ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ ਪੁਰਾਤਨ ਤਿਓਹਾਰ : ਸਾਈਂ ਕਰਨੈਲ ਸ਼ਾਹ
ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ ਪੁਰਾਤਨ ਸੱਭਿਆਚਾਰ ਨਾਲ ਜੁੜੇ ਤਿਓਹਾਰ - ਸਾਂਈ ਕਰਨੈਲ ਸ਼ਾਹ
Publish Date: Tue, 13 Jan 2026 07:20 PM (IST)
Updated Date: Tue, 13 Jan 2026 07:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦਰਬਾਰ ਨੂਰ-ਏ-ਖੁਦਾ ਧੰਨ-ਧੰਨ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਵਿਖੇ ਲੋਹੜੀ ਦਾ ਪਵਿੱਤਰ ਤਿਓਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੱਦੀਨਸ਼ੀਨ ਸਾਈਂ ਕਰਨੈਲ ਸ਼ਾਹ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਲੋਹੜੀ ਦਾ ਧੂਣਾ ਬਾਲਿਆ ਗਿਆ ਤੇ ਛੋਟੀਆਂ ਬੱਚੀਆਂ ਤੇ ਮੁਟਿਆਰਾਂ ਵੱਲੋਂ ਲੋਹੜੀ ਦੇ ਗੀਤ ਗਾਏ ਗਏ। ਸਾਂਈ ਜੀ ਨੇ ਅਰਦਾਸ ਉਪਰੰਤ ਬੱਚਿਆਂ ਨੂੰ ਸ਼ਗਨ ਵਜੋਂ ਮੂੰਗਫਲੀ ਤੇ ਰਿਓੜੀਆਂ ਵੰਡੀਆਂ। ਉਨ੍ਹਾਂ ਸੰਗਤਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਡੇ ਪੁਰਾਤਨ ਸੱਭਿਆਚਾਰ ਨਾਲ ਜੁੜੇ ਤਿਓਹਾਰ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ। ਲੋਹੜੀ ਦਾ ਪਿਛੋਕੜ ਸੁੰਦਰੀ ਤੇ ਮੁੰਦਰੀ ਨਾਮ ਦੀਆਂ ਦੋ ਲੜਕੀਆਂ ਨਾਲ ਜੁੜਿਆ ਹੈ। ਇਸ ਲਈ ਲੜਕੀਆਂ ਵੱਲੋਂ ਸਮਾਜ ‘ਚ ਪਾਏ ਜਾ ਰਹੇ ਯੋਗਦਾਨ ਨੂੰ ਦੇਖਦੇ ਹੋਏ ਲੜਕੇ ਤੇ ਲੜਕੀ ‘ਚ ਫਰਕ ਨਹੀਂ ਕਰਨਾ ਚਾਹੀਦਾ। ਲੜਕੀਆਂ ਨੂੰ ਵੀ ਉੱਚ ਸਿੱਖਿਆ ਦਿਵਾ ਕੇ ਅੱਗੇ ਵੱਧਣ ਦੇ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਇਸ ਮੌਕੇ ਮਨਦੀਪ ਸਿੱਧੂ ਅਤੇ ਰਾਜਨ ਸਿੱਧੂ ਵਾਸੀ ਫਗਵਾੜਾ ਨੇ ਆਪਣੇ ਪੁੱਤਰਾਂ ਅਰਜਨ ਸਿੱਧੂ ਅਤੇ ਨਿਰਭੈਰ ਸਿੰਘ ਸਿੱਧੂ ਕੈਨੇਡਾ ਦੀ ਲੋਹੜੀ ਦਰਬਾਰ ਵਿਖੇ ਮਨਾਈ ਅਤੇ ਬੱਚਿਆਂ ਦੀ ਤੰਦਰੁਸਤੀ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਸਾਈਂ ਜੀ ਤੋਂ ਅਰਦਾਸ ਕਰਵਾਈ। ਹਾਜ਼ਰੀਨ ਸੰਗਤ ਨੂੰ ਮੂੰਗਫਲੀ, ਰਿਓੜੀਆਂ ਤੇ ਗੱਚਕ ਦਾ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।