ਪਿੰਡ ਪਲਾਹੀ ’ਚ ਲਗਾਇਆ ਕਿਸਾਨ ਸਿਖਲਾਈ ਕੈਂਪ
ਪਿੰਡ ਪਲਾਹੀ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ
Publish Date: Thu, 26 Feb 2026 08:09 PM (IST)
Updated Date: Thu, 26 Feb 2026 08:13 PM (IST)

ਫਗਵਾੜਾ : ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੇ ਕਣਕ ਦੀ ਫਸਲ ਉਤੇ ਫਰਵਰੀ ਮਹੀਨੇ ’ਚ ਵਧ ਰਹੇ ਤਾਪਮਾਨ ਦੇ ਮਾੜੇ ਪ੍ਰਭਾਵ ਦੀ ਸੰਭਾਵਨਾ ਦੇ ਮੱਦੇਨਜ਼ਰ ਪਿੰਡ ਪਲਾਹੀ ਬਲਾਕ ਫਗਵਾੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ। ਇਸ ਮੌਕੇ ਪਿੰਡ ਪਲਾਹੀ ਦੀ ਸਮੂਹ ਪੰਚਾਇਤ ਤੇ ਮੋਹਤਬਰ ਕਿਸਾਨ ਹਾਜ਼ਰ ਸਨ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਮਹੇ ਖੇਤੀਬਾੜੀ ਅਫਸਰ ਫਗਵਾੜਾ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਦਸਿਆ। ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ, ਕੱਲਰ ਸੁਧਾਰ ਤਹਿਤ ਜਿਪਸਮ ਸਬਸਿਡੀ ਤੇ ਲੈਣ ਬਾਰੇ, ਫਾਰਮਰ ਰਜਿਸਟਰੀ, ਸੀਆਰਐੱਮ ਤਹਿਤ ਖੇਤੀਬਾੜੀ ਮਸ਼ੀਨਰੀ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁਰਵਿੰਦਰ ਸਿੰਘ ਟ੍ਰੇਨਿੰਗ ਅਫਸਰ, ਕਪੂਰਥਲਾ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕਣਕ ਨੂੰ ਹਲਕਾ ਪਾਣੀ ਲਗਾਉਣਾ ਤੇ ਕਿਸਾਨਾਂ ਨੂੰ ਹਰ ਰੋਜ਼ ਆਪਣੀ ਫਸਲ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਇਸ ਵੇਲੇ ਕਣਕ ਤੇ ਪੀਲੀ ਕੁੰਗੀ ਦੇ ਹਮਲੇ ਸਬੰਧੀ ਚੌਕਸ ਹੋ ਜਾਣਾ ਚਾਹੀਦਾ ਹੈ। ਇਸ ਬਿਮਾਰੀ ਦੇ ਕਣ ਹਵਾ ਨਾਲ ਅੱਗੇ ਫੈਲਦੇ ਹਨ, ਸੋ ਕਿਸਾਨ ਸੁਚੇਤ ਰਹਿਣ ਤੇ ਇਸ ਬਿਮਾਰੀ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਹੀ 300 ਮਿਲੀ. ਟੈਬੋਕੋਨਾਜ਼ੋਲ ਨੂੰ 200 ਲਿਟਰ ਪਾਣੀ ਪ੍ਰਤੀ ਏਕੜ ਸਪਰੇਅ ਕਰ ਦੇਣ। ਜੇਕਰ ਬਿਮਾਰੀ ਧੋੜੀਆਂ ਵਿਚ ਹੈ ਤਾਂ ਉਸ ਦੇ ਨਾਲ ਲੱਗਦੇ ਏਰੀਏ ਨੂੰ ਕਵਰ ਕਰਦੇ ਹੋਏ ਸਪਰੇਅ ਕੀਤੀ ਜਾ ਸਕਦੀ ਹੈ। ਡਾ. ਗਰਮੀਤ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਨੇ ਕਿਹਾ ਕਿ ਜਿਸ ਕਿਸਾਨ ਦੇ ਖੇਤ ਵਿਚ ਕੱਲਰ ਹੈ ਤਾਂ ਉਸ ਕਿਸਾਨ ਨੂੰ ਵਿਭਾਗ ਨਾਲ ਸੰਪਰਕ ਕਰਕੇ ਜਿਪਸਮ ਆਪਣੇ ਖੇਤਾਂ ਵਿਚ ਪਾ ਲੈਣਾ ਚਾਹੀਦਾ ਹੈ। ਖੇਤੀਬਾੜੀ ਅਧਿਕਾਰੀਆਂ ਨੇ ਕਿਹਾ ਕਿ ਫਰਵਰੀ ਮਹੀਨੇ ਵਿਚ ਤਾਪਮਾਨ ਵਧਣ ਕਾਰਨ ਸਾਲ 2022 ਤਰ੍ਹਾਂ ਇਸ ਸਾਲ ਵੀ ਕਣਕ ਦਾ ਝਾੜ ਘਟ ਸਕਦਾ ਹੈ। ਇਸ ਕਰਕੇ ਕਿਸਾਨ ਕਣਕ ਵਿਚ ਬੂਰ ਪੈਣ ਤੋਂ ਪਹਿਲਾਂ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ ਹਫਤੇ ਦੇ ਫਰਕ ਨਾਲ 2 ਸਪਰੇਆਂ ਜ਼ਰੂਰ ਕਰਨ, ਜਿਸ ਨਾਲ ਕਣਕ ਦਾ ਝਾੜ ਘਟਣ ਤੋਂ ਬਚਅ ਕੀਤਾ ਜਾ ਸਕਦਾ ਹੈ। ਇਸ ਮੌਕੇ ਧਰਮਿੰਦਰ ਸਿੰਘ ਨੰਬਰਦਾਰ, ਪਲਵਿੰਦਰ ਸਿੰਘ ਸੈਕਟਰੀ, ਮਨਜੀਤ ਸਿੰਘ, ਰੇਸ਼ਮ ਸਿੰਘ, ਮਨੋਹਰ ਸਿੰਘ, ਕਮਲੇਸ਼ ਕੌਰ, ਤੀਰਕ ਸਿੰਘ, ਤਾਰਾ ਸਿੰਘ, ਧਰਮਵੀਰ ਖੇਤੀਬਾੜੀ ਉਪ ਨਿਰੀਖਕ, ਆਈਟੀਸੀ ਐੱਨਜੀਓ ਤੋਂ ਮੈਡਮ ਕੋਮਲ ਦਾ ਕੈਂਪ ਨੂੰ ਕਾਮਯਾਬ ਕਰਨ ਵਿਚ ਅਹਿਮ ਯੋਗਦਾਨ ਰਿਹਾ।