ਕਣਕ ਦੇ ਸਿੱਟਿਆਂ ਦੇ ਬਦਲੇ ਰੰਗ ਤੋਂ ਕਿਸਾਨ ਪਰੇਸ਼ਾਨ
ਕਣਕ ਦੀਆਂ ਬੱਲੀਆਂ ਦੇ ਬਦਲੇ ਰੰਗ ਤੋਂ ਕਿਸਾਨ ਚਿੰਤਿਤ
Publish Date: Sat, 14 Mar 2026 08:47 PM (IST)
Updated Date: Sat, 14 Mar 2026 08:51 PM (IST)
--ਮਾਹਿਰਾਂ ਨੇ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਦੀ ਸਲਾਹ ਦਿੱਤੀ
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅੰਦਰ ਮੌਸਮ ਵਿਚ ਲਗਾਤਾਰ ਹੋ ਰਹੀ ਤਬਦੀਲੀ ਤੇ ਜ਼ਿਆਦਾ ਗਰਮੀ ਪੈਣ ਉਪਰੰਤ ਕਣਕ ਦੀ ਫਸਲ ਦੇ ਸਿੱਟਿਆਂ ’ਤੇ ਫਿਕੇ ਜਾਮਨੀ ਰੰਗ ਦੇ ਧੱਬੇ ਨਜ਼ਰ ਆਉਣ ਉਪਰੰਤ ਕਿਸਾਨ ਪੂਰੀ ਤਰ੍ਹਾਂ ਨਾਲ ਚਿੰਤਤ ਹਨ। ਕਿਸਾਨਾਂ ਨੇ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਕੋਲ ਕਣਕ ਦੇ ਸਿੱਟਿਆਂ 'ਤੇ ਜਾਮਨੀ ਰੰਗ ਦੀ ਪਰਤ ਚੜ੍ਹਨ ਬਾਰੇ ਫਿਕਰ ਜ਼ਾਹਿਰ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ (ਪੌਦਾ ਰੋਗ) ਦੇ ਮਾਹਿਰਾਂ ਨੇ ਰਾਇ ਦਿੰਦਿਆਂ ਕਿਹਾ ਕਿ ਕਣਕ ਦੀ ਫ਼ਸਲ ਹਾਲੇ ਗੋਭ ਅਵਸਥਾ ਵਿਚ ਹੈ। ਇਸ ਪੜਾਅ 'ਤੇ ਕਿਸੇ ਰੋਗ ਦਾ ਪੈਦਾ ਹੋਣਾ ਗੰਭੀਰਤਾ ਵਾਲਾ ਵਿਸ਼ਾ ਹੁੰਦਾ ਹੈ। ਖੇਤੀ ਵਿਗਿਆਨੀਆਂ ਨੇ ਕਿਹਾ ਕਿ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਇਹ ਕੋਈ ਪੌਦਾ ਰੋਗ ਜਾਂ ਬਿਮਾਰੀ ਨਹੀਂ ਹੈ ਬਲਕਿ ਇਹ ਰੰਗ ਸਿਰਫ ਸਿੱਟਿਆਂ ਦੇ ਨੇੜੇ-ਤੇੜੇ ਹੀ ਦੇਖਿਆ ਜਾ ਰਿਹਾ ਹੈ। ਗੋਭ ਅੰਦਰ ਬਣ ਰਹੇ ਦਾਣਿਆਂ ਦੀ ਸਥਿਤੀ ਬਿਲਕੁਲ ਠੀਕ ਹੈ ਤੇ ਬਿਨਾਂ ਕਿਸੇ ਰੰਗ ਤੋਂ ਹੈ।
ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਦੀ ਸਲਾਹ
ਖੇਤੀ ਮਾਹਿਰ ਡਾ. ਜਸਪਾਲ ਸਿੰਘ ਧੰਜੂ ਨੇ ਕਿਹਾ ਕਿ ਕਣਕ ਦੀਆਂ ਵੱਖ-ਵੱਖ ਕਿਸਮਾਂ ਵਿਚ ਮੈਲੇਨਿਨ ਦਾ ਪੱਧਰ ਵੱਖ-ਵੱਖ ਹੁੰਦਾ ਹੈ, ਇਸ ਲਈ ਕਣਕ ਦੇ ਸਿੱਟਿਆਂ ’ਤੇ ਜਾਮਨੀ ਰੰਗ ਦੇ ਧੱਬੇ ਦੇਖਣ ਨੂੰ ਮਿਲਣ ਦਾ ਸਬੰਧ ਕਿਸੇ ਪੌਦਾ ਰੋਗ ਜਾਂ ਬਿਮਾਰੀ ਨਾਲ ਨਹੀਂ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਨਾਲ ਕਣਕ ਦੇ ਝਾੜ ’ਤੇ ਕੋਈ ਅਸਰ ਨਜ਼ਰ ਆਉਂਦਾ ਵਿਖਾਈ ਨਹੀਂ ਦੇ ਰਿਹਾ। ਇਸ ਦੀ ਰੋਕਥਾਮ ਲਈ ਕਿਸੇ ਪ੍ਰਕਾਰ ਦੀਆਂ ਦਵਾਈਆਂ ਦੇ ਛਿੜਕਾਅ ਦੀ ਲੋੜ ਨਹੀਂ ਹੈ। ਇਸ ਨਾਲ ਨਜਿੱਠਣ ਲਈ ਲੋੜ ਮੁਤਾਬਿਕ ਸਿੰਜਾਈ ਤੇ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ।