ਕਿਸਾਨਾਂ ਪਿੰਡਾਂ ’ਚ ਭਗਵੰਤ ਮਾਨ ਤੇ ਡੀਜੀਪੀ ਦੇ ਪੁਤਲੇ ਫੂਕੇ
ਕਿਸਾਨਾਂ ਵੱਲੋਂ ਜ਼ਿਲ੍ਹਾ ਕਪੂਰਥਲਾ ਦੇ ਸੈਂਕੜੇ ਪਿੰਡਾਂ ’ਚ ਭਗਵੰਤ ਮਾਨ ਤੇ ਡੀਜੀਪੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ
Publish Date: Wed, 25 Mar 2026 08:02 PM (IST)
Updated Date: Thu, 26 Mar 2026 04:08 AM (IST)

ਪਰਮਜੀਤ ਸਿੰਘ, ਪੰਜਾਬੀ ਜਾਗਰਣ, ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਗਿਆ ਕਿ ਬੀਤੇ ਦਿਨ ਜ਼ਿਲ੍ਹਾ ਕਪੂਰਥਲਾ ਦੇ ਸੈਂਕੜੇ ਪਿੰਡਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਦੇ ਦਿਸ਼ਾ-ਨਿਰਦੇਸ਼ ਅਤੇ ਜ਼ਿਲ੍ਹਾ ਸੰਗਠਨ ਸਕੱਤਰ ਸ਼ੇਰ ਸਿੰਘ ਮਹੀਵਾਲ ਦੀ ਰਹਿਨੁਮਾਈ ਹੇਠ ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਡੀਜੀਪੀ ਦੇ ਪੁਤਲੇ ਫੂਕ ਕੇ ਸਰਕਾਰ ਵਿਰੁੱਧ ਨਾਰਾਜ਼ਗੀ ਜਤਾਈ । ਕਿਸਾਨ ਆਗੂਆਂ ਨੇ ਦੱਸਿਆ ਕਿ ਕੇਐਮਐਸਕੇ ਪੰਜਾਬ ਦੀ ਕਾਲ ਤੇ ਡੀਸੀ ਦਫ਼ਤਰਾਂ ਦੇ ਬਾਹਰ ਪੱਕੇ ਮੋਰਚੇ ਲਗਾਉਣ ਦੇ ਪ੍ਰੋਗਰਾਮ ਤਹਿਤ ਅੰਮ੍ਰਿਤਸਰ ਵਿੱਚ ਧਰਨਾ ਦੇਣ ਜਾ ਰਹੇ ਕਿਸਾਨਾਂ ਨੂੰ ਪੰਜਾਬ ਪੁਲਿਸ ਵੱਲੋਂ ਬੈਰੀਕੇਡ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਕਿਸਾਨਾਂ ਨੇ ਰਸਤੇ ਵਿੱਚ ਹੀ ਪੱਕਾ ਮੋਰਚਾ ਲਗਾ ਦਿੱਤਾ ਗਿਆ । ਉਨ੍ਹਾਂ ਨੇ ਦੋਸ਼ ਲਾਇਆ ਕਿ ਰਾਤ ਦੇ ਸਮੇਂ ਪੁਲਿਸ ਵੱਲੋਂ ਸੁੱਤੇ ਪਏ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਕਈ ਆਗੂਆਂ ਨੂੰ ਗਿਰਫ਼ਤਾਰ ਕਰਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। ਇਸ ਕਾਰਵਾਈ ਦੇ ਵਿਰੋਧ ਵਿੱਚ ਹੀ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤੇ ਗਏ। ਜ਼ਿਲ੍ਹਾ ਕਪੂਰਥਲਾ ਵਿੱਚ ਵੀ ਸੁਲਤਾਨਪੁਰ ਲੋਧੀ, ਬਾਬਾ ਬੀਰ ਸਿੰਘ, ਮੀਰੀ ਪੀਰੀ ਗੁਰਸਰ, ਬੰਦਾ ਸਿੰਘ ਬਹਾਦਰ, ਸ਼ਹੀਦ ਉੱਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਜੋਨਾਂ ਵਿੱਚ ਆਗੂਆਂ ਦੀ ਅਗਵਾਈ ਹੇਠ ਸੈਂਕੜੇ ਪਿੰਡਾਂ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਸੁਲਤਾਨਪੁਰ ਜੋਨ ਪ੍ਧਾਨ ਮਲਕੀਤ ਸਿੰਘ ਫੱਤੋਵਾਲ,ਜੋਨ ਬਾਬਾ ਬੀਰ ਸਿੰਘ ਚ ਪ੍ਧਾਨ ਸੁਖਵਿੰਦਰ ਸਿੰਘ ਸੋਨੀ,ਜੋਨ ਮੀਰੀ ਪੀਰੀ ਗੁਰਸਰ ਪ੍ਧਾਨ ਹਰਵਿੰਦਰ ਸਿੰਘ,ਜੋਨ ਬੰਦਾ ਸਿੰਘ ਬਹਾਦਰ ਚ ਜੋਗਾ ਸਿੰਘ ,ਜੋਨ ਸ਼ਹੀਦ ਉੱਧਮ ਸਿੰਘ ਚ ਪ੍ਧਾਨ ਗੁਰਸ਼ੇਵਕ ਸਿੰਘ,ਜੋਨ ਸ਼ਹੀਦ ਭਗਤ ਸਿੰਘ ’ਚ ਪ੍ਧਾਨ ਬਲਬੀਰ ਸਿੰਘ ਬੁਟਰ ਦੀ ਅਗਵਾਈ ਹੇਠ ਸ਼ੈਕੜੇ ਪਿੰਡਾ ਵਿਚ ਪੂਤਲੇ ਫੂਕੇ ਗਏ ਤੇ ਜੇਕਰ ਗਿਰਫਤਾਰ ਕੀਤੇ ਆਗੂ ਰਿਹਾਅ ਨਹੀ ਕੀਤੇ ਜਾਂਦੇ ਪਰਦਰਸ਼ਨ ਜਾਰੀ ਰਹਿਣ ਗੇ ਤੇ ਅਗਲੇ ਦਿਨਾ ਵਿਚ ਵੱਡੀ ਰਣਨੀਤੀ ਤਿਆਰ ਕਰਕੇ ਸੰਘਰਸ਼ ਤੇਜ ਕੀਤੇ ਜਾਣਗੇ । ਇਸ ਮੌਕੇ ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਗਿਰਫ਼ਤਾਰ ਕੀਤੇ ਆਗੂਆਂ ਨੂੰ ਜਲਦੀ ਰਿਹਾਅ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਰਣਨੀਤੀ ਤਿਆਰ ਕੀਤੀ ਜਾਵੇਗੀ।