ਸ਼ਾਰਟ ਸਰਕਟ ਨਾਲ ਲੱਗੀ ਅੱਗ, 3 ਏਕੜ ਫ਼ਸਲ ਸੜੀ
ਸ਼ਾਰਟ ਸਰਕਟ ਨਾਲ ਲੱਗੀ ਅੱਗ, 3 ਏਕੜ ਕਣਕ ਦੀ ਫ਼ਸਲ ਸੜੀ, ਕਿਸਾਨ ਦਾ ਹੋਇਆ ਭਾਰੀ ਨੁਕਸਾਨ
Publish Date: Wed, 22 Apr 2026 09:12 PM (IST)
Updated Date: Thu, 23 Apr 2026 04:10 AM (IST)

ਕੈਪਸ਼ਨ : 22ਕੇਪੀਟੀ36 ਕਿਸਾਨ ਸੁਖਵਿੰਦਰ ਸਿੰਘ ਸਾਥੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ । ਕੈਪਸ਼ਨ : 22ਕੇਪੀਟੀ37 ਅੱਗ ਨਾਲ ਸੜ ਕੇ ਸੁਆਹ ਹੋਈ ਕਣਕ ਦੀ ਫਸਲ ਵਾਲਾ ਖੇਤ । * ਕਿਸਾਨ ਦਾ ਹੋਇਆ ਭਾਰੀ ਨੁਕਸਾਨ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਕਰਮਜੀਤਪੁਰ ਰੋਡ ਤੇ ਬੁੱਧਵਾਰ ਨੂੰ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇਕ ਟਰਾਂਸਫਾਰਮਰ ’ਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਖੇਤਾਂ ’ਚ ਖੜ੍ਹੀ ਕਣਕ ਦੀ ਫ਼ਸਲਾਂ ਨੂੰ ਅੱਗ ਲੱਗ ਗਈ। ਚੰਗਿਆੜੀਆਂ ਤੋਂ ਪੈਦਾ ਹੋਈ ਅੱਗ ਮਿੰਟਾਂ ’ਚ ਹੀ ਤੇਜ਼ ਹੋ ਗਈ, ਜਿਸ ਨੇ ਆਲੇ-ਦੁਆਲੇ ਦੇ ਖੇਤਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਇਸ ਘਟਨਾ ਨੇ ਇਲਾਕੇ ’ਚ ਹਫੜਾ-ਦਫੜੀ ਤੇ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ। ਚਸ਼ਮਦੀਦਾਂ ਅਨੁਸਾਰ, ਟਰਾਂਸਫਾਰਮਰ ’ਚੋਂ ਨਿਕਲਦੀਆਂ ਚੰਗਿਆੜੀਆਂ ਨੇ ਤੁਰੰਤ ਸੁੱਕੀਆਂ ਫ਼ਸਲਾਂ ਨੂੰ ਅੱਗ ਲਗਾ ਦਿੱਤੀ। ਤੇਜ਼ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਤੇ ਕੁਝ ਹੀ ਪਲਾਂ ’ਚ ਲਗਪਗ 3 ਏਕੜ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਪ੍ਰਭਾਵਿਤ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮਾਛੀਜੋਆ ਨੇ ਦੱਸਿਆ ਕਿ ਉਸ ਨੇ ਠੇਕੇ ’ਤੇ ਲਈ ਗਈ ਜ਼ਮੀਨ ਤੇ ਕਣਕ ਦੀ ਕਾਸ਼ਤ ਕੀਤੀ ਸੀ, ਜਿਸ ਲਈ ਉਹ ਪ੍ਰਤੀ ਏਕੜ ₹58,000 ਦੇ ਇਕਰਾਰਨਾਮੇ ਦੀ ਦਰ ਠੇਕਾ ਅਦਾ ਕਰ ਰਿਹਾ ਸੀ। ਫ਼ਸਲ ਵਾਢੀ ਦੇ ਕੰਢੇ ਤੇ ਸੀ, ਪਰ ਇਸ ਅਚਾਨਕ ਆਈ ਆਫ਼ਤ ਨੇ ਉਸ ਦੀਆਂ ਸਾਰੀਆਂ ਮਿਹਨਤਾਂ ਅਤੇ ਉਮੀਦਾਂ ਤੇ ਪਾਣੀ ਫੇਰ ਦਿੱਤਾ। ਉਸਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗੀ, ਉਸਨੇ ਅਤੇ ਗੁਆਂਢੀ ਕਿਸਾਨਾਂ ਨੇ ਆਪਣੇ ਆਪ ਅੱਗ ਬੁਝਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਉਹ ਅੱਗ ਦੀ ਤੀਬਰਤਾ ਦੇ ਸਾਹਮਣੇ ਬੇਵੱਸ ਸਾਬਤ ਹੋਏ। ਘਟਨਾ ਬਾਰੇ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ, ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ ਅਤੇ ਸਖ਼ਤ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ । ਹਾਲਾਂਕਿ, ਉਦੋਂ ਤੱਕ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਦੁਖਾਂਤ ਕਾਰਨ ਕਿਸਾਨ ਨੂੰ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ, ਇਲਾਕੇ ਦੇ ਕਿਸਾਨਾਂ ਵਿੱਚ ਚਿੰਤਾ ਅਤੇ ਰੋਸ ਦਾ ਮਾਹੌਲ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ, ਜਿਸ ਕਾਰਨ ਉਨ੍ਹਾਂ ਦੀ ਮਿਹਨਤ ਤੇ ਫ਼ਸਲ ਬਰਬਾਦ ਹੋ ਰਹੀ ਹੈ। ਪ੍ਰਭਾਵਿਤ ਕਿਸਾਨ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੁਕਸਾਨ ਦੀ ਹੱਦ ਦਾ ਸਹੀ ਮੁਲਾਂਕਣ ਕਰਨ ਤੇ ਉਸਨੂੰ ਜਲਦੀ ਢੁਕਵਾਂ ਮੁਆਵਜ਼ਾ ਦੇਣ ਲਈ ਮੌਕੇ ਤੇ ਹੀ ਗਿਰਦਾਵਰੀ ਕੀਤੀ ਜਾਵੇ।