ਯੂਨੀਵਰਸਿਟੀ ਕਾਲਜ ਫੱਤੂਢੀਂਗਾ ’ਚ ਕਰਵਾਇਆ ਵਿਦਾਈ ਸਮਾਰੋਹ
ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ’ਚ ਵਿਦਾਈ ਸਮਾਰੋਹ ਸ਼ਾਨੋ-ਸ਼ੌਕਤ ਨਾਲ ਆਯੋਜਿਤ
Publish Date: Sun, 05 Apr 2026 08:57 PM (IST)
Updated Date: Mon, 06 Apr 2026 04:14 AM (IST)

ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ, ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਵੱਲੋਂ ਅੰਤਿਮ ਵਰ੍ਹੇ ਦੀਆਂ ਵਿਦਿਆਰਥਣਾਂ ਲਈ ਵਿਦਾਈ ਸਮਾਰੋਹ ਅਜਿਹੇ ਸ਼ਾਨਦਾਰ ਅੰਦਾਜ਼ ਵਿੱਚ ਮਨਾਇਆ ਗਿਆ ਕਿ ਹਰ ਇੱਕ ਪਲ ਯਾਦਗਾਰ ਬਣ ਗਿਆ । ਉੱਚਾ ਬੇਟ ਵਿਖੇ ਸਥਿਤ ਧਾਮ ਪੈਲੇਸ ਇਸ ਖਾਸ ਮੌਕੇ ’ਤੇ ਰੌਸ਼ਨੀਆਂ, ਖੁਸ਼ੀਆਂ ਅਤੇ ਉਤਸ਼ਾਹ ਨਾਲ ਚਮਕ ਉਠਿਆ । ਹਰੇਕ ਚਿਹਰੇ ‘ਤੇ ਮੁਸਕਾਨ ਦੇ ਨਾਲ ਵਿਛੋੜੇ ਦੀ ਹਲਕੀ ਚੁਭਨ ਵੀ ਮਹਿਸੂਸ ਹੋ ਰਹੀ ਸੀ। ਸਮਾਰੋਹ ਦੀ ਸ਼ੁਰੂਆਤ ਰਿਵਾਇਤੀ ਅੰਦਾਜ਼ ਨਾਲ ਹੋਈ, ਪਰ ਜਲਦੀ ਹੀ ਇਹ ਮੰਚ ਪ੍ਰਤਿਭਾ, ਜੋਸ਼ ਅਤੇ ਰਚਨਾਤਮਕਤਾ ਦਾ ਕੇਂਦਰ ਬਣ ਗਿਆ। ਵਿਦਿਆਰਥਣਾਂ ਨੇ ਡਾਂਸ, ਗੀਤ, ਕੋਰੀਓਗ੍ਰਾਫੀ ਅਤੇ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ।ਹਰ ਪੇਸ਼ਕਾਰੀ ਨੇ ਤਾਲੀਆਂ ਦੀ ਗੂੰਜ ਨਾਲ ਮਾਹੌਲ ਨੂੰ ਹੋਰ ਵੀ ਜੀਵੰਤ ਕਰ ਦਿੱਤਾ । ਇਸ ਮੌਕੇ ‘ਤੇ ਖ਼ਿਤਾਬਾਂ ਦੀ ਘੋਸ਼ਣਾ ਸਮਾਰੋਹ ਦਾ ਸਭ ਤੋਂ ਰੋਮਾਂਚਕ ਪਲ ਸਾਬਤ ਹੋਈ। ਮਿਸ ਫੇਅਰਵੈੱਲ ਦਾ ਮਾਣਯੋਗ ਖਿਤਾਬ ਕੋਮਲਪ੍ਰੀਤ (ਕਾਮਰਸ ਵਿਭਾਗ) ਦੇ ਸਿਰ ਸਜਿਆ, ਜਿਨ੍ਹਾਂ ਦੀ ਆਤਮਵਿਸ਼ਵਾਸ ਭਰੀ ਸ਼ਖਸੀਅਤ ਅਤੇ ਪ੍ਰਤਿਭਾ ਨੇ ਸਭ ਨੂੰ ਪ੍ਰਭਾਵਿਤ ਕੀਤਾ। ਮਿਸ ਬਿਊਟੀਫੁੱਲ ਦਾ ਖਿਤਾਬ ਅਮਨਦੀਪ ਕੌਰ (ਆਰਟਸ ਵਿਭਾਗ) ਨੂੰ ਮਿਲਿਆ, ਜਦਕਿ ਮਿਸ ਚਾਰਮਿੰਗ ਦਾ ਖਿਤਾਬ ਮਾਨਸੀ (ਕੰਪਿਊਟਰ ਵਿਭਾਗ) ਨੂੰ ਪ੍ਰਦਾਨ ਕੀਤਾ ਗਿਆ। ਇਹ ਖ਼ਿਤਾਬ ਸਮਾਰੋਹ ਦੀ ਸ਼ਾਨ ਵਿੱਚ ਚਾਰ ਚੰਦ ਲਗਾਉਂਦੇ ਨਜ਼ਰ ਆਏ । ਇਸ ਦੇ ਨਾਲ ਹੀ ਅਕਾਦਮਿਕ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਜੋ ਉਨ੍ਹਾਂ ਦੀ ਲਗਨ, ਮਿਹਨਤ ਅਤੇ ਅਟੱਲ ਜਜ਼ਬੇ ਦਾ ਪ੍ਰਤੀਕ ਸੀ । ਸਮਾਰੋਹ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਵਿਦਾਈ ਕਿਸੇ ਅੰਤ ਦਾ ਨਾਮ ਨਹੀਂ, ਇਹ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੈ।” ਉਨ੍ਹਾਂ ਵਿਦਿਆਰਥਣਾਂ ਨੂੰ ਜੀਵਨ ਵਿੱਚ ਉੱਚੇ ਲਕਸ਼ਾਂ ਨੂੰ ਹਾਸਲ ਕਰਨ ਲਈ ਦ੍ਰਿੜ ਨਿਸ਼ਚੇ, ਸੱਚਾਈ ਤੇ ਮਿਹਨਤ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ । ਇਹ ਵਿਦਾਈ ਸਮਾਰੋਹ ਸਿਰਫ਼ ਇੱਕ ਰਸਮੀ ਕਾਰਜਕ੍ਰਮ ਨਹੀਂ ਸੀ, ਸਗੋਂ ਯਾਦਾਂ, ਦੋਸਤੀਆਂ ਅਤੇ ਭਾਵਨਾਵਾਂ ਦਾ ਇਕ ਅਨਮੋਲ ਮੇਲਾ ਸੀ। ਹਾਸੇ, ਹੰਝੂਆਂ ਤੇ ਖੁਸ਼ੀਆਂ ਦੇ ਮਿਲੇ-ਜੁਲੇ ਪਲਾਂ ਨਾਲ ਰੰਗਿਆ ਇਹ ਸਮਾਰੋਹ ਹਰੇਕ ਹਾਜ਼ਰੀਨ ਦੇ ਦਿਲ ’ਚ ਡੂੰਘੀ ਛਾਪ ਛੱਡ ਗਿਆ। ਅੰਤ ’ਚ ਤਸਵੀਰਾਂ, ਗਲੇ ਮਿਲਣ ਤੇ ਮਿੱਠੀਆਂ ਯਾਦਾਂ ਦੇ ਨਾਲ ਇਹ ਯਾਦਗਾਰ ਸਮਾਰੋਹ ਅੰਤਿਮ ਰੂਪ ਵਿੱਚ ਪਹੁੰਚਿਆ, ਜੋ ਵਿਦਿਆਰਥਣਾਂ ਦੀ ਜ਼ਿੰਦਗੀ ਦੇ ਸੋਹਣੇ ਸਫ਼ਰ ਵਿੱਚ ਇੱਕ ਚਮਕਦਾ ਅਨੁਭਵ ਬਣ ਕੇ ਸਦਾ ਲਈ ਵਸਦਾ ਰਹੇਗਾ।