ਨਿਰਮਲ ਕੁਟੀਆ ਵਿਖੇ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ 14 ਨੂੰ
ਨਿਰਮਲ ਕੁਟੀਆ ਵਿਖੇ ਆਗਮਨ ਪੁਰਬ ਨੂੰ ਸਮਰਪਿਤ ਸਮਾਗਮ 14 ਨੂੰ
Publish Date: Sun, 11 Jan 2026 07:25 PM (IST)
Updated Date: Sun, 11 Jan 2026 07:27 PM (IST)

ਫਗਵਾੜਾ : ਸਾਹਿਬੇ ਕਮਾਲ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਤੇ ਬ੍ਰਹਮਲੀਨ ਬ੍ਰਹਮ ਗਿਆਨੀ ਸ਼੍ਰੋਮਣੀ ਵਿਰਕਤ ਸ੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਵਸ ਦੀ ਖੁਸ਼ੀ ਵਿਚ ਗੁਰਮਤਿ ਸਮਾਗਮ ਮਿਤੀ 14 ਜਨਵਰੀ ਦਿਨ ਬੁੱਧਵਾਰ ਨੂੰ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਵਿਖੇ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀਮਾਨ ਸੰਤ 108 ਬਾਬਾ ਦਲੇਲ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਮਿਤੀ 14 ਜਨਵਰੀ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮਿਤੀ 12 ਜਨਵਰੀ ਦਿਨ ਸੋਮਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੀਆਂ ਲੜੀਆਂ ਆਰੰਭ ਕੀਤੀਆਂ ਜਾਣਗੀਆਂ ਅਤੇ ਮਿਤੀ 14 ਜਨਵਰੀ ਦਿਨ ਬੁੱਧਵਾਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਜਾਪਾਂ ਦੀਆਂ ਲੜੀਆਂ ਦੇ ਭੋਗ ਉਪਰੰਤ ਸਜੇ ਦੀਵਾਨਾਂ ਵਿਚ ਪੰਥ ਦਾ ਪ੍ਰਸਿੱਧ ਕੀਰਤਨੀ ਜੱਥਾ ਮੀਰੀ ਪੀਰੀ ਖਾਲਸਾ ਜੀ ਜਗਾਧਰੀ ਵਾਲਾ ਜੱਥਾ ਤੇ ਭਾਈ ਪ੍ਰਤਾਪ ਸਿੰਘ ਜੀ ਹਜੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਅਨੰਦਪੁਰ ਸਾਹਿਬ ਵਾਲੇ ਆਈਆਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਨਿਹਾਲ ਕਰਨਗੇ। ਉਪਰੰਤ ਤਤਵੇਤੇ ਖਟ ਦਰਸ਼ਨ ਨਿਰਮਲ ਭੇਖ ਸਾਧੂ ਸੰਤ ਸਮਾਜ ਦੇ ਮਹਾਂਪੁਰਖਾਂ ਵੱਲੋਂ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਉਨ੍ਹਾਂ ਨੇ ਸਮੂਹ ਦੂਰ-ਨੇੜੇ ਦੀਆਂ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ।
ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਮਿਤੀ 13 ਜਨਵਰੀ ਦਿਨ ਮੰਗਲਵਾਰ ਨੂੰ ਤਪ ਅਸਥਾਨ ਨਿਰਮਲ ਕੁਟੀਆ ਵਿਖੇ ਸ਼ਾਮ 5 ਵਜੇ ਧੀਆਂ ਦੀ ਲੋਹੜੀ ਪਾਈ ਜਾਵੇਗੀ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ 13 ਜਨਵਰੀ ਦਿਨ ਮੰਗਲਵਾਰ ਨੂੰ ਵੀ ਤਪ ਅਸਥਾਨ ਪਹੁੰਚਕੇ ਸਮਾਗਮ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ।