- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਬਜ਼ੀਆਂ ਦੇ ਰੇਟ ਘੱਟ ਹੋਣ ਕਾਰਨ ਕਿਸਾਨ ਹੋਏ ਮਾਯੂਸ

ਗੋਭੀ, ਗਾਜਰ, ਮਟਰ ਦੇ ਭਾਅ ਮੰਡੀ ’ਚ ਘਟੇ, ਮੰਡੀਕਰਨ ਦੀ ਕੀਤੀ ਮੰਗ
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਰਵਾਇਤੀ ਫਸਲਾਂ ਕਣਕ ਤੇ ਝੋਨੇ ਨੂੰ ਛੱਡ ਕੇ ਫਸਲਾਂ ਦੀ ਵਿਭਿੰਨਤਾ ਲਿਆਉਣ ਦੀ ਕੀਤੀ ਅਪੀਲਾਂ ਤੋਂ ਬਾਅਦ ਕਿਸਾਨਾਂ ਵੱਲੋਂ ਝੋਨੇ ਤੇ ਕਣਕ ਦੀ ਫਸਲ ਨੂੰ ਛੱਡ ਕੇ ਸਬਜ਼ੀਆਂ, ਮੱਕੀ ਤੇ ਹੋਰ ਫਸਲਾਂ ਨੂੰ ਤਰਜੀਹ ਦੇਣ ਦੇ ਬਾਵਜੂਦ ਮੰਡੀ ਵਿਚ ਫਸਲ ਦਾ ਭਾਅ ਲਾਗਤ ਤੋਂ ਵੀ ਘੱਟ ਹੋਣ ਕਾਰਨ ਕਿਸਾਨਾਂ ਨੂੰ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਸਰਕਾਰ ਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਬਾਂਹ ਨਾ ਫੜਨ ’ਤੇ ਕਿਸਾਨ ਬੇਹਦ ਨਿਰਾਸ਼ ਹਨ। ਮੰਡੀਆਂ ਵਿਚ ਇਸ ਸਮੇਂ ਗੋਭੀ, ਗਾਜਰ ਤੇ ਮਟਰ ਦੀ ਭਾਰੀ ਆਮਦ ਹੋ ਰਹੀ ਹੈ ਪਰ ਸਬਜ਼ੀਆਂ ਦੇ ਭਾਅ ਘੱਟ ਹੋਣ ਕਾਰਨ ਕਈ ਕਿਸਾਨਾਂ ਵੱਲੋਂ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਜ਼ਮੀਨਾਂ ਵਿਚ ਵਾਹੁਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜਾਂ ਕਿਸਾਨ ਫਸਲਾਂ ਨੂੰ ਸੜਕਾਂ ’ਤੇ ਸੁੱਟਣ ਲਈ ਮਜਬੂਰ ਹਨ। ਮੰਡੀ ਵਿਚ ਇਸ ਵੇਲੇ ਗੋਭੀ ਦਾ ਰੇਟ ਡੇਢ ਤੋਂ ਦੋ ਰੁਪਏ ਕਿਲੋ, ਗਾਜਰ 3 ਤੋਂ 4 ਰੁਪਏ ਕਿਲੋ, ਮਟਰ 10 ਤੋਂ 12 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੇ ਹਨ ਜਦਕਿ ਕਿਸਾਨਾਂ ਦਾ ਫਸਲ ਲਗਾਉਣ ਤੇ ਮੰਡੀ ਤੱਕ ਲੈ ਕੇ ਜਾਣ ਦਾ ਖਰਚਾ ਇਸ ਤੋਂ ਦੁਗਣਾ-ਤਿਗਣਾ ਹੋ ਰਿਹਾ ਹੈ। ਇਸ ਦੇ ਉਲਟ ਬਾਜ਼ਾਰ ਵਿਚ ਖਰੀਦਦਾਰ ਨੂੰ ਸਬਜ਼ੀ ਦੁਗਣੇ-ਤਿਗਣੇ ਭਾਅ ’ਤੇ ਮਿਲ ਰਹੀ ਹੈ। ਕਿਸਾਨ ਘਾਟਾ ਖਾਣ ਲਈ ਮਜਬੂਰ ਹਨ ਜਦਕਿ ਵਪਾਰੀ ਵਰਗ ਇਸ ਦਾ ਖੂਬ ਫਾਇਦਾ ਉਠਾ ਰਿਹਾ ਹੈ। ਸਰਕਾਰ ਵੱਲੋਂ ਕਿਸੇ ਵੀ ਫਸਲ ’ਤੇ ਐੱਮਐੱਸਪੀ ਨਾ ਹੋਣ ਕਾਰਨ ਇਹ ਮੁਨਾਫਾ ਸਿੱਧੇ ਤੌਰ ’ਤੇ ਕਾਲਾਬਜ਼ਾਰੀ ਕਰਨ ਵਾਲੇ ਵਪਾਰੀਆਂ ਦੀਆਂ ਤਿਜੋਰੀਆਂ ਭਰ ਰਿਹਾ ਹੈ। ਪ੍ਰਤੀ ਏਕੜ 30 ਹਜ਼ਾਰ ਖਰਚਾ ਕਰਨ ਦੇ ਬਾਵਜੂਦ ਮੰਡੀ ਵਿਚ ਭਾਅ ਨਹੀਂ ਮਿਲ ਰਿਹਾ।
ਮੰਡੀਕਰਨ ਤੇ ਸਬਸਿਡੀ ਦੀ ਉੱਠੀ ਮੰਗ-ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਸੁਖਚੈਨ ਸਿੰਘ, ਸੁਖਦੇਵ ਸਿੰਘ ਸੋਢੀ , ਸੁਖਵਿੰਦਰ ਸਿੰਘ ਸਾਬਾ, ਸਰਵਨ ਸਿੰਘ ਚੰਦੀ, ਸੁੱਚਾ ਸਿੰਘ ਥਰੀਏਵਾਲ, ਦਵਿੰਦਰ ਸਿੰਘ ਮੇਵਾ ਸਿੰਘ ਵਾਲਾ, ਲਖਵੀਰ ਸਿੰਘ ਖਿੰਡਾ, ਕੈਪਟਨ ਜਸਵਿੰਦਰ ਸਿੰਘ ਠੱਟਾ ਆਦਿ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਨਾਲ ਫਸਲਾਂ ਵਿਚ ਵਿਭਿੰਨਤਾ ਲਿਆਉਣ ਲਈ ਵੱਡੇ-ਵੱਡੇ ਦਾਅਵੇ ਤਾਂ ਬਹੁਤ ਕਰਦੀ ਹੈ ਪ੍ਰੰਤੂ ਇਹ ਸਾਰੇ ਵਾਅਦੇ ਹਵਾ ਵਿਚ ਉੱਡ ਜਾਂਦੇ ਹਨ। ਕਿਸਾਨ ਕਣਕ ਤੇ ਝੋਨੇ ਦੀ ਰਵਾਇਤੀ ਫਸਲਾਂ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ ਤਾਂ ਉਸ ਦਾ ਮੰਡੀਕਰਨ ਨਾ ਹੋਣ ’ਤੇ ਫਸਲ ਨੂੰ ਘੱਟ ਰੇਟ ’ਤੇ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਕਿਸਾਨਾਂ ਨੇ ਕਿਹਾ ਕਿ ਦੋ ਰੁਪਏ ਕਿਲੋ ਗੋਭੀ ਵੇਚ ਕੇ ਮਜ਼ਦੂਰੀ ਵੀ ਨਹੀਂ ਨਿਕਲਦੀ। ਚਾਰ-ਪੰਜ ਮਹੀਨਿਆਂ ਦੀ ਮਿਹਨਤ ਵੀ ਬੇਕਾਰ ਜਾਂਦੀ ਹੈ। ਜੇਕਰ ਸਰਕਾਰ ਫਿਕਸ ਰੇਟ ਨਹੀਂ ਕਰੇਗੀ ਤਾਂ ਕਿਸਾਨ ਕਿਥੇ ਜਾਵੇਗਾ। ਮਹਿੰਗੇ ਰੇਟਾਂ ’ਤੇ ਠੇਕੇ ’ਤੇ ਜ਼ਮੀਨਾਂ ਲੈ ਕੇ ਕਿਸਾਨ ਕਰਜ਼ੇ ਤੋਂ ਮੁਕਤ ਹੋਣ ਦਾ ਸੁਪਨਾ ਵੇਖਦਾ ਹੈ ਪ੍ਰੰਤੂ ਸੁਪਨਾ ਅਧੂਰਾ ਹੀ ਰਹਿ ਜਾਂਦਾ ਹੈ।
ਕੌਣ ਫੜੇਗਾ ਕਿਸਾਨਾਂ ਦੀ ਬਾਂਹ- ਸਵਾਲ ਸਿਰਫ ਗੋਭੀ, ਗਾਜਰ ਜਾਂ ਮਟਰ ਦਾ ਨਹੀਂ ਹੈ, ਸਰਕਾਰ ਕਿਉਂ ਨਹੀਂ ਕੋਈ ਮਾਪਦੰਡ ਤੈਅ ਕਰਦੀ। ਖੇਤੀ ਵਿਭਾਗ ਕਿਉਂ ਨਹੀਂ ਕਿਸਾਨਾਂ ਨੂੰ ਸਹੀ ਸੇਧ ਦਿੰਦਾ। ਹਰੀ ਫਸਲ ਦੇ ਵਿਚਕਾਰ ਖੜਾ ਕਿਸਾਨ ਅੱਜ ਸਭ ਤੋਂ ਵੱਧ ਬੇਵਸ ਹੈ। ਸਵਾਲ ਕਿਸਾਨ ਦੀ ਮਿਹਨਤ ਤੇ ਜ਼ਿੰਦਗੀ ਦਾ ਹੈ। ਦੁਨੀਆ ਭਰ ਵਿਚ ਲੋਕਾਂ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਵੱਡੀ ਤ੍ਰਾਸਦੀ ਵਿਚੋਂ ਲੰਘ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਫਸਲਾਂ ਦੇ ਐੱਮਐੱਸਪੀ ਰੇਟ ਨਿਰਧਾਰਿਤ ਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ ਕਿ ਸਰਕਾਰ ਕਿਸਾਨਾਂ ਦੀ ਬਾਂਹ ਫੜੇਗੀ ਜਾਂ ਫਿਰ ਇਨ੍ਹਾਂ ਖੇਤਾਂ ਵਿਚ ਕਿਸਾਨ ਰੁਲਦੇ ਰਹਿਣਗੇ। ਇਸ ਦਾ ਜਵਾਬ ਅੰਨਦਾਤਾ ਸਰਕਾਰ ਤੋਂ ਲਗਾਤਾਰ ਮੰਗ ਰਿਹਾ ਹੈ।