ਪ੍ਰਾਈਵੇਟ ਸਕੂਲਾਂ ਦੀ ਗੁੰਡਾਗਰਦੀ ਖ਼ਿਲਾਫ਼ ਜਥੇਬੰਦੀਆਂ ਲਾਇਆ ਧਰਨਾ
ਪ੍ਰਾਈਵੇਟ ਸਕੂਲਾਂ ਦੀ ਗੁੰਡਾਗਰਦੀ ਖ਼ਿਲਾਫ਼ ਡੀ.ਸੀ. ਕੰਪਲੈਕਸ ਕਪੂਰਥਲਾ ਵਿਖੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਧਰਨਾ
Publish Date: Mon, 08 Jun 2026 11:05 PM (IST)
Updated Date: Mon, 08 Jun 2026 11:05 PM (IST)

ਮੇਡ ਵਰਕਰ ਔਰਤ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਅਧਿਕਾਰੀ ਖ਼ਿਲਾਫ਼ ਕਾਰਵਾਈ ਲਈ ਦਿੱਤੀ ਲਿਖਤੀ ਸ਼ਿਕਾਇਤ ਅਗਲੇ ਸੋਮਵਾਰ ਤੱਕ ਪਰਚਾ ਦਰਜ ਕਰਨ ਦੇ ਭਰੋਸੇ ਤੋਂ ਬਾਅਦ ਧਰਨਾ ਮੁਲਤਵੀ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਪ੍ਰਾਈਵੇਟ ਸਕੂਲ ਪ੍ਰਬੰਧਕਾਂ ਵੱਲੋਂ ਡਰਾਈਵਰਾਂ, ਹੈਲਪਰਾਂ ਤੇ ਮੇਡ ਵਰਕਰ ਔਰਤਾਂ ਨਾਲ ਕੀਤੀ ਜਾ ਰਹੀ ਆਰਥਿਕ-ਮਾਨਸਿਕ ਧੱਕੇਸ਼ਾਹੀ, ਉਨ੍ਹਾਂ ਕੋਲੋਂ ਗੱਡੀਆਂ ਧੁਆਉਣ ਵਰਗੇ ਨਿੱਜੀ ਕੰਮ ਕਰਵਾ ਕੇ ਕੀਤੇ ਜਾ ਰਹੇ ਸ਼ੋਸ਼ਣ ਤੇ ਹੱਕ ਮੰਗਣ ਬਦਲੇ ਨਾਜਾਇਜ਼ ਡੋਪ ਟੈਸਟਾਂ ਦੇ ਨਾਂ ਤੇ ਬਦਨਾਮ ਕਰਨ ਦੇ ਵਿਰੋਧ ਵਿਚ ਅੱਜ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੇ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਦੀ ਅਗਵਾਈ ਹੇਠ ਡੀਸੀ ਕੰਪਲੈਕਸ ਕਪੂਰਥਲਾ ਦੇ ਅੰਦਰ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਪ੍ਰਦਰਸ਼ਨ ਵਿਚ ਇਨਸਾਫ਼ ਦੀ ਆਵਾਜ਼ ਬੁਲੰਦ ਕਰਦਿਆਂ ਪੰਜਾਬ ਦੀਆਂ ਪ੍ਰਮੁੱਖ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਧਰਨੇ ਦੌਰਾਨ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਤੇ ਹਾਜ਼ਰ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀ ਅਕਾਸ਼ ਬਾਂਸਲ ਨੂੰ ਇਕਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਲੇਬਰ ਵਿਭਾਗ ਦੇ ਨਿਯਮਾਂ ਅਨੁਸਾਰ ਵਰਕਰਾਂ ਦੀ ਸੈਲਰੀ ਬਿਨਾਂ ਕਿਸੇ ਕਟੌਤੀ ਦੇ ਦਿੱਤੀ ਜਾਵੇ, ਸਾਰੇ ਬਣਦੇ ਭੱਤੇ ਤੇ ਸਾਲਾਨਾ ਬੋਨਸ ਲਾਗੂ ਕੀਤੇ ਜਾਣ ਤੇ ਜੇਕਰ ਸਕੂਲ ਵਿਚ ਡੋਪ ਟੈਸਟ ਕਰਵਾਉਣੇ ਹਨ ਤਾਂ ਕਾਨੂੰਨ ਸਭ ਲਈ ਬਰਾਬਰ ਕਰਦਿਆਂ ਸਕੂਲ ਮੈਨੇਜਮੈਂਟ, ਚੇਅਰਮੈਨ ਤੇ ਪ੍ਰਿੰਸੀਪਲ ਦੇ ਵੀ ਡੋਪ ਟੈਸਟ ਸਰਕਾਰੀ ਹਸਪਤਾਲ ਦੇ ਸਿਵਲ ਸਰਜਨ ਦੀ ਦੇਖ-ਰੇਖ ਹੇਠ ਕਰਵਾਏ ਜਾਣ। ਐੱਸਐੱਸਪੀ ਕਪੂਰਥਲਾ ਵੱਲੋਂ ਅਗਲੇ ਸੋਮਵਾਰ ਤੱਕ ਪਰਚਾ ਦਰਜ ਕਰਨ ਦਾ ਭਰੋਸਾ ਦਿੱਤਾ ਗਿਆ। ਧਰਨੇ ਦੌਰਾਨ ਸਕੂਲ ਮੈਨੇਜਮੈਂਟ ਦੇ ਇਕ ਅਧਿਕਾਰੀ ਵੱਲੋਂ ਮੇਡ ਵਰਕਰ ਔਰਤ ਨੂੰ ਸ਼ਰੇਆਮ ਜਾਤੀ ਸੂਚਕ ਸ਼ਬਦ ਬੋਲ ਕੇ ਅਪਮਾਨਿਤ ਕਰਨ ਦੇ ਗੰਭੀਰ ਮਾਮਲੇ ਤੇ ਸਖ਼ਤ ਸਟੈਂਡ ਲਿਆ ਗਿਆ। ਦੋਸ਼ੀ ਅਧਿਕਾਰੀ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਲਈ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਨੂੰ ਇਕ ਲਿਖਤੀ ਸ਼ਿਕਾਇਤ ਪੱਤਰ ਸੌਂਪਿਆ ਗਿਆ। ਮਾਨਯੋਗ ਐੱਸਐੱਸਪੀ ਸਾਹਿਬ ਨੇ ਜਥੇਬੰਦੀਆਂ ਦੇ ਵਫ਼ਦ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਤੇ ਵਿਸ਼ਵਾਸ ਦਿਵਾਇਆ ਕਿ ਆਉਂਦੇ ਸੋਮਵਾਰ ਤੱਕ ਦੋਸ਼ੀ ਖ਼ਿਲਾਫ਼ ਬਣਦਾ ਕਾਨੂੰਨੀ ਪਰਚਾ ਦਰਜ ਕਰ ਲਿਆ ਜਾਵੇਗਾ। ਇਸ ਠੋਸ ਭਰੋਸੇ ਤੋਂ ਬਾਅਦ ਜਥੇਬੰਦੀਆਂ ਵੱਲੋਂ ਅੱਜ ਦਾ ਧਰਨਾ ਅਗਲੇ ਸੋਮਵਾਰ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ। ਇਸ ਸਾਂਝੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਮੈਦਾਨ ਵਿਚ ਨਿੱਤਰੇ ਆਗੂਆਂ ਵਿਚ ਆਜ਼ਾਦ ਕਿਸਾਨ ਮੋਰਚਾ ਪੰਜਾਬ ਦੇ ਪ੍ਰਮੁੱਖ ਆਗੂਆਂ ਤੋਂ ਇਲਾਵਾ, ਪੰਜਾਬ ਕਿਸਾਨ ਯੂਨੀਅਨ (ਬਾਗੀ) ਦੇ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਭਾਰਤੀ ਕਿਸਾਨ ਯੂਨੀਅਨ (ਮਝੈਲ) ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਹਰੀਕੇ, ਭਾਰਤੀ ਕਿਸਾਨ ਯੂਨੀਅਨ (ਤੋਤੇਵਾਲ) ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਸੁੱਖ ਮੱਲੀ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਖਿਜਰਪੁਰ ਅਤੇ ਫੈਕਟਰੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸਾਥੀਆਂ ਸਮੇਤ ਹਾਜ਼ਰ ਹੋਏ । ਜਥੇਬੰਦੀਆਂ ਦੀ ਚੇਤਾਵਨੀ ਦਿੱਤੀ ਕਿ ਕੰਮ ਨਹੀਂ ਦਿੱਤੀ ਕਿ ਗ਼ਰੀਬ ਮਜ਼ਦੂਰਾਂ ਅਤੇ ਔਰਤਾਂ ਦੇ ਸਨਮਾਨ ਨਾਲ ਖੇਡਣ ਵਾਲੀ ਕਿਸੇ ਵੀ ਮੈਨੇਜਮੈਂਟ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪ੍ਰਸ਼ਾਸਨ ਨੇ ਜੋ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ, ਜਥੇਬੰਦੀਆਂ ਉਸ ਦਾ ਸਨਮਾਨ ਕਰਦੀਆਂ ਹਨ ਪਰ ਜੇਕਰ ਮਿੱਥੇ ਸਮੇਂ ਅੰਦਰ ਦੋਸ਼ੀ ਤੇ ਪਰਚਾ ਦਰਜ ਨਾ ਹੋਇਆ ਤੇ ਲੇਬਰ ਨਿਯਮ ਲਾਗੂ ਨਾ ਕੀਤੇ ਗਏ, ਤਾਂ ਅਗਲੇ ਹਫ਼ਤੇ ਇਸ ਤੋਂ ਵੀ ਵੱਡਾ ਤੇ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਕਪੂਰਥਲਾ ਪ੍ਰਸ਼ਾਸਨ ਦੀ ਹੋਵੇਗੀ । ਇਸ ਮੌਕੇ ਸ਼ੇਰੇ ਪੰਜਾਬ ਮੋਰਚਾ ਦੇ ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ, ਮੰਨਾ ਚਾਹਲ, ਪਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ ਅੰਮ੍ਰਿਤਸਰ ਤੋਂ ਪ੍ਰਧਾਨ ਦਿਲਬਾਗ ਸਿੰਘ, ਅਮਰਜੀਤ ਸਿੰਘ ਨਿਜ਼ਾਮਪੁਰ, ਅੱਛਰ ਸਿੰਘ ਗੁਡਾਣਾ, ਇਕਾਈ ਮੰਡ ਇਬ੍ਰਾਹੀਮਵਾਲ ਦੇ ਪ੍ਰਧਾਨ ਨਿਸ਼ਾਨ ਸਿੰਘ, ਹੈਪੀ ਰਾਵਾਂ ਇੰਦਰਜੀਤ ਸਿੰਘ ਭੀਲਾ ਅਤੇ ਹੋਰ ਵੀ ਕਿਸਾਨ ਮਜ਼ਦੂਰ ਆਗੂ ਹਾਜ਼ਰ ਸਨ ।