ਹੋਟਲ ਦੀ ਕਿਚਨ ’ਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
ਕਪੂਰਥਲਾ ਦੇ ਵੱਡੇ ਹੋਟਲ ਦੀ ਕਿਚਨ ਵਿੱਚ ਲੱਗੀ ਅੱਗ, ਲੱਖਾਂ ਦਾ ਨੁਕਸਾਨ
Publish Date: Wed, 22 Apr 2026 08:04 PM (IST)
Updated Date: Thu, 23 Apr 2026 04:08 AM (IST)
ਕੈਪਸ਼ਨ: 22ਕੇਪੀਟੀ11, 12, 13
ਹੋਟਲ ਵਿਚ ਲੱਗੀ ਅੱਗ ਕਾਰਨ ਨੁਕਸਾਨਿਆ ਗਿਆ ਕਿਚਨ ਦਾ ਸਮਾਨ, ਹੋਟਲ ਦੇ ਬਾਹਰ ਖੜ੍ਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ।
ਕੈਪਸ਼ਨ: 22ਕੇਪੀਟੀ14
ਜਾਣਕਾਰੀ ਦਿੰਦੇ ਹੋਏ ਹੋਟਲ ਦੇ ਐੱਮਡੀ ਰਾਜਿੰਦਰ ਕੌੜਾ।
ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਕਪੂਰਥਲਾ ’ਚ ਬੁੱਧਵਾਰ ਸਵੇਰੇ ਸੁਲਤਾਨਪੁਰ ਲੋਧੀ ਰੋਡ ਸਥਿਤ ਬੈਸਟ ਵੈਸਟਰਨ ਹੋਟਲ ਦੀ ਕਿਚਨ ਵਿੱਚ ਅਚਾਨਕ ਅੱਗ ਲੱਗਣ ਨਾਲ ਹੜਕੰਪ ਮਚ ਗਿਆ। ਇਸ ਹਾਦਸੇ ’ਚ ਕਰੀਬ 10 ਲੱਖ ਰੁਪਏ ਤੋਂ ਵੱਧ ਦੇ ਸਮਾਨ ਦਾ ਨੁਕਸਾਨ ਹੋਇਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ। ਫਾਇਰ ਅਧਿਕਾਰੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 11 ਮੈਂਬਰੀ ਟੀਮ ਨੇ 3 ਗੱਡੀਆਂ ਦੀ ਮਦਦ ਨਾਲ ਕਰੀਬ ਡੇਢ ਘੰਟੇ ਦੀ ਕੜੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰ ਵਿਭਾਗ ਅਨੁਸਾਰ ਸਵੇਰੇ ਕਰੀਬ 10:40 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਟੀਮ ਨੇ ਮੌਕੇ ‘ਤੇ ਪਹੁੰਚ ਕੇ ਰੈਸਕਿਊ ਓਪਰੇਸ਼ਨ ਸ਼ੁਰੂ ਕਰ ਦਿੱਤਾ। ਮੁੱਢਲੀ ਜਾਂਚ ’ਚ ਅੱਗ ਲੱਗਣ ਦਾ ਕਾਰਨ ਕਿਚਨ ਦੀ ਚਿਮਨੀ ’ਚ ਹੋਈ ਸਪਾਰਕਿੰਗ ਮੰਨੀ ਜਾ ਰਹੀ ਹੈ। ਹੋਟਲ ਦੇ ਐੱਮਡੀ ਰਾਜਿੰਦਰ ਕੌੜਾ ਨੇ ਦੱਸਿਆ ਕਿ ਸਵੇਰੇ ਕਰੀਬ 10:30 ਵਜੇ ਕਿਚਨ ਦੀ ਚਿਮਨੀ ਵਿੱਚ ਸਪਾਰਕ ਹੋਣ ਤੋਂ ਬਾਅਦ ਅਚਾਨਕ ਅੱਗ ਲੱਗ ਗਈ। ਕਰਮਚਾਰੀਆਂ ਵੱਲੋਂ ਹੋਟਲ ’ਚ ਲੱਗੇ ਫਾਇਰ ਸੇਫਟੀ ਉਪਕਰਨਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਰੀਬ 10 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਖੁਸ਼ਕਿਸਮਤੀ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।