ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ’ਤੇ ਜਾਨਲੇਵਾ ਹਮਲਾ
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ’ਤੇ ਜਾਨਲੇਵਾ ਹਮਲਾ, ਘਟਨਾ ਸੀਸੀਟੀਵੀ ਕੈਮਰੇ ’ਚ ਕੈਦ
Publish Date: Mon, 23 Mar 2026 09:32 PM (IST)
Updated Date: Mon, 23 Mar 2026 09:34 PM (IST)

ਨੌਜਵਾਨ ਗੰਭੀਰ ਜ਼ਖਮੀ ਘਟਨਾ ਸੀਸੀਟੀਵੀ ’ਚ ਕੈਦ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਥਾਨਕ ਸਦਰ ਬਜ਼ਾਰ ਵਿਚ ਪਾਣੀ ਭਰਨ ਨੂੰ ਲੈ ਕੇ ਸ਼ੁਰੂ ਹੋਇਆ ਇਕ ਛੋਟਾ ਜਿਹਾ ਵਿਵਾਦ ਅਚਾਨਕ ਖੂਨੀ ਝਗੜੇ ਵਿਚ ਤਬਦੀਲ ਹੋ ਗਿਆ। ਗੱਲ ਇਸ ਕਦਰ ਵਧ ਗਈ ਕਿ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇਕ ਨੌਜਵਾਨ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਅਜੇ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਫਰੀਦ ਸਰਾਏ ਵਜੋਂ ਹੋਈ ਹੈ। ਹਮਲੇ ਦੌਰਾਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਨੂੰ ਦੱਸਿਆ ਕਿ ਅਜੇ ਕੁਮਾਰ ਪਿਛਲੇ 4-5 ਸਾਲਾਂ ਤੋਂ ਸਾਡੀ ਦੁਕਾਨ ’ਤੇ ਕੰਮ ਕਰਦਾ ਹੈ ਤੇ ਅੱਜ ਜਦੋਂ ਅਸੀਂ ਸਵੇਰੇ ਦੁਕਾਨ ਖੋਲ੍ਹੀ ਤਾਂ ਅਜੇ ਕੁਮਾਰ ਪਾਣੀ ਭਰਨ ਲਈ ਮੰਦਰ ਦੇ ਬਾਹਰ ਗਿਆ, ਜਿਥੇ ਗੁਆਂਢੀ ਦੁਕਾਨ ’ਤੇ ਕੰਮ ਕਰਨ ਵਾਲਾ ਨੌਜਵਾਨ ਵੀ ਮੌਜੂਦ ਸੀ। ਇਨ੍ਹਾਂ ਦੀ ਆਪਸ ਵਿਚ ਬਹਿਸਬਾਜ਼ੀ ਹੋ ਗਈ ਤੇ ਉਕਤ ਨੌਜਵਾਨ ਨੇ ਅਜੇ ਕੁਮਾਰ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਦੋਂ ਅਜੇ ਕੁਮਾਰ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਜਾ ਰਿਹਾ ਸੀ, ਤਦ ਰਸਤੇ ਵਿਚ ਵੀ ਉਕਤ ਨੌਜਵਾਨ ਨੇ ਦੋ ਹੋਰ ਨੌਜਵਾਨਾਂ ਨਾਲ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਅਜੇ ਕੁਮਾਰ ਨੂੰ ਲਹੂ-ਲੁਹਾਨ ਕਰ ਦਿੱਤਾ ਤੇ ਉਸਦੇ ਸਿਰ ਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ ਹਨ। ਬਾਅਦ ਵਿਚ ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਜ਼ਖ਼ਮੀ ਨੌਜਵਾਨ ਦੀ ਮਾਤਾ ਰਾਣੋ ਨੇ ਦੋਸ਼ੀਆਂ ਦੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।