ਡਡਵਿੰਡੀ ’ਚ ਪੁੱਟੀ ਸੜਕ ਬਣ ਸਕਦੀ ਹੈ ਹਾਦਸੇ ਦਾ ਕਾਰਨ
ਸਾਇਨ ਬੋਰਡ ਨਾ ਲਗਾਉਣ ਕਾਰਨ ਕਿਸੇ ਵੇਲੇ ਵੀ ਅਣਹੋਣੀ ਘਟਨਾ ਵਾਪਰਨ ਦਾ ਡਰ
Publish Date: Mon, 02 Feb 2026 09:38 PM (IST)
Updated Date: Mon, 02 Feb 2026 09:40 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਵਿਚ ਸਨਸ਼ਾਈਨ ਪਬਲਿਕ ਸਕੂਲ ਦੇ ਸਾਹਮਣੇ ਵਾਲੀ ਸੜਕ ਦੇ ਨੇੜੇ ਨਵੇਂ ਪਲਾਟ ਖਰੀਦਣ ਵਾਲਿਆਂ ਵੱਲੋਂ ਆਪਣੇ ਘਰਾਂ ਨੂੰ ਸੀਵਰੇਜ ਦੀ ਸਪਲਾਈ ਚਾਲੂ ਕਰਨ ਲਈ ਸਰਕਾਰ ਵੱਲੋਂ ਬਣਾਈ ਗਈ ਸੜਕ ਨੂੰ ਤੋੜ ਕੇ ਸੀਵਰੇਜ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੜਕ ਵਿਚ ਟੋਇਆ ਪੁੱਟ ਕੇ ਸੀਮੈਂਟ ਦੀ ਹੋਦੀ ਤਿਆਰ ਕੀਤੀ ਗਈ ਹੈ, ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਕਾਰਵਾਈ ਲਈ ਸਬੰਧਤ ਵਿਭਾਗ ਤੋਂ ਕੋਈ ਸਰਕਾਰੀ ਮਨਜ਼ੂਰੀ ਲਈ ਗਈ ਹੈ ਜਾਂ ਨਹੀਂ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਸੜਕ ਪੁੱਟਣ ਲਈ ਸਰਕਾਰੀ ਮਨਜ਼ੂਰੀ ਲਈ ਹੋਈ ਹੈ ਪਰ ਕੋਈ ਪੱਤਰ ਵਿਖਾਇਆ ਨਹੀਂ ਗਿਆ, ਜਿਸ ਨਾਲ ਇਹ ਮਾਮਲਾ ਹੋਰ ਵੀ ਸ਼ੱਕੀ ਜਾਪਦਾ ਹੈ। ਜ਼ਿਕਰਯੋਗ ਹੈ ਕਿ ਇਸ ਥਾਂ ’ਤੇ ਸਬੰਧਤ ਵਿਅਕਤੀਆਂ ਵੱਲੋਂ ਨਾ ਤਾਂ ਕੋਈ ਸਾਈਨ ਬੋਰਡ ਲਗਾਇਆ ਗਿਆ ਹੈ ਤੇ ਨਾ ਹੀ ਕੋਈ ਚੇਤਾਵਨੀ ਚਿੰਨ੍ਹ, ਜਿਸ ਕਾਰਨ ਰਾਤ ਦੇ ਹਨੇਰੇ ਵਿਚ ਆਉਣ ਜਾਣ ਵਾਲੇ ਲੋਕਾਂ ਨਾਲ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਿਨ ਵੇਲੇ ਸਰਕਾਰੀ ਸਕੂਲ ਡਡਵਿੰਡੀ ਵਿਖੇ ਆਉਣ ਜਾਣ ਵਾਲੇ ਛੋਟੇ ਬੱਚਿਆਂ ਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਬਣੀ ਹੋਈ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਪੁੱਟੀ ਹੋਈ ਸੜਕ ਵਾਲੀ ਥਾਂ ’ਤੇ ਚੇਤਾਵਨੀ ਸਾਈਨ ਬੋਰਡ ਜਾਂ ਸੁਰੱਖਿਆ ਚਿੰਨ੍ਹ ਲਗਾਏ ਜਾਣ ਤੇ ਜੇਕਰ ਬਿਨਾਂ ਮਨਜ਼ੂਰੀ ਸੜਕ ਤੋੜੀ ਗਈ ਹੈ ਤਾਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਵੀ ਸੰਭਾਵੀ ਦੁਰਘਟਨਾ ਤੋਂ ਬਚਿਆ ਜਾ ਸਕੇ।