ਰੂਸ ’ਚ ਫਸੇ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਸੰਤ ਸੀਚੇਵਾਲ ਨੂੰ ਮਦਦ ਦੀ ਅਪੀਲ
ਰੂਸ ’ਚ ਫਸੇ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਵਲੋਂ ਸੰਤ ਸੀਚੇਵਾਲ ਨੂੰ ਮਦਦ ਦੀ ਅਪੀਲ
Publish Date: Tue, 31 Mar 2026 08:50 PM (IST)
Updated Date: Tue, 31 Mar 2026 08:52 PM (IST)

ਪੀੜਤ ਪਰਿਵਾਰਾਂ ਨੇ ਟਰੈਵਲ ਏਜੰਟਾਂ ’ਤੇ ਲਾਏ ਧੋਖਾਧੜੀ ਦੇ ਦੋਸ਼ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰੂਸ ਵਿਚ ਫਸੇ ਦੋ ਪੰਜਾਬੀ ਨੌਜਵਾਨਾਂ ਅਸ਼ੋਕ ਕੁਮਾਰ ਤੇ ਹਰਵਿੰਦਰ ਸਿੰਘ ਦੇ ਪਰਿਵਾਰਾਂ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕਰਕੇ ਮਦਦ ਦੀ ਅਪੀਲ ਕੀਤੀ ਗਈ ਹੈ। ਰੂਸ ਵਿਚ ਫਸੇ ਨੌਜਵਾਨਾਂ ਵਿਚ ਇਕ ਨਕੋਦਰ ਦਾ ਤੇ ਦੂਜਾ ਮੋਹਾਲੀ ਦਾ ਰਹਿਣ ਵਾਲਾ ਹੈ। ਪੀੜਤਾਂ ਦੀਆਂ ਪਤਨੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ 19 ਜਨਵਰੀ 2026 ਨੂੰ ਜਲੰਧਰ ਦੀ ਇਕ ਟਰੈਵਲ ਕੰਪਨੀ ਰਾਹੀਂ ਮਾਸਕੋ (ਰੂਸ) ਗਏ ਸਨ। ਪਰਿਵਾਰਾਂ ਦੇ ਅਨੁਸਾਰ, ਟਰੈਵਲ ਏਜੰਸੀ ਵੱਲੋਂ ਲਗਭਗ 2.8 ਲੱਖ ਰੁਪਏ ਲੈ ਕੇ ਇਕ ਸਾਲ ਦੀ ਨੌਕਰੀ ਤੇ ਮਹੀਨਾਵਾਰ 90 ਹਜ਼ਾਰ ਤੋਂ 1 ਲੱਖ ਰੁਪਏ ਤਨਖਾਹ ਦਾ ਵਾਅਦਾ ਕੀਤਾ ਗਿਆ ਸੀ ਪਰ ਰੂਸ ਪਹੁੰਚਣ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਕੋਈ ਤਨਖਾਹ ਦਿੱਤੀ ਗਈ ਅਤੇ ਨਾ ਹੀ ਉਨ੍ਹਾਂ ਦਾ ਵੀਜ਼ਾ ਵਧਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ 14 ਮਾਰਚ 2026 ਤੋਂ ਦੋਹਾਂ ਨੌਜਵਾਨਾਂ ਨਾਲ ਸੰਪਰਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। 19 ਮਾਰਚ ਨੂੰ ਆਖਰੀ ਵਾਰ ਅਸ਼ੋਕ ਕੁਮਾਰ ਨੇ ਜਾਣਕਾਰੀ ਦਿੱਤੀ ਸੀ ਕਿ ਰੂਸੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ, ਜਿਸ ਕਾਰਨ ਪਰਿਵਾਰ ਗੰਭੀਰ ਚਿੰਤਾ ਤੇ ਡਰ ਵਿਚ ਜੀ ਰਹੇ ਹਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਦੇ ਨਿੱਕੇ ਬੱਚੇ ਹਰ ਰੋਜ਼ ਆਪਣੇ ਪਿਤਾ ਨਾਲ ਗੱਲ ਕਰਨ ਲਈ ਤਰਸ ਰਹੇ ਹਨ ਤੇ ਘਰ ਦੀ ਆਰਥਿਕ ਹਾਲਤ ਵੀ ਕਾਫੀ ਨਾਜ਼ੁਕ ਹੋ ਗਈ ਹੈ। ਉਨ੍ਹਾਂ ਨੇ ਟਰੈਵਲ ਏਜੰਟਾਂ ਉੱਤੇ ਧੋਖਾਧੜੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਪਰਿਵਾਰਾਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਦੋਹਾਂ ਨੌਜਵਾਨਾਂ ਨੂੰ ਜਲਦ ਤੋਂ ਜਲਦ ਸੁਰੱਖਿਅਤ ਭਾਰਤ ਵਾਪਸ ਲਿਆਇਆ ਜਾਵੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਈ-ਮੇਲ ਰਾਹੀਂ ਵਿਦੇਸ਼ ਮੰਤਰਾਲੇ ਕੋਲ ਭੇਜ ਦਿੱਤਾ ਹੈ ਤੇ ਸਰਕਾਰ ਤੋਂ ਨੌਜਵਾਨਾਂ ਦੀ ਜਲਦ ਸੁਰੱਖਿਅਤ ਵਾਪਸੀ ਲਈ ਅਪੀਲ ਕੀਤੀ ਹੈ।