ਚੌਕਸ ਰਹਿਣ ਕਿਸਾਨ ਕਿਤੇ ਸੁਆਹ ਨਾ ਹੋ ਜਾਵੇ ‘ਸੋਨਾ’
ਚੌਕਸ ਰਹਿਣ ਕਿਸਾਨ ਕਿਤੇ ਸੁਆਹ ਨਾ ਹੋ ਜਾਵੇ ‘ਸੋਨਾ’
Publish Date: Thu, 02 Apr 2026 09:14 PM (IST)
Updated Date: Thu, 02 Apr 2026 09:16 PM (IST)

--ਹਰ ਸਾਲ ਖੇਤਾਂ ’ਚ ਸੜ੍ਹਦੇ ਹਨ ‘ਅਰਮਾਨ’ --ਵਾਢੀ ਤੱਕ ਦਾ ਸਮਾਂ ਰਹੇਗਾ ਚਣੌਤੀਪੂਰਨ ਸੁਖਪਾਲ ਸਿੰਘ ਹੁੰਦਲ/ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਵਿਚ ਸੋਨੇ ਰੰਗੀ ਕਣਕ ਦੀ ਵਾਢੀ ਲੱਗਭਗ ਸ਼ੁਰੂ ਹੋ ਗਈ ਹੈ, ਜਿੰਨੀ ਦੇਰ ਤੱਕ ਸਾਰੀ ਕਣਕ ਕੱਟੀ ਨਹੀਂ ਜਾਂਦੀ, ਉਹ ਸਮਾਂ ਕਿਸਾਨਾਂ ਲਈ ਚਣੌਤੀਪੂਰਨ ਬਣਿਆ ਰਹਿੰਦਾ ਹੈ, ਕਿਉਂਕਿ ਚੜਦੀ ਗਰਮੀ ਦੀਆਂ ਤੇਜ਼ ਹਵਾਵਾਂ ਜਾਂ ਬਿਜਲੀ ਸ਼ਾਰਟ ਸ਼ਰਕਟ ਜਾਂ ਕਿਸੇ ਮਜ਼ਦੂਰ ਵੱਲੋਂ ਬਾਲੀ ਗਈ ਬੀੜੀ ਸਿਗਰਟ ਜਾਂ ਖਾਣਾ ਵਗੈਰਾ ਪਕਾਉਂਣ ਲਈ ਬਾਲੀ ਗਈ ਤੀਲੀ ਕਿਸਾਨਾਂ ਦੇ ਅਰਮਾਨਾਂ ਨੂੰ ਮਿੰਟਾਂ ਵਿਚ ਸਵਾਹ ਕਰ ਸਕਦੀ ਹੈ। ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਆਮ ਹੀ ਹਰ ਸਾਲ ਦੇਖੀਆਂ ਜਾ ਸਕਦੀਆਂ ਹਨ, ਜਿਸ ਨਾਲ ਪਹਿਲਾਂ ਹੀ ਆਰਥਿਕ ਬੋਝ ਹੇਠਾਂ ਦੱਬੇ ਕਿਸਾਨਾਂ ਨੂੰ ਵੱਡੀ ਸੱਟ ਵੱਜਦੀ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਅਸੀਂ ਸਰਕਾਰ ਜਾਂ ਬਿਜਲੀ ਵਿਭਾਗ ਨੂੰ ਦੋਸ਼ ਦਿੰਦੇ ਹਾਂ ਤੇ ਇਹ ਮੰਗ ਕਰਦੇ ਹਾਂ ਕਿ ਅੱਗ ਬੁਝਾਉਂਣ ਲਈ ਸਰਕਾਰੀ ਫਾਇਰ ਬ੍ਰਿਗੇਡ ਮਦਦ ਕਰੇ। ਇਸ ਕਾਰਨ ਉਨ੍ਹਾਂ ’ਤੇ ਵੱਧ ਦਬਾਅ ਰਹਿੰਦਾ ਹੈ ਪਰ ਫਿਰ ਵੀ ਕੱਚੇ ਰਾਹਾਂ, ਪਹੀਆਂ ਆਦਿ ਕਰਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਲੇਟ ਹੋ ਜਾਣਾ ਸੁਭਾਵਿਕ ਹੀ ਹੈ। ਕਿਸਾਨਾਂ ਨੂੰ ਖੁੱਦ ਇਸ ਸਮੱਸਿਆ ਦਾ ਟਾਕਰਾ ਕਰਨ ਲਈ ਤਿਆਰ ਰਹਿਣਾ ਪਵੇਗਾ ਤਾਂ ਜੋ ਉਹ ਆਪਣੀ ਲੱਖਾਂ ਰੁਪਏ ਦੀ ਫ਼ਸਲ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾ ਸਕਣ, ਇਸ ਲਈ ਕੁਝ ਕੁ ਨੁਕਤੇ ਹਨ, ਜਿਨ੍ਹਾਂ ਨਾਲ ਕਿਸਾਨ ਪਿੰਡ ਪੱਧਰ ’ਤੇ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਨ ਲਈ ਪ੍ਰਬੰਧ ਕਰ ਸਕਦੇ ਹਨ। ਭਾਵੇਂ ਖੇਤੀਬਾੜੀ ਮਾਹਿਰਾਂ ਵੱਲੋਂ ਕਣਕ ਦੀ ਕੱਟਾਈ ਤੇ ਤੂੜੀ ਬਨਾਉਣ ਤੋਂ ਬਾਅਦ ਕਿਸਾਨਾਂ ਨੂੰ ਬਚੇ ਹੋਏ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਸਮੇਂ-ਸਮੇਂ ’ਤੇ ਜਾਗਰੂਕ ਕੀਤਾ ਜਾਂਦਾ ਹੈ ਪਰ ਇਸਦੇ ਬਾਵਜੂਦ ਵੀ ਜਦੋਂ ਕਿਸਾਨ ਨਾੜ ਨੂੰ ਅੱਗ ਲਗਾਉਂਦੇ ਹਨ, ਉਦੋਂ ਕਈ ਵਾਰ ਇਹ ਅੱਗ ਨਾਲ ਦੇ ਖੇਤਾਂ ਵਿਚ ਬੀਜੀਆਂ ਹੋਰ ਫ਼ਸਲਾਂ ਮੱਕੀ, ਚਾਰਾ, ਖਰਬੂਜਾ, ਹਦਵਾਣਾ ਆਦਿ ਦਾ ਨੁਕਸਾਨ ਕਰਦੀ ਹੈ। ਇਸ ਦੇ ਨਾਲ ਹੀ ਅੱਗ ਨਾਲ ਮਿੱਟੀ ਵਿਚ ਮੌਜੂਦ ਮਿੱਤਰ ਕੀੜੇ ਵੀ ਮਰਦੇ ਹਨ, ਇਸ ਲਈ ਲੋੜ ਹੈ ਕਿਸਾਨਾਂ ਨੂੰ ਇਸ ਤਰ੍ਹਾਂ ਦੇ ਹੋ ਰਹੇ ਨੁਕਸਾਨ ਤੋਂ ਜਾਗਰੂਕ ਹੋਣ ਦੀ। ਸਾਵਧਾਨੀਆਂ ਵਰਤ ਕੇ ਹਾਦਸਿਆਂ ਤੋਂ ਬੱਚ ਸਕਦੇ ਹਨ ਕਿਸਾਨ : ਬਹੁਤ ਸਾਰੇ ਪੰਜਾਬ ਦੇ ਪਿੰਡਾਂ ਨੇ ਕਣਕ ਨੂੰ ਲੱਗੀ ਅੱਗ ਬੁਝਾਉਂਣ ਲਈ ਪੰਚਾਇਤ ਪੱਧਰ ’ਤੇ ਫਾਇਰ ਬ੍ਰਿਗੇਡ ਗੱਡੀਆਂ ਰੱਖੀਆਂ ਹਨ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕਣਕ ਦੀ ਵਾਢੀ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਟਰੈਕਟਰ ਨਾਲ ਸਪਰੇਅ ਕਰਨ ਵਾਲੀਆਂ ਟੈਂਕੀਆਂ ਪਾਣੀ ਨਾਲ ਭਰ ਕੇ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਹਾਦਸਾ ਵਾਪਰਣ ’ਤੇ ਇਹ ਵਰਤੀਆਂ ਜਾ ਸਕਣ। ਖੇਤ ਵਿਚ ਅਣਜਾਣੇ ਵਿਚ ਕਿਸੇ ਵੀ ਪ੍ਰਕਾਰ ਦੀ ਲੋਹੇ ਦੀ ਚੀਜ਼ ਨਹੀਂ ਸੁੱਟਣੀ ਚਾਹੀਦੀ ਇਸ ਨਾਲ ਕਈ ਪ੍ਰਕਾਰ ਦੀਆਂ ਮਸ਼ੀਨਾਂ ਜਿਵੇਂ ਕਿ ਤੂੜੀ ਬਨਾਉਂਣ ਵਾਲੀ ਮਸ਼ੀਨ ਜਿਸ ਦਾ ਬਲੇਡ ਲੱਗਭਗ ਮਸ਼ੀਨ ਨਾਲ ਲੱਗ ਕੇ ਚੱਲਦਾ ਹੈ ਉਸ ਨਾਲ ਜੇਕਰ ਕੋਈ ਜ਼ਮੀਨ ’ਤੇ ਪਈ ਲੋਹੇ ਦੀ ਚੀਜ਼ ਟੱਕਰਾ ਗਈ ਤਾਂ ਅੰਗਾਰੇ ਪੈਦਾ ਹੋ ਕੇ ਅੱਗ ਵਰਗੀ ਘਟਨਾ ਵਾਪਰ ਸਕਦੀ ਹੈ। ਕਿਸਾਨ ਵਰਤਨ ਇਹ ਸਾਵਧਾਨੀਆਂ -ਟਰੈਕਟਰ ਜਾਂ ਇੰਜਣ ਦੀ ਵਰਤੋਂ ਸਮੇਂ ਇਸ ਦਾ ਸਾਇਲਾਂਸਰ ਉਪਰ ਨੂੰ ਰੱਖਣਾ ਬਹੁਤ ਜ਼ਰੂਰੀ ਹੈ। -ਬਿਜਲੀ ਦੀਆਂ ਤਾਰਾਂ ਕੰਬਾਈਨ ਦੀ ਛੱਤਰੀ ਤੋਂ ਕਾਫ਼ੀ ਉੱਚੀਆਂ ਹੋਣੀਆਂ ਚਾਹੀਦੀਆਂ ਹਨ। -ਨਾੜ ਨੂੰ ਅੱਗ ਨਾ ਲਾ ਕੇ ਮਸ਼ੀਨ ਨਾਲ ਤੂੜੀ ਬਣਾਉਣੀ ਚਾਹੀਦੀ ਹੈ। -ਆਪਣੇ ਖੇਤ ਵਿਚ ਜਿਸ ਥਾਂ ’ਤੇ ਟਰਾਂਸਫਾਰਮਰ ਲੱਗਿਆ ਹੈ, ਉਥੋਂ ਕਣਕ ਕੱਟ ਦਿਓ। -ਜੇਕਰ ਪਾਣੀ ਦੀ ਜ਼ਰੂਰਤ ਨਾ ਹੋਵੇ ਤਾਂ ਟਰਾਂਸਫਰਮਰ ਦਾ ਸਵਿੱਚ ਬੰਦ ਰੱਖੋ। -ਪਾਣੀ ਦੀ ਖਾਲ ਭਰ ਕੇ ਰੱਖੋ, ਕਿਸੇ ਸਮੱਸਿਆ ਵੇਲੇ ਅਜਿਹਾ ਪਾਣੀ ਕੰਮ ਆ ਸਕਦਾ ਹੈ। -ਪਿੰਡ ਵਿਚ ਜਿੰਨੇ ਵੀ ਵੱਡੇ ਸਪਰੇਅ ਪੰਪ ਹਨ, ਉਨ੍ਹਾਂ ਦੀਆਂ ਟੈਂਕੀਆਂ ਪਾਣੀ ਨਾਲ ਭਰ ਕੇ ਰੱਖੋ। -ਪਾਣੀ ਵਾਲੀ ਟੈਂਕੀ ਵਾਲਿਆਂ ਦੇ ਮੋਬਾਈਲ ਨੰਬਰ ਗੁਰਦੁਆਰਾ ਸਾਹਿਬ, ਸੱਥ ਆਦਿ ਵਿਚ ਚਿਪਕਾ ਦਿੱਤੇ ਜਾਣ। -ਆਪਣੇ ਛੋਟੇ ਸਪਰੇਅ ਪੰਪ ਪਾਣੀ ਤੇ ਪੈਟਰੋਲ ਨਾਲ ਭਰ ਕੇ ਖੇਤ ਵਾਲੇ ਕਮਰੇ ਵਿਚ ਹੀ ਰੱਖੇ ਹੋਣ। -ਖੇਤਾਂ ਵਿਚ ਬੈਠੀ ਲੇਬਰ ਨੂੰ ਅੰਗ ਸੰਜਮ ਨਾਲ ਬਾਲਣ ਲਈ ਕਿਹਾ ਜਾਵੇ। -ਅੱਗ ਬੁਝਾਉਣ ਲਈ ਪਿੰਡ ਦੇ ਪੰਜ-ਦਸ ਨੌਜਵਾਨਾਂ ਦੀ ਲਿਸਟ ਬਣਾ ਕੇ ਰੱਖੀ ਜਾਵੇ। -ਹੱਲ/ਕਲਟੀਵੇਟਰ ਖੇਤ ਵਿਚ ਹੀ ਰੱਖੇ ਜਾਣ ਤਾਂ ਜੋ ਮੁਸੀਬਤ ਵੇਲੇ ਪਿੰਡ ਨੂੰ ਨਾ ਭੱਜਣਾ ਪਵੇ। -ਹਰੇਕ ਕਿਸਾਨ ਦੇ ਕੋਲ ਗੁਰਦੁਆਰਾ ਸਾਹਿਬ ਦੇ ਜ਼ਿੰਮੇਵਾਰ ਬੰਦੇ ਦਾ ਮੋਬਾਈਲ ਨੰਬਰ ਵੀ ਹੋਵੇ ਤਾਂ ਜੋ ਹੋਕਾ ਜਲਦ ਤੋਂ ਜਲਦ ਦਿੱਤਾ ਜਾ ਸਕੇ। -ਹਰੇਕ ਕਿਸਾਨ ਕੋਲ ਤੇ ਸਾਂਝੀ ਥਾਂ ’ਤੇ ਸਬੰਧਤ ਬਿਜਲੀ ਗਰਿੱਡ ਦਾ ਨੰਬਰ ਜ਼ਰੂਰ ਲਿਖਿਆ ਹੋਣਾ ਚਾਹੀਦਾ ਹੈ। --ਬਾਕਸ: -ਥਰੈਸ਼ਰ ਦੇ ਹਾਦਸਿਆਂ ਤੋਂ ਬਚਣ ਲਈ ਸਲਾਹ -ਥਰੈਸ਼ਰਾਂ ਜਾਂ ਹੜੰਬਿਆਂ ’ਤੇ ਕੰਮ ਕਰਦਿਆਂ ਖੁੱਲ੍ਹੇ ਕੱਪੜੇ, ਕੜਾ, ਘੜੀ ਆਦਿ ਨਹੀਂ ਪਾਉਣਾ ਚਾਹੀਦਾ। -ਕਦੇ ਵੀ ਨਸ਼ਾ ਖਾ-ਪੀ ਕੇ ਥਰੈਸ਼ਰ ਨਾ ਚਲਾਓ। -ਸੁਰੱਖਿਆ ਪਰਨਾਲੇ ਦੀ ਘੱਟੋ-ਘੱਟ ਲੰਬਾਈ 90 ਸੈਂਟੀਮੀਟਰ ਹੋਣੀ ਚਾਹੀਦੀ ਹੈ ਤੇ 45 ਸੈਂਟੀਮੀਟਰ ਤੱਕ ਢੱਕਿਆ ਹੋਵੇ। ਇਸ ਦੀ ਢਾਲ ਦਾ ਅੱਗਿਓਂ 5 ਡਿਗਰੀ ਕੋਣ ਹੋਣਾ ਬਹੁਤ ਜ਼ਰੂਰੀ ਹੈ। -ਇਕ ਆਦਮੀ ਨੂੰ ਥਰੈਸ਼ਰ ’ਤੇ ਦਸ ਘੰਟੇ ਤੋਂ ਜ਼ਿਆਦਾ ਕੰਮ ਨਹੀਂ ਕਰਨਾ ਚਾਹੀਦਾ। -ਕੰਮ ਕਰਦਿਆਂ ਨਾ ਤਾਂ ਗੱਲਾਂ ਵਿਚ ਰੁੱਝਣਾ ਚਾਹੀਦਾ ਤੇ ਨਾ ਆਸੇ-ਪਾਸੇ ਧਿਆਨ ਦੇਣਾ ਚਾਹੀਦਾ ਹੈ। -ਟਰੈਕਟਰ ਦੇ ਧੂੰਏਂ ਵਾਲਾ ਪਾਈਪ ਸਿੱਧਾ ਉਪਰ ਨੂੰ ਹੋਣਾ ਬਹੁਤ ਜ਼ਰੂਰੀ ਹੈ। -ਬਿਜਲੀ ਦੀ ਮੋਟਰ ਨੂੰ ਬੰਦ ਕਰਨ ਵਾਲਾ ਸਵਿੱਚ ਕੰਮ ਕਰਨ ਵਾਲੇ ਦੇ ਨੇੜੇ ਹੋਣਾ ਚਾਹੀਦਾ ਹੈ ਤਾਂ ਜੋ ਸੰਕਟ ਦੇ ਹਾਲਾਤ ਵਿਚ ਮੋਟਰ ਤੁਰੰਤ ਬੰਦ ਕੀਤੀ ਜਾ ਸਕੇ। -ਪਟੇ ਦੇ ਉੱਪਰ ਜਾਂ ਨੇੜੇ ਦੀ ਨਹੀਂ ਲੰਘਣਾ ਚਾਹੀਦਾ। -ਥਰੈਸ਼ਰ ਨੂੰ ਹਮੇਸ਼ਾ ਬਿਜਲੀ ਦੀਆਂ ਤਾਰਾਂ ਆਦਿ ਤੋਂ ਦੂਰ ਫਿੱਟ ਕਰਨਾ ਚਾਹੀਦਾ ਹੈ। -ਮੱਲ੍ਹਮ ਪੱਟੀ ਆਦਿ ਦਾ ਸਾਮਾਨ ਵੀ ਕੋਲ ਰੱਖਣਾ ਚਾਹੀਦਾ। -ਰਹਿੰਦ ਖੂੰਹਦ ਨੂੰ ਥਰੈਂਸਰ ਵਿਚ ਪਾਉਣ ਤੋਂ ਹਮੇਸ਼ਾ ਸੰਕੋਚ ਕਰੋ। ਇਸ ਤਰ੍ਹਾਂ ਸਿੱਲੀ ਫ਼ਸਲ ਵੀ ਨਹੀਂ ਪਾਉਣੀ ਚਾਹੀਦੀ, ਕਿਉਂਕਿ ਇਸ ਨਾਲ ਅੱਗ ਲੱਗਣ ਦਾ ਹਾਦਸਾ ਹੋ ਸਕਦਾ ਹੈ। ਛੋਟੀ ਫ਼ਸਲ ਨੂੰ ਰੁੱਗ ਲਾਉਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ। ਮਾਹਿਰਾਂ ਦੀ ਸਲਾਹ ’ਤੇ ਅਮਲ ਕਰਨ ਕਿਸਾਨ : ਡਾ. ਬਲਕਾਰ ਸਿੰਘ ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਥੇ ਕਿਸਾਨਾਂ ਨੂੰ ਘਟਨਾਵਾਂ ਤੋਂ ਬਚਣ ਲਈ ਖੇਤੀਬਾੜੀ ਮਾਹਿਰਾ ਵੱਲੋਂ ਦਿੱਤੇ ਗਏ ਸੁਝਾਵਾਂ ’ਤੇ ਅਮਲ ਕਰਨਾ ਚਾਹੀਦਾ ਹੈ, ਉਥੇ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਟਕ ਦੀ ਕਟਾਈ ਤੋਂ ਬਾਅਦ ਤੂੜੀ ਬਨਾਉਣ ਉਪਰੰਤ ਕਣਕ ਦੇ ਬਚੇ ਨਾੜ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਤੇ ਨਾੜ ਨੂੰ ਜ਼ਮੀਨ ’ਚ ਮਿਲਾਇਆ ਜਾਵੇ। ਅੱਗ ਲਾਉਣ ਨਾਲ ਜਿਥੇ ਆਲੇ-ਦੁਆਲੇ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ, ਉਥੇ ਹੀ ਕਿਸਾਨ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਤੇ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਡਾ. ਬਲਕਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ’ਚ ਜੰਤਰ ਦੀ ਬਿਜਾਈ ਕਰਨੀ ਚਾਹੀਦੀ ਹੈ, ਇਸ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਅਗਲੀ ਫਸਲ ’ਚ ਖਾਦਾਂ ਦੀ ਵੀ ਘੱਟ ਵਰਤੋਂ ਕਰਨ ਦੀ ਲੋੜ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਬੀਜ ਲੈਣ ਲਈ ਖੇਤੀਬਾੜੀ ਵਿਭਾਗ ਦੇ ਦਫਤਰ ਵਿਚ ਸੰਪਰਕ ਕਰ ਸਕਦੇ ਹਨ। ਡਾ. ਬਲਕਾਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਦਰਤੀ ਸੋਮੇ ਪਾਣੀ ਨੂੰ ਬਚਾਉਣ ਲਈ ਕਿਸਾਨ ਝੋਨੇ ਤੋਂ ਬਿਨਾਂ ਹੋਰ ਫਸਲਾਂ ਲਾਉਣ। ਉਥੇ ਹੀ ਘੱਟ ਸਮੇਂ ’ਚ ਤਿਆਰ ਹੋਣ ਵਾਲੀਆਂ ਝੋਨੇ ਦੀਆਂ ਫਸਲਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਹੀ ਲਾਉਣ, ਇਸ ਨਾਲ ਪਾਣੀ ਦੀ ਬੱਚਤ ਤਾਂ ਹੋਵੇਗੀ ਤੇ ਨਾਲ ਹੀ ਪਰਾਲੀ ਵੀ ਘੱਟ ਹੋਵੇਗੀ ਤੇ ਝਾੜ ਵੀ ਵੱਧ ਹੋਵੇਗਾ।