ਹੈਬਤਪੁਰ ’ਚ ਇੱਕੋ ਰਾਤ ’ਚ ਤਿੰਨ ਘਰਾਂ ’ਚ ਚੋਰੀ ਦੀ ਕੋਸ਼ਿਸ਼, ਪਿੰਡ ਵਾਸੀਆਂ ’ਚ ਦਹਿਸ਼ਤ
ਹੈਬਤਪੁਰ ਵਿੱਚ ਇੱਕੋ ਰਾਤ ਤਿੰਨ ਘਰਾਂ ’ਚ ਚੋਰੀ ਦੀ ਨਾਕਾਮ ਕੋਸ਼ਿਸ਼, ਪਿੰਡ ਵਾਸੀਆਂ ’ਚ ਦਹਿਸ਼ਤ
Publish Date: Wed, 22 Apr 2026 09:15 PM (IST)
Updated Date: Thu, 23 Apr 2026 04:10 AM (IST)

ਕੈਪਸਨ : 22ਕੇਪੀਟੀ22,23,24,29 ਪਿੰਡ ਹੈਬਤਪੁਰ ਦੀਆਂ ਗਲੀਆਂ ਚ ਬੇਖੋਫ ਘੁੰਮਦੇ ਹੋਏ ਅਣਪਛਾਤੇ ਚੋਰਾਂ ਦੀ ਸੀਸੀਟੀਵੀ ਫੁਟੇਜ, ਘਰ ’ਚ ਚੋਰਾਂ ਦੇ ਗਿਰੋਹ ਵੱਲੋਂ ਘਰ ’ਚ ਕੀਤੀ ਫੋਲਾ ਫਰਾਲੀ, ਉਸੇ ਘਰ ’ਚ ਚੋਰਾਂ ਦੁਆਰਾ ਖਿੜਕੀ ਦਾ ਤੋੜਿਆ ਜੰਗਲੇ ਬਾਰੇ ਅਤੇ ਦੂਸਰੇ ਘਰ ’ਚ ਚੋਰਾਂ ਵੱਲੋਂ ਕੀਤੀ ਅਲਮਾਰੀ ਦੀ ਫੋਲਾ ਫਰਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਘਰਾਂ ਦੇ ਮਾਲਕ । ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਥਾਣਾ ਢਿਲਵਾਂ ਅਧੀਨ ਪੈਂਦੇ ਪਿੰਡ ਹੈਬਤਪੁਰ ’ਚ ਬੀਤੀ ਦੇਰ ਰਾਤ 6 ਤੋਂ 7 ਵਿਅਕਤੀਆਂ ਦੇ ਇਕ ਗਿਰੋਹ ਵੱਲੋਂ ਲਗਾਤਾਰ ਤਿੰਨ ਘਰਾਂ ’ਚ ਵੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਚੋਰ ਕਿਸੇ ਵੀ ਘਰ ’ਚ ਵੱਡੀ ਚੋਰੀ ਕਰਨ ’ਚ ਕਾਮਯਾਬ ਨਹੀਂ ਹੋ ਸਕੇ, ਪਰ ਇਸ ਘਟਨਾ ਨਾਲ ਪਿੰਡ ਵਾਸੀਆਂ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਪੌਣੇ ਤਿੰਨ ਵਜੇ ਉਹਨਾਂ ਨੂੰ ਆਪਣੇ ਘਰ ਵਿੱਚ ਖੜਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਬਾਹਰ ਨਿਕਲੇ ਤਾਂ ਕੁਝ ਵਿਸ਼ੇਸ਼ ਨਹੀਂ ਦਿੱਸਿਆ, ਪਰ ਗਮਲੇ ਟੁੱਟੇ ਹੋਏ ਮਿਲੇ ਅਤੇ ਛੱਤ ਵੱਲੋਂ ਆਵਾਜ਼ਾਂ ਆ ਰਹੀਆਂ ਸਨ। ਇਸ ਦੌਰਾਨ ਉਹਨਾਂ ਨੇ ਗੁਆਂਢੀਆਂ ਨੂੰ ਸੂਚਿਤ ਕੀਤਾ। ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਚੋਰ ਛੱਤ ਰਾਹੀਂ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਚੋਰ ਗਰਿਲ ਤੋੜ ਕੇ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਤਰ੍ਹਾਂ ਦੂਜੇ ਘਰ ਦੀ ਰਹਿਣ ਵਾਲੀ ਬਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਸਮੇਤ ਕਮਰੇ ’ਚ ਸੌ ਰਹੀ ਸੀ। ਰਾਤ ਕਰੀਬ 2:30 ਵਜੇ ਦੂਜੇ ਕਮਰੇ ਵਿੱਚੋਂ ਆਵਾਜ਼ਾਂ ਆਉਣ ‘ਤੇ ਉਹ ਡਰ ਗਈ ਅਤੇ ਬੱਚਿਆਂ ਸਮੇਤ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਕੁਝ ਸਮੇਂ ਬਾਅਦ ਜਦੋਂ ਆਵਾਜ਼ਾਂ ਰੁਕੀਆਂ ਤਾਂ ਵੇਖਿਆ ਕਿ ਚੋਰ ਅਲਮਾਰੀ ਨੂੰ ਨੁਕਸਾਨ ਪਹੁੰਚਾ ਕੇ ਪਿੱਛੇ ਵੱਲੋਂ ਭੱਜ ਗਏ। ਤੀਜੀ ਘਟਨਾ ਦਾ ਪਤਾ ਪਰਿਵਾਰ ਨੂੰ ਸਵੇਰੇ ਲੱਗਾ। ਮਨਜੋਤ ਸਿੰਘ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਜਦੋਂ ਉਹ ਉੱਠੇ ਤਾਂ ਲੋਬੀ ਵਿੱਚ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਖੁੱਲੀ ਹੋਈ ਸੀ। ਛੱਤ ‘ਤੇ ਜਾਣ ‘ਤੇ ਖਿੜਕੀ ਟੁੱਟੀ ਹੋਈ ਮਿਲੀ, ਜਿਥੋਂ ਚੋਰ ਅੰਦਰ ਦਾਖਲ ਹੋਏ ਸਨ। ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਰਾਤ ਕਰੀਬ 3 ਵਜੇ ਤਿੰਨ ਚੋਰ ਘਰ ਅੰਦਰ ਘੁੰਮਦੇ ਨਜ਼ਰ ਆਏ। ਸੀਸੀਟੀਵੀ ਫੁਟੇਜ ਅਨੁਸਾਰ ਚੋਰਾਂ ਦਾ ਗਿਰੋਹ ਲਗਭਗ 6 ਤੋਂ 7 ਮੈਂਬਰਾਂ ਦਾ ਸੀ, ਜੋ ਪੂਰੀ ਤਿਆਰੀ ਨਾਲ ਆਇਆ ਹੋਇਆ ਸੀ। ਭਾਵੇਂ ਇਸ ਘਟਨਾ ਦੌਰਾਨ ਕੋਈ ਵੱਡਾ ਮਾਲੀ ਨੁਕਸਾਨ ਨਹੀਂ ਹੋਇਆ, ਪਰ ਲਗਾਤਾਰ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਉਣ ਨਾਲ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਘਟਨਾ ਸਬੰਧੀ ਢਿਲਵਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਸਮੇਂ ਗਸ਼ਤ ਵਧਾਉਣ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ।