਗ/ਲੋ ਟਨਲ : ਨਮੀ ਕੰਟਰੋਲ ਤੇ ਠੰਢ ਤੋਂ ਬਚਾਅ।
ਇਸ ਸਬੰਧੀ ਕਿਸਾਨ ਰਣਜੀਤ ਸਿੰਘ ਥਿੰਦ ਅਤੇ ਸੁਰਜੀਤ ਸਿੰਘ ਵਾਸੀ ਬੂਲਪੁਰ ਨੇ ਕਿਹਾ ਹੈ ਕਿ ਮਾਤਰਾ ਅਤੇ ਅੰਤਰਾਲ ਸਥਾਨਕ ਖੇਤੀਬਾੜੀ ਅਧਿਕਾਰੀਆਂ ਦੀ ਸਲਾਹ ਨਾਲ ਹੀ ਰੱਖੋ ਤੇ ਜਿਵੇ ਖੇਤੀਬਾੜੀ ਵਿਗਿਆਨੀ ਦੱਸਦੇ ਹਨ ਕਿ “ਧੁੰਦ–ਕੋਹਰੇ ‘ਚ ਰੋਕਥਾਮ ਇਲਾਜ ਤੋਂ ਬਿਹਤਰ ਹੈ। ਖੇਤ ‘ਚ ਹਵਾ ਦੀ ਆਵਾਜਾਈ ਅਤੇ ਸਹੀ ਸਿੰਚਾਈ 50% ਤੱਕ ਨੁਕਸਾਨ ਘਟਾ ਸਕਦੀ ਹੈ।”ਪ੍ਰਸਿੱਧ ਕਿਸਾਨ ਰਣਜੀਤ ਸਿੰਘ ਥਿੰਦ ਵਾਸੀ ਬੂਲਪੁਰ ਤਜਰਬੇਕਾਰ ਕਿਸਾਨਾਂ ਦੇ ਅਨੁਭਵ ਅਨੁਸਾਰ “ਸਵੇਰੇ ਧੁੱਪ ਨਿਕਲਦਿਆਂ ਹੀ ਹਲਕੀ ਸਿੰਚਾਈ ਅਤੇ ਹਫ਼ਤਾਵਾਰੀ ਨਿਗਰਾਨੀ ਨਾਲ ਬਿਮਾਰੀਆਂ ਕਾਬੂ ‘ਚ ਰਹਿੰਦੀਆਂ ਹਨ। ਮਲਚਿੰਗ ਨਾਲ ਪੱਤੇ ਸੁੱਕੇ ਰਹਿੰਦੇ ਹਨ, ਜਿਸ ਨਾਲ ਫੰਗਸ ਘੱਟ ਫੈਲਦਾ ਹੈ।” ਉਨ੍ਹਾਂ ਕਿਹਾ ਕਿ ਧੁੰਦ ਅਤੇ ਕੋਹਰਾ ਸਰਦ ਰੁੱਤ ਦੀਆਂ ਸਬਜ਼ੀਆਂ ਲਈ ਖ਼ਤਰਨਾਕ ਹਨ, ਪਰ ਸਹੀ ਪ੍ਰਬੰਧਨ, ਸਮੇਂ ਸਿਰ ਸਪਰੇਅ ਅਤੇ ਮਾਹਿਰਾਂ ਦੀ ਸਲਾਹ ਨਾਲ ਨੁਕਸਾਨ ਘਟਾਇਆ ਜਾ ਸਕਦਾ ਹੈ। ਕਿਸਾਨ ਜੇ ਸਾਵਧਾਨੀ ਅਪਣਾਉਣ ਤਾਂ ਪੈਦਾਵਾਰ ਤੇ ਗੁਣਵੱਤਾ ਦੋਵੇਂ ਬਚਾਈਆਂ ਜਾ ਸਕਦੀਆਂ ਹਨ।