ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ ਸੂਬਾ ਪੱਧਰੀ ਰੋਸ ਧਰਨਾ ਭਲਕੇ
ਡੀ.ਪੀ.ਆਈ ਦਫਤਰ ਵਿਖੇ ਸੂਬਾ ਪੱਧਰੀ ਰੋਸ ਧਰਨਾ ਤੇ ਮਾਰਚ 10 ਨੂੰ
Publish Date: Sat, 07 Mar 2026 07:52 PM (IST)
Updated Date: Sat, 07 Mar 2026 07:54 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਦੇ ਏਡਿਡ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਤੇ ਪੈਨਸ਼ਨਰਾਂ ਵੱਲੋਂ 10 ਮਾਰਚ ਨੂੰ ਡੀਪੀਆਈ ਦਫਤਰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਤੇ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਜਾਰੀ ਬਿਆਨ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ, ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ, ਪੈਨਸ਼ਨਰ ਐਸ਼ੋ. ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ, ਮੈਨੇਜਮੈਂਟ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਐੱਸਐੱਸ ਚਾਵਲਾ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਸੂਬੇ ਦੇ 1.75 ਲੱਖ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਨੂੰ ਮਈ 2025 ਤੋਂ ਤਨਖਾਹਾਂ ਦੀ ਗ੍ਰਾਂਟ ਜਾਰੀ ਨਹੀ ਹੋ ਸਕੀ। ਜਨਵਰੀ ਮਹੀਨੇ ਤੋਂ ਬਜਟ ਨਾ ਪੈਣ ਕਾਰਨ ਸੂਬੇ ਦੇ ਸੈਂਕੜੇ ਅਧਿਆਪਕ ਮਈ 2025 ਤੋਂ ਤਨਖਾਹਾਂ ਤੋਂ ਵਾਂਝੇ ਹਨ।।1 ਜਨਵਰੀ 2016 ਤੋਂ ਬਾਅਦ ਦੇ ਸੇਵਾ ਮੁਕਤ ਪੈਨਸ਼ਨਰਾਂ ਦੇ ਰਿਵਾਈਜ਼ਡ ਪੀਪੀਓ ਆਰਡਰ ਪਿੱਕ ਐਂਡ ਚੂਜ਼ ਨੀਤੀ ਤਹਿਤ ਦੇਰੀ ਨਾਲ ਜਾਰੀ ਕੀਤੇ ਜਾ ਰਹੇ ਹਨ। ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਨੇ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਏਡਿਡ ਸਕੂਲਾਂ ਦੇ ਅਧਿਆਪਕ ਤੇ ਪੈਨਸ਼ਨਰ ਮਾੜੇ ਦੌਰ ਵਿਚੋਂ ਲੰਘ ਰਹੇ ਹਨ। ਅਨੇਕਾਂ ਏਡਿਡ ਸਕੂਲ ਅਸਾਮੀਆਂ ਖਾਲੀ ਹੋਣ ਕਾਰਨ ਬੰਦ ਹੋ ਰਹੇ ਹਨ। ਜ਼ਿਲ੍ਹਾ ਸਕੱਤਰ ਬਲਵਿੰਦਰ ਕੌਰ ਨੇ ਕਿਹਾ ਕਿ ਗੁਆਂਢੀ ਸੂਬਿਆਂ ਨੇ ਏਡਿਡ ਸਕੂਲਾਂ ਦੇ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਮਰਜ ਕਰਕੇ ਸਮੱਸਿਆਵਾਂ ਹੱਲ ਕਰ ਦਿੱਤੀਆਂ ਹਨ ਪਰ ਪੰਜਾਬ ਦੀ ਆਪ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਤੋਂ ਵੀ ਹੁਣ ਪਾਸਾ ਵੱਟ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਉਕਤ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਮੁੱਚੇ ਏਡਿਡ ਸਟਾਫ, ਪੈਨਸ਼ਨਰ ਤੇ ਮੈਨੇਜਮੈਂਟਾਂ 10 ਮਾਰਚ ਨੂੰ ਡੀਪੀਆਈ (ਸੈ) ਮੁਹਾਲੀ ਦੇ ਦਫਤਰ ਮੂਹਰੇ ਧਰਨਾ ਲਗਾਏਗੀ ਤੇ ਲੋੜ ਪਈ ਤਾਂ ਪੰਜਾਬ ਵਿਧਾਨ ਸਭਾ ਵੱਲ ਮਾਰਚ ਵੀ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਮੋਨਿਕਾ ਸ਼ਰਮਾ ਕਪੂਰਥਲਾ ਨੇ ਕਿਹਾ ਕਿ ਇਸ ਰੋਸ ਮਾਰਚ ਦੇ ਵਿਚ ਜ਼ਿਲ੍ਹਾ ਕਪੂਰਥਲਾ ਆਪਣੇ ਸਾਥੀ ਅਧਿਆਪਕਾਂ ਦੇ ਨਾਲ ਸਭ ਤੋਂ ਅੱਗੇ ਰਹੇਗਾ। ਇਸ ਮੌਕੇ ਐਬਿਟ ਮਸੀਹ ਜਲੰਧਰ, ਅਸ਼ੋਕ ਵਡੇਹਰਾ ਫਿਰੋਜ਼ਪੁਰ, ਜਗਜੀਤ ਸਿੰਘ ਅੰਮ੍ਰਿਤਸਰ, ਹਰਦੀਪ ਸਿੰਘ ਰੂਪਨਗਰ, ਸੁਖਇੰਦਰ ਸਿੰਘ ਹੁਸ਼ਿਆਰਪੁਰ, ਡਾ. ਗੁਰਮੀਤ ਸਿੰਘ ਨਵਾਂਸ਼ਹਿਰ, ਪਰਮਜੀਤ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਅਨੰਦਪੁਰ ਸਾਹਿਬ, ਅਸ਼ਵਨੀ ਮਦਾਨ ਪਟਿਆਲਾ, ਚਰਨਜੀਤ ਸ਼ਰਮਾ, ਐੱਨਐੱਨ ਸੈਣੀ, ਕੇਕੇ ਜੋਸ਼ੀ, ਡਾ. ਜਸਵੀਰ ਸਿੰਘ, ਦਲਜੀਤ ਸਿੰਘ ਤੇ ਯਾਦਵਿੰਦਰ ਕੁਮਾਰ ਆਦਿ ਹਾਜ਼ਰ ਸਨ।