ਸਕਾਰਪਿਓ ਸਵਾਰ 4 ਲੁਟੇਰਿਆਂ 80 ਹਜ਼ਾਰ ਤੇ ਮੋਬਾਇਲ ਲੁੱਟਿਆ
ਥਾਣਾ ਸਦਰ ਅਧੀਨ ਪੈਂਦੇ ਦੋਨਾਂ ਇਲਾਕੇ ਵਿਚ ਲੁਟੇਰਿਆਂ ਦਾ ਖੋਫ
Publish Date: Fri, 13 Feb 2026 08:54 PM (IST)
Updated Date: Fri, 13 Feb 2026 08:57 PM (IST)
-ਐੱਸਐੱਚਓ ਨੂੰ ਕੀਤੇ ਕਈ ਫੋਨ ਪਰ ਉਨ੍ਹਾਂ ਨਹੀਂ ਚੁੱਕਿਆ : ਸਿੱਧੂ
-ਥਾਣਾ ਸਦਰ ਅਧੀਨ ਪੈਂਦੇ ਦੋਨਾਂ ਇਲਾਕੇ ’ਚ ਲੁਟੇਰਿਆਂ ਦਾ ਖੌਫ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਸਿੱਧਵਾਂ ਦੋਨਾਂ : ਥਾਣਾ ਸਦਰ ਅਧੀਨ ਪੈਂਦੇ ਦੋਨਾਂ ਇਲਾਕੇ ਦੇ ਪਿੰਡਾਂ ਵਿਚ ਬੀਤੇ 2-3 ਮਹੀਨਿਆਂ ਤੋਂ ਚੋਰਾਂ ਤੇ ਲੁਟੇਰਿਆਂ ਦੇ ਹੌਂਸਲੇ ਇਸ ਤਰ੍ਹਾਂ ਬੁਲੰਦ ਹਨ ਕਿ ਉਹ ਦਿਨ-ਦਿਹਾੜੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਜਾਂਦੇ ਹਨ, ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਜਿਹੀ ਹੀ ਘਟਨਾ ਉਸ ਸਮੇਂ ਵਾਪਰੀ ਜਦੋਂ 4 ਹਥਿਆਰਬੰਦ ਲੁਟੇਰੇ ਇਕ ਵਿਅਕਤੀ ਕੋਲੋਂ ਦਾਤਰ ਦੀ ਨੋਕ ’ਤੇ ਨਗਦੀ ਤੇ ਉਸਦਾ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਲੁੱਟ ਦਾ ਸ਼ਿਕਾਰ ਹੋਏ ਪਿੰਡ ਸਿੱਧਵਾਂ ਦੋਨਾਂ ਨਿਵਾਸੀ ਤੀਰਥ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਕਰੀਬ 7 ਵਜੇ ਪਿੰਡ ਥਿੱਗਲੀ ਤੋਂ ਆਪਣੇ ਘਰ ਸਿੱਧਵਾਂ ਦੋਨਾਂ ਮੋਟਰ ਸਾਈਕਲ 'ਤੇ ਜਾ ਰਿਹਾ ਸੀ ਕਿ ਰਸਤੇ ਵਿਚ ਇਕ ਚਿੱਟੇ ਰੰਗ ਦੀ ਸਕਾਰਪਿਓ ਗੱਡੀ ਆਈ, ਜਿਸ ਵਿਚੋਂ 4 ਨੌਜਵਾਨ ਉੱਤਰੇ ਤੇ ਉਸ 'ਤੇ ਪੁੱਠੇ ਦਾਤਰਾਂ ਨਾਲ ਵਾਰ ਕੀਤਾ ਤੇ ਉਸ ਪਾਸੋਂ ਮੋਬਾਇਲ ਫੋਨ ਤੇ 80 ਹਜ਼ਾਰ ਰੁਪਏ ਦੀ ਨਗਦੀ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਉਸ ਨੇ ਆਪਣੇ ਸਾਥੀਆਂ ਨੂੰ ਘਟਨਾ ਦੀ ਸੂਚਨਾ ਦਿੱਤੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਤੇ ਹੋਰ ਪਿੰਡ ਵਾਸੀ ਮੌਕੇ 'ਤੇ ਪੁੱਜੇ।
ਇਸ ਮੌਕੇ ਦਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਕਰੀਬ 5 ਵਾਰ ਐੱਸਐੱਚਓ ਸਦਰ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਸਿੱਧੂ ਨੇ ਦੱਸਿਆ ਕਿ ਬਾਅਦ ਵਿਚ ਡੀਐੱਸਪੀ ਸਬ-ਡਿਵੀਜ਼ਨ ਸ਼ੀਤਲ ਸਿੰਘ ਨੂੰ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਉਹ ਛੁੱਟੀ 'ਤੇ ਹਨ ਪਰ ਫਿਰ ਵੀ ਮੁਲਾਜ਼ਮਾਂ ਨੂੰ ਮੌਕੇ 'ਤੇ ਭੇਜਦਾ ਹਾਂ। ਸਿੱਧੂ ਨੇ ਕਿਹਾ ਕਿ ਆਏ ਦਿਨ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਰਾਤ ਤਾਂ ਕੀ ਲੋਕ ਦਿਨ ਦੇ ਸਮੇਂ ਵੀ ਆਪਣੇ ਘਰਾਂ ਤੋਂ ਨਿਕਲਣ ’ਚ ਡਰ ਮਹਿਸੂਸ ਕਰ ਰਹੇ ਹਨ। ਦੋਨਾਂ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਉਹ ਕਈ ਵਾਰ ਥਾਣਾ ਸਦਰ ਦੇ ਐੱਸਐੱਚਓ ਨੂੰ ਕਹਿ ਚੁੱਕੇ ਹਨ ਕਿ ਇਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਂਣ ਲਈ ਉਨ੍ਹਾਂ ਦੇ ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਪਰ ਲੱਗਦਾ ਹੈ ਕਿ ਉਹ ਕਿਸੇ ਵੱਡੀ ਘਟਨਾ ਦੀ ਉਡੀਕ ਕਰ ਰਹੇ ਹਨ।