ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 35 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੰਡੀ
ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 35 ਲੱਖ ਰੁਪਏ ਦੀ ਆਰਥਿਕ ਸਹਾਇਤਾ ਵੰਡੀ
Publish Date: Sat, 14 Feb 2026 09:13 PM (IST)
Updated Date: Sat, 14 Feb 2026 09:15 PM (IST)

--ਗੁਰਦੁਆਰਾ ਦੂਖਨਿਵਾਰਨ ਸਾਹਿਬ ਐਡਮਿੰਟਨ ਦੀਆਂ ਸੰਗਤਾਂ ਵੱਲੋਂ ਵੰਡੀ ਗਈ ਆਰਥਿਕ ਸਹਾਇਤਾ --ਵਿਦੇਸ਼ ਬੈਠੀਆਂ ਸੰਗਤਾਂ ਨੇ ਸੱਚੀ ਸੇਵਾ ਤੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ : ਰਾਣਾ ਇੰਦਰ ਪ੍ਰਤਾਪ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਸਾਲ ਆਏ ਹੜ੍ਹ ਦੇ ਕਾਰਨ ਅਜੇ ਵੀ ਲੋਕਾਂ ਦਾ ਦਰਦ ਬਰਕਰਾਰ ਹੈ ਅਤੇ ਜ਼ਖ਼ਮ ਅੱਲ੍ਹੇ ਹਨ, ਜਿਨ੍ਹਾਂ ਦਾ ਦਰਦ ਵੰਡਾਉਣ ਲਈ ਦੇਸ਼-ਵਿਦੇਸ਼ ’ਚੋਂ ਸੰਗਤਾਂ ਵੱਡੇ ਪੱਧਰ ’ਤੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਹੁਣ ਵਿਧਾਇਕ ਰਾਣਾ ਇੰਦਰ ਪ੍ਰਤਾਪ ਦੀ ਪ੍ਰੇਰਨਾ ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਐਡਮਿੰਟਨ (ਕੈਨੇਡਾ) ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਚੇਅਰਮੈਨ ਹਰਜਿੰਦਰ ਸਿੰਘ ਜੌਹਲ, ਕੈਸ਼ੀਅਰ ਸੁਖਦੇਵ ਸਿੰਘ, ਸੁਰਿੰਦਰ ਸਿੰਘ, ਜੋਗਾ ਸਿੰਘ ਨੇ ਆਪਣੀ ਟੀਮ ਦੇ ਨਾਲ ਅੱਜ 35 ਲੱਖ ਰੁਪਏ ਦੀ ਰਾਸ਼ੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡੀ ਹੈ। ਇਸ ’ਚ ਉਹ ਕਿਸਾਨ ਸ਼ਾਮਲ ਸਨ, ਜਿਨ੍ਹਾਂ ਦੀਆਂ ਫਸਲਾਂ ਹੜ੍ਹਾਂ ਦੌਰਾਨ ਬਰਬਾਦ ਹੋ ਗਈਆਂ ਸਨ। ਉਹ ਪਰਿਵਾਰ ਵੀ ਸ਼ਾਮਲ ਸਨ, ਜਿਨ੍ਹਾਂ ਦੇ ਘਰ ਤਬਾਹ ਹੋ ਗਏ ਸਨ ਤੇ ਨਾਲ ਹੀ ਇਕ ਅਪਾਹਜ ਵਿਅਕਤੀ ਤੇ ਇਕ ਬਜ਼ੁਰਗ ਮਹਿਲਾ ਨੂੰ ਵੀ ਮਦਦ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿਚ ਗੁਰਸ਼ਰਨ ਸਿੰਘ ਬੁੱਟਰ ਰੇਡੀਓ 5 .8 ਏਐੱਮ ਚਲਾਉਂਦੇ ਹਨ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਰਾਸ਼ੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਾਡੇ ਵੱਲੋਂ 30 ਲੱਖ ਰੁਪਏ ਫਿਰੋਜ਼ਪੁਰ ਜ਼ਿਲ੍ਹੇ ਚ ਵੰਡੇ ਗਏ ਹਨ, ਉਥੇ ਵੀ ਲੋਕਾਂ ਦਾ ਹੜ੍ਹਾਂ ਨਾਲ ਕਾਫੀ ਨੁਕਸਾਨ ਹੋਇਆ ਸੀ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਹੜ੍ਹ ਪੀੜਤ ਪਰਿਵਾਰਾਂ ਵੱਲੋਂ ਐੱਨਆਰਆਈ ਪੰਜਾਬੀਆਂ ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਐਡਮਿੰਟਨ ਦੀ ਸੰਸਥਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦੇਸ਼ ਬੈਠੀਆਂ ਸੰਗਤਾਂ ਨੇ ਸੱਚੀ ਸੇਵਾ ਤੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ, ਜਿਹੜੀ ਹਮੇਸ਼ਾ ਯਾਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਸੀਬਤ ਦੇ ਸਮੇਂ ਲੋੜਵੰਦਾਂ ਦੀ ਸਹਾਇਤਾ ਕਰਨਾ ਸਿੱਖ ਧਰਮ ਦੀ ਪ੍ਰੰਪਰਾ ਹੈ ਤੇ ਗੁਰਦੁਆਰਾ ਸਾਹਿਬ ਹਮੇਸ਼ਾਂ ਮਨੁੱਖਤਾ ਦੀ ਸੇਵਾ ਲਈ ਤਤਪਰ ਰਹਿੰਦੇ ਹਨ•। ਉਨ੍ਹਾਂ ਇਸ ਨੂੰ ਮਨੁੱਖਤਾ ਪ੍ਰਤੀ ਸਮਰਪਣ ਦੀ ਸ਼ਾਨਦਾਰ ਮਿਸਾਲ ਕਰਾਰ ਦਿੱਤਾ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਹੜ੍ਹਾਂ ਨੂੰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਲਾਕੇ ਦੇ ਕਾਫ਼ੀ ਪੀੜਤਾਂ ਨੂੰ ਅਜੇ ਤੱਕ ਫਸਲਾਂ ਤੇ ਘਰਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲੋਕ ਅਜੇ ਵੀ ਆਰਥਿਕ ਤੌਰ ‘ਤੇ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਪੂਰਾ ਸਰਵੇ ਕਰਵਾ ਕੇ ਹਰੇਕ ਹੜ੍ਹ ਪੀੜਤ ਪਰਿਵਾਰ ਤੱਕ ਮੁਆਵਜ਼ਾ ਪਹੁੰਚਾਇਆ ਜਾਵੇ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਮਨੁੱਖਤਾ ਦੇ ਨਾਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪੀੜਤਾਂ ਨੂੰ ਰਾਹਤ ਦਿੱਤੀ ਜਾਵੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਰਪੰਚ ਗੁਰਮੀਤ ਸਿੰਘ ਬਾਊਪੁਰ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਆੜਤੀ ਆਗੂ ਕਸ਼ਮੀਰ ਸਿੰਘ, ਮਨਦੀਪ ਸਿੰਘ, ਪੀਏ ਅਭਿਸ਼ੇਕ ਆਦਿ ਮੌਜੂਦ ਸਨ।