ਫਸਲਾਂ ’ਤੇ ਤੇਲੇ ਦੇ ਹਮਲੇ ਦਾ ਲਗਾਤਾਰ ਨਿਰੀਖਣ ਕਰਨ ਕਿਸਾਨ : ਡਾ. ਬਲਕਾਰ ਸਿੰਘ
ਫਸਲਾਂ ਤੇ ਤੇਲੇ ਦੇ ਹਮਲੇ ਦਾ ਲਗਾਤਾਰ ਨਿਰੀਖਣ ਕਰਨ ਕਿਸਾਨ- ਡਾ ਬਲਕਾਰ ਸਿੰਘ
Publish Date: Tue, 03 Mar 2026 08:34 PM (IST)
Updated Date: Tue, 03 Mar 2026 08:35 PM (IST)
ਅਮਰੀਕ ਸਿੰਘ ਮੱਲ੍ਹੀ ਪੰਜਾਬੀ ਜਾਗਰਣ
ਕਪੂਰਥਲਾ : ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਵੱਲੋਂ ਸਰੋਂ ਤੇ ਕਣਕ ਦੀ ਫ਼ਸਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਣਕ ਤੇ ਸਰੋਂ ਦੀ ਫ਼ਸਲ ਹੁਣ ਤੱਕ ਬਿਮਾਰੀਆਂ ਤੋਂ ਬਚੀ ਰਹੀ ਹੈ ਪਰ ਤਾਪਮਾਨ ਵਧਣ ਨਾਲ ਸਰੋਂ ਤੇ ਕਣਕ ਵਿਚ ਤੇਲੇ (ਐਫਿਡ) ਦੀ ਦਸਤਕ ਹੋ ਸਕਦੀ ਹੈ। ਇਹ ਰਸ ਚੂਸਣ ਵਾਲਾ ਕੀਟ ਪੱਤਿਆਂ ਤੇ ਦਾਣਿਆਂ ਵਿਚੋਂ ਰਸ ਚੂਸ ਲੈਂਦਾ ਹੈ, ਜਿਸ ਨਾਲ ਦਾਣੇ ਕਮਜ਼ੋਰ ਤੇ ਸੁੰਗੜ ਜਾਂਦੇ ਹਨ। ਇਹ ਖੇਤ ਦੇ ਬਾਹਰਲੇ ਪਾਸਿਓਂ ਹਮਲਾ ਕਰਦਾ ਹੈ। ਰੁੱਖਾਂ ਦੀ ਛਾਵੇਂ ਤੇ ਬੱਦਲਵਾਹੀ ਵਾਲੇ ਮੌਸਮ ਵਿਚ ਇਸਦਾ ਹਮਲਾ ਤੇਜ਼ ਹੋ ਜਾਂਦਾ ਹੈ। ਭਾਵੇਂ ਕਣਕ ਤੇ ਸਰੋਂ ਵਿਚ ਹਮਲਾ ਕਰਨ ਵਾਲਾ ਤੇਲਾ ਵੱਖੋ-ਵੱਖਰਾ ਹੁੰਦਾ ਹੈ ਪਰ ਸਰੋਂ ਨੇੜਲੇ ਕਣਕ ਦੇ ਖੇਤਾਂ ਵਿਚ ਇਸਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਲਈ ਖੇਤਾਂ ’ਚ ਲਗਾਤਾਰ ਗੇੜਾ ਮਾਰਦੇ ਰਹੋ ਤੇ ਜਿਵੇਂ ਹੀ ਕਣਕ ਦੇ ਇਕ ਸਿੱਟੇ ’ਤੇ ਤੇਲੇ ਦੀ ਗਿਣਤੀ ਪੰਜ ਤੋਂ ਵੱਧ ਜਾਵੇ ਤਾਂ 20 ਜੀ ਥਾਇਮੈਥਾਉਕਸਮ 25 ਡਬਲਿੳਜੀ ਪ੍ਰਤੀ ਏਕੜ ਦੀ ਸਪਰੇਅ ਕਰੋ। ਸਪਰੇਅ ਹਮੇਸ਼ਾ ਦੁਪਹਿਰ ਵੇਲੇ ਕਰੋ ਤਾਂ ਕਿ ਮਧੂਮੱਖੀਆਂ ਨੂੰ ਨੁਕਸਾਨ ਘੱਟ ਤੋਂ ਘੱਟ ਹੋਵੇ। ਹੁਣ ਕਣਕ ’ਤੇ ਕਿਸੇ ਕਿਸਮ ਦੀ ਬਿਮਾਰੀ ਆਉਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਕਿਸੇ ਹੋਰ ਉੱਲੀਨਾਸ਼ਕ ਦੀ ਸਪਰੇਅ ਦੀ ਲੋੜ ਨਹੀਂ। ਏਸੇ ਤਰਾਂ ਸਰੋਂ ਵਿਚ ਜਦੋਂ 40-50 % ਤੋਂ ਵੱਧ ਬੂਟਿਆਂ ਉੱਪਰ ਤੇਲਾ ਦਿਖਾਈ ਦੇਵੇ ਜਾਂ ਮੁੱਖ ਸ਼ਾਖਾ ਦੇ ਸਿਖਰ ’ਤੇ 50-60 ਤੇਲੇ ਦਿਖਾਈ ਦੇਣ ਤਾਂ ਥਾਇਮੀਥੋਕਮ 40 ਜੀ ਪ੍ਰਤੀ ਏਕੜ ਜਾਂ ਡਾਇਮੇਥੋਏਟ 400 ਐੱਮਐੱਲ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਜਾਵੇ।