ਸੁਲਤਾਨਪੁਰ ਲੋਧੀ ’ਚ ਲੁਟੇਰਿਆਂ ਦਾ ਖੌਫ ਕਾਇਮ
ਸੁਲਤਾਨਪੁਰ ਲੋਧੀ ਵਿੱਚ ਲੁੱਟੇਰਿਆਂ ਦਾ ਖੌਫ ਕਾਇਮ
Publish Date: Thu, 26 Mar 2026 09:47 PM (IST)
Updated Date: Thu, 26 Mar 2026 09:50 PM (IST)

— ਲੱਡੂ ਵੇਚਣ ਵਾਲੇ ਨਾਲ ਕੁੱਟਮਾਰ ਕਰਕੇ ਮੋਬਾਇਲ ਤੇ ਨਕਦੀ ਖੋਹੀ -- ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸੀਸੀਟੀਵੀ ’ਚ ਹੋਏ ਕੈਦ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਇਲਾਕੇ ਵਿਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿਚ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਦਾ ਜਾ ਰਿਹਾ ਹੈ। ਤਾਜ਼ਾ ਮਾਮਲੇ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਲੱਡੂ ਵੇਚਣ ਵਾਲੇ ਸ਼ਿਵ ਸ਼ੰਕਰ ਪਾਂਡੇ ਪੁੱਤਰ ਲਾਲ ਬਹਾਦੁਰ ਪਾਂਡੇ, ਨਿਵਾਸੀ ਪਿੰਡ ਪਕੜੀ ਕਲਾਂ, ਜ਼ਿਲ੍ਹਾ ਬਹਿਰਾਇਚ (ਉੱਤਰ ਪ੍ਰਦੇਸ਼), ਜੋ ਇਸ ਸਮੇਂ ਵਾਰਡ ਨੰਬਰ 1 ਮਨਜੀਤ ਨਗਰ, ਲੋਹੀਆਂ ਖਾਸ (ਜਲੰਧਰ) ਵਿਚ ਰਹਿ ਰਿਹ ਹੈ, ਲੁਟੇਰਿਆਂ ਦਾ ਸ਼ਿਕਾਰ ਬਣ ਗਿਆ ਹੈ। ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲੇ ਸ਼ਿਵ ਸ਼ੰਕਰ ਪਾਂਡੇ ਨੇ ਦੱਸਿਆ ਕਿ ਘਟਨਾ ਬੀਤੇ ਦਿਨੀਂ ਸ਼ਾਮ ਕਰੀਬ 6:15 ਵਜੇ ਦੀ ਹੈ, ਜਦੋਂ ਉਹ ਮੁਹੱਲਾ ਅਰੋੜਾ ਰਸਤਾ, ਸੁਲਤਾਨਪੁਰ ਲੋਧੀ ਵਿਚ ਆਪਣੇ ਰੋਜ਼ਾਨਾ ਦੇ ਕੰਮ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਤਿੰਨ ਅਣਪਛਾਤੇ ਲੁਟੇਰਿਆਂ ਨੇ ਉਸਨੂੰ ਨਿਸ਼ਾਨਾ ਬਣਾਉਂਦਿਆਂ ਪਹਿਲਾਂ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਫਿਰ ਉਸ ਕੋਲੋਂ ਵੀਵੋ ਕੰਪਨੀ ਦਾ ਮੋਬਾਇਲ ਫੋਨ ਤੇ ਕਰੀਬ 1,000 ਰੁਪਏ ਦੀ ਨਗਦੀ ਖੋਹਕੇ ਫਰਾਰ ਹੋ ਗਏ। ਪੀੜਤ ਸ਼ਿਵ ਸ਼ੰਕਰ ਪਾਂਡੇ ਨੇ ਦੱਸਿਆ ਕਿ ਉਸ ਨੇ ਤੁਰੰਤ ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਸਨੀਕਾਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਇਨ੍ਹਾਂ ਵਾਰਦਾਤਾਂ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਪੈਟਰੋਲਿੰਗ ਵਧਾਈ ਜਾਵੇ ਤੇ ਲੁਟੇਰਿਆਂ ਨੂੰ ਜਲਦੀ ਤੋਂ ਜਲਦੀ ਕਾਬੂ ਕੀਤਾ ਜਾਵੇ।