ਮੂੰਗਫਲੀ ਦੀ ਖੇਤੀ ਕਰਨ ਵੱਲ ਕਿਸਾਨਾਂ ਦਾ ਵਧਿਆ ਰੁਝਾਨ
ਮੂੰਗਫਲੀ ਦੀ ਖੇਤੀ ਕਰਨ ਵੱਲ ਕਿਸਾਨਾਂ ਦਾ ਵਧਿਆ ਰੁਝਾਨ
Publish Date: Thu, 23 Apr 2026 07:25 PM (IST)
Updated Date: Fri, 24 Apr 2026 04:08 AM (IST)

ਮੱਕੀ ਤੇ ਝੋਨੇ ਦੇ ਮੁਕਾਬਲੇ ਮੂੰਗਫਲੀ ਦੀ ਫਸਲ ਲਈ ਪਾਣੀ ਦੀ ਖਪਤ ਬਹੁਤ ਘੱਟ : ਡਾ. ਧੰਜੂ ਕੈਪਸ਼ਨ : 23ਕੇਪੀਟੀ22 ਕਿਸਾਨ ਜਰਨੈਲ ਸਿੰਘ ਮੋਠਾਂਵਾਲ ,ਜਗਤਾਰ ਸਿੰਘ ਨਾਣੋ ਮੱਲੀਆਂ, ਡਾਕਟਰ ਜਸਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ,ਗੁਰਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਮੂੰਗਫਲੀ ਦੀ ਖੇਤੀ ਬਾਰੇ ਗੱਲਬਾਤ ਕਰਦੇ ਹੋਏ । ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜਲੰਧਰ ਤੇ ਕਪੂਰਥਲਾ ਜ਼ਿਲ੍ਹੇ ਦੇ ਖੁਸ਼ਕ ਤੇ ਲਾਲ ਰੇਤਾ ਵਾਲੇ ਇਲਾਕੇ ਨੂੰ ਆਮ ਬੋਲ ਚਾਲ ਵਿੱਚ ਦੋਨਾਂ ਕਿਹਾ ਜਾਂਦਾ ਹੈ। ਏਸੇ ਇਲਾਕੇ ਵਿੱਚ ਪੈਂਦੇ ਪਿੰਡ ਤਲਵੰਡੀ ਸਲੇਮ ਵਿੱਚ ਜੰਮੇਂ ਪੰਜਾਬ ਦੇ ਪ੍ਰਸਿੱਧ ਕਵੀ ‘ਪਾਸ਼’ ਆਪਣੀ ਇੱਕ ਕਵਿਤਾ ਖੁਸ਼ਕ ਰੇਤਲੀ ਧਰਤੀ ,ਜਿੱਥੇ ਮੇਰਾ ਜਨਮ ਹੋਇਆ ,ਕਣਕ ਅਤੇ ਮੂੰਗਫਲੀ ਤੋਂ ਬਿਨਾ ,ਮਨੁੱਖ ਨਾਂ ਦੀ ਫਸਲ ਵੀ ਉੱਗਦੀ ਹੈ। “ ਵਿੱਚ ਏਸ ਧਰਤੀ ਤੇ ਕਣਕ ਅਤੇ ਮੂੰਗਫਲੀ ਦੀ ਫਸਲ ਹੋਣ ਦੀ ਗੱਲ ਕਰਦਾ ਹੈ। ਹੁਣ ਇਹ ਦੋਨੋ ਫਸਲਾ ਏਸ ਖੇਤਰ ਵਿੱਚ ਦੇਖਣ ਨੂੰ ਨਹੀਂ ਮਿਲਦੀਆ। ਹਰੀ ਕ੍ਰਾਂਤੀ ਤੋਂ ਬਾਅਦ ਸਬਮਰਸੀਬਲ ਪੰਪ ਆਉਣ ਨਾਲ ਇਸ ਖਿੱਤੇ ਵਿੱਚ ਝੋਨੇ ਦੀ ਸਰਦਾਰੀ ਹੋ ਗਈ ਅਤੇ ਬਾਕੀ ਫਸਲਾਂ ਹੌਲੀ ਹੌਲੌ ਅਲੋਪ ਹੋ ਗਈਆਂ । ਹੁਣ ਇਹ ਖੇਤਰ ਤਿੰਨ ਫ਼ਸਲਾਂ ਲਈ ਜਾਣਿਆ ਜਾਂਦਾ ਹੈ। ਆਲੂਆਂ ਤੋਂ ਬਾਅਦ ਮੱਕੀ ਅਤੇ ਹਦਵਾਣਾ ,ਖਰਬੂਜਾ ਦੀ ਫ਼ਸਲ ਲਈ ਜਾਣੀ ਜਾਂਦੀ ਹੈ। ਬਹਾਰ ਰੁੱਤ ਦੀ ਮੱਕੀ ਹੇਠਾਂ ਰਕਬਾ ਲਗਾਤਾਰ ਵੱਧ ਰਿਹਾ ਹੈ। ਝੋਨਾ -ਆਲੂ- ਮੱਕੀ ਫਸਲੀ ਚੱਕਰ 10800 ਕਿਉਬਿਕ ਫੁੱਟ ਪਾਣੀ ਦੀ ਮੰਗ ਕਰਦਾ ਹੈ । ਨਹਿਰੀ ਪਾਣੀ ਦੀ ਅਣਹੋਂਦ ਕਰਕੇ ਇਹ ਮੰਗ ਧਰਤੀ ਹੇਠਲੇ ਪਾਣੀ ਨਾਲ ਪੂਰੀ ਕੀਤੀ ਜਾਂਦੀ ਹੈ ਜਿਸ ਕਰਕੇ ਧਰਤੀ ਹੇਠਲਾ ਪਾਣੀ ਖਤਰਨਾਕ ਰਫਤਾਰ ਨਾਲ ਹੇਠਾਂ ਜਾ ਰਿਹਾ ਹੈ। ਬਹਾਰ ਰੁੱਤ ਦੀ ਮੱਕੀ ਝੋਨੇ ਤੋਂ ਵੀ ਵੱਧ ਪਾਣੀ ਦੀ ਖਪਤ ਕਰਦੀ ਹੈ। ਇਸਦੇ ਬਦਲ ਵਜੋਂ ਬਹਾਰ ਰੁੱਤ ਦੀ ਮੂੰਗਫਲੀ ਤਜੁਰਬੇ ਵਜੋਂ ਲਗਾਈ ਗਈ ਜਿਸ ਨੂੰ ਕਿਸਾਨਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਨਾਮਵਰ ਪਿੰਡ ਮੋਠਾਂਵਾਲ ( ਕਮਾਲਪੁਰ) ਦੇ ਅਗਾਂਹਵਧੂ ਕਿਸਾਨ ਅਤੇ ਸੇਵਾਮੁਕਤ ਅਧਿਆਪਕ ਜਰਨੈਲ ਸਿੰਘ ਦੱਸਦੇ ਹਨ ਕਿ ਉਹ ਯੂਪੀ ਵਿੱਚ ਆਪਣੇ ਫਾਰਮ ਤੇ ਮੂੰਗਫਲੀ ਦੀ ਕਾਸ਼ਤ ਕਰਦੇ ਸਨ ।ਪਿਛਲੇ ਸਾਲ ਉਹਨਾਂ ਵੱਲੋਂ ਮੂੰਗਫਲੀ ਦੀ ਜੇ -87 ਕਿਸਮ ਇਕ ਕਨਾਲ ਤੇ ਲਗਾਈ ਸੀ । ਵਧੀਆ ਝਾੜ ਮਿਲਣ ਤੇ ਉਹਨਾਂ ਇਸ ਵਾਰ 26 ਏਕੜ ਰਕਬੇ ਵਿੱਚ ਇਸ ਦੀ ਬਿਜਾਈ ਕੀਤੀ ਹੈ। ਜਿਸ ਦੀ ਹੁਣ ਤੱਕ ਕਾਰਗੁਜ਼ਾਰੀ ਬਹੁਤ ਵਧੀਆ ਹੈ। ਇਸੇ ਤਰ੍ਹਾਂ ਨਾਣੋ ਮੱਲੀਆਂ ਪਿੰਡ ਦੇ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਬਹਾਰ ਰੁੱਤ ਦੀ ਮੱਕੀ ਝੋਨੇ ਤੋਂ ਵੀ ਵੱਧ ਪਾਣੀ ਲੈ ਜਾਂਦੀ ਹੈ ਏਸੇ ਲਈ ਉਹਨਾਂ ਇਸ ਵਾਰ 9 ਏਕੜ ਵਿੱਚ ਮੂੰਗਫਲੀ ਦੀ ਕਾਸ਼ਤ ਮੱਕੀ ਵਾਲੀ ਮਸ਼ੀਨ ਵਿੱਚ ਕੁਝ ਬਦਲਾਅ ਕਰਕੇ ਕੀਤੀ ਹੈ। ਪਿੰਡ ਨਸੀਰੇਵਾਲ ਦੇ ਕਿਸਾਨ ਸ਼ੇਰ ਸਿੰਘ ਮੁੱਤੀ ਵੱਲੋਂ ਵੀ ਇਸ ਵਾਰ ਮੂੰਗਫਲੀ ਦੀ ਕਾਂਸ਼ਤ ਕੀਤੀ ਗਈ ਹੈ। ਇਸ ਤੋਂ ਇਲਾਵਾ ਹਰਬੰਸ ਸਿੰਘ , ਸ਼ਰਨਪਾਲ ਸਿੰਘ, ਜੋਗਾ ਸਿੰਘ ,ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ, ਜਸਵੰਤ ਸਿੰਘ ,ਮਲਕੀਤ ਸਿੰਘ ਵੱਲੋਂ ਵੀ ਆਪਣੇ ਖੇਤਾਂ ਵਿੱਚ ਮੂੰਗਫਲੀ ਦੀ ਬਿਜਾਈ ਕੀਤੀ ਗਈ। ਕੀ ਕਹਿਣਾ ਖੇਤੀਬਾੜੀ ਵਿਭਾਗ ਦਾ ਖੇਤੀਬਾੜੀ ਵਿਕਾਸ ਅਫ਼ਸਰ ਡਾ ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਦੋਨੇ ਦੀ ਰੇਤਲਾ ਮੈਰਾ ਮਿੱਟੀ ਵਿੱਚ ਪਾਣੀ ਨੂੰ ਸੰਭਾਲ ਕੇ ਰੱਖਣ ਦੀ ਸਮਰੱਥਾ ਘੱਟ ਹੋਣ ਕਰਕੇ ਬਹਾਰ ਰੁੱਤ ਦੀ ਮੱਕੀ ਵਿੱਚ ਪਾਣੀ ਦੀ ਖਪਤ ਬਹੁਤ ਜਿਆਦਾ ਹੈ। ਮੱਕੀ ਦੇ ਮੁਕਾਬਲੇ ਮੂੰਗਫਲੀ ਸਿਰਫ 4-5 ਪਾਣੀਆਂ ਨਾਲ ਹੋ ਜਾਂਦੀ ਹੈ। ਮੂੰਗਫਲੀ ’ਚ ਖਾਦਾਂ ਦੀ ਖਪਤ ਵੀ ਨਾ ਦੇ ਬਰਾਬਰ ਹੈ ਜਦਕਿ ਇਸਦਾ ਬੀਜ ਵੀ ਕਿਸਾਨ ਖੁਦ ਹੀ ਤਿਆਰ ਕਰ ਸਕਦੇ ਹਨ। ਫ਼ਲੀਦਾਰ ਫ਼ਸਲ ਹੋਣ ਕਰਕੇ ਇਹ ਮਿੱਟੀ ਦੀ ਸਿਹਤ ਸੁਧਾਰਨ ਦਾ ਕੰਮ ਕਰਦੀ ਹੈ ਅਤੇ ਫ਼ਸਲ ਵੱਡਣ ਤੋਂ ਬਾਅਦ ਬਚਿਆ ਨੀਰਾ ਘੋੜਿਆਂ, ਬੱਕਰੀਆਂ ਅਤੇ ਗਾਵਾਂ ਲਈ ਬਹੁਤ ਵਧੀਆ ਚਾਰਾ ਹੁੰਦਾ ਹੈ। ਮੂੰਗਫਲੀ ਵਿੱਚ ਮਸ਼ੀਨੀਕਰਣ ਵਧਾਉਣ ਲਈ ਇਸਦੇ ਡਿੱਗਰ ਅਤੇ ਥਰੈਸ਼ਰ ਸਬਸਿਡੀ ਉੱਪਰ ਉੱਪਲੱਬਧ ਕਰਵਾਏ ਜਾ ਰਹੇ ਹਨ। ਡਾਕਟਰ ਧੰਜੂ ਨੇ ਇਸ ਇਲਾਕੇ ਦੇ ਹੋਰ ਵੀ ਅਗਾਂਹਵਧੂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਕੀ ਅਤੇ ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਅਜਿਹੀਆਂ ਲਾਹੇਵੰਦ ਫਸਲਾਂ ਨੂੰ ਬੀਜਣ ਲਈ ਤਰਜੀਹ ਦੇਣ ਤਾਂ ਜੋ ਸਾਡੀ ਧਰਤੀ ਹੇਠਲੇ ਦਿਨੋਂ ਦਿਨ ਘੱਟ ਹੋ ਰਹੇ ਪਾਣੀ ਨੂੰ ਬਚਾਇਆ ਜਾ ਸਕੇ।