ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈੱਟ ਦੇ ਵਿਰੁੱਧ ਸੰਘਰਸ਼ ਦਾ ਐਲਾਨ
ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਟੈੱਟ ਦੇ ਵਿਰੋਧ ਵਿੱਚ ਸੰਘਰਸ਼ ਦਾ ਐਲਾਨ
Publish Date: Tue, 17 Feb 2026 06:46 PM (IST)
Updated Date: Tue, 17 Feb 2026 06:48 PM (IST)

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਥਿੰਦ ਦੀ ਅਗਵਾਈ ਵਿਚ ਈਟੀਟੀ ਅਧਿਆਪਕ ਯੂਨੀਅਨ ਕਪੂਰਥਲਾ ਦੀ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਥਿੰਦ ਨੇ ਦੱਸਿਆ ਕਿ ਸਟੇਟ ਕਮੇਟੀ ਦੀ ਹੋਈ ਮੀਟਿੰਗ ਵਿਚ ਈਟੀਟੀ ਅਧਿਆਪਕ ਯੂਨੀਅਨ ਨੇ ਟੈੱਟ ਟੈਸਟ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਸਾਰੇ ਕਮੇਟੀ ਮੈਬਰਾਂ ਨੇ ਇਸ ਗੱਲ ’ਤੇ ਹਾਮੀ ਭਰੀ ਕਿ ਪੁਰਾਣੇ ਲੱਗੇ ਅਧਿਆਪਕਾਂ ਤੇ ਟੈੱਟ ਦੀ ਸ਼ਰਤ ਲਾਉਣਾ ਸੰਵਿਧਾਨਕ ਨਹੀਂ ਹੈ ਕਿਉਂਕਿ ਇਨ੍ਹਾਂ ਅਧਿਆਪਕਾਂ ਦੀ ਭਰਤੀ ਈਟੀਟੀ ਜਾਂ ਬੀਐੱਡ ਦੀ ਭਰਤੀ ਟੈਸਟ ਦੇ ਕੇ ਮੈਰਿਟ ਦੇ ਆਧਾਰ ਤੇ ਹੋਈ ਹੈ। ਮੀਟਿੰਗ ਵਿਚ ਇਹ ਵੀ ਗੱਲ ਹੋਈ ਕਿ ਜਦੋਂ ਸ਼ੁਰੂਆਤ ਵਿਚ ਕਿਸੇ ਵੀ ਪ੍ਰੀਖਿਆਰਥੀ ਨੇ ਟੈਸਟ ਦੇਣਾ ਹੁੰਦਾ ਤਾਂ ਉਸ ਨੇ ਮੁਕਾਬਲੇ ਦੀ ਪ੍ਰੀਖਿਆ ਵਿਚ ਸਾਰੇ ਵਿਸ਼ਿਆਂ ਦੀ ਤਿਆਰੀ ਕਰਨੀ ਹੁੰਦੀ ਹੈ। ਜੋ ਉਸ ਸਮੇਂ ਸਾਰੇ ਅਧਿਆਪਕਾਂ ਨੇ ਟੈਸਟ ਦੇ ਕੇ ਮੈਰਿਟ ਵਿਚ ਆ ਕੇ ਹੀ ਨੌਕਰੀ ਪ੍ਰਾਪਤ ਕੀਤੀ ਸੀ। ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ 2011 ਤੋਂ ਪਹਿਲਾਂ ਭਰਤੀ ਹੋਇਆ ਕੋਈ ਵੀ ਅਧਿਆਪਕ ਟੈੱਟ ਦੀ ਪ੍ਰੀਖਿਆ ਨਹੀਂ ਦੇਵੇਗਾ ਤੇ ਇਸ ਸਬੰਧੀ ਜਲਦੀ ਹੀ ਸਿੱਖਿਆ ਮੰਤਰੀ ਪੰਜਾਬ ਨਾਲ਼ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਪੂਰੇ ਪੰਜਾਬ ਦੇ 2011 ਤੋਂ ਪਹਿਲਾਂ ਦੇ ਭਪਰਤੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇਸ ਟੈੱਟ ਟੈਸਟ ਨੂੰ ਨਾ ਦੇਣਾ ਹੀ ਇਸ ਨੂੰ ਰੋਕਣ ਦਾ ਸਭ ਤੋਂ ਵੱਡਾ ਹਥਿਆਰ ਹੈ, ਇਹ ਉਵੇਂ ਹੈ ਜਿਸ ਤਰ੍ਹਾਂ ਪੂਰੇ ਭਾਰਤ ਦੇ ਮੁਲਾਜ਼ਮਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਨਾ ਆਪਣਾ ਕੇ ਹੀ ਇਸ ਨੂੰ ਸੈਂਟਰ ਪੱਧਰ ਤੇ ਖ਼ਤਮ ਕਰ ਦਿੱਤਾ ਹੈ। ਇਸ ਲਈ ਈਟੀਟੀ ਅਧਿਆਪਕ ਯੂਨੀਅਨ ਦੀ ਸਮੂਹ ਲੀਡਰਸ਼ਿਪ ਵੱਲੋਂ ਟੈੱਟ ਦਾ ਪੂਰਨ ਵਿਰੋਧ ਕੀਤਾ ਜਾਂਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਸੀਐੱਚਟੀ, ਸਰਬਜੀਤ ਸਿੰਘ ਵਿਤ ਸਕੱਤਰ, ਰਾਜਦੀਪ ਕੌਰ ਆਦਿ ਅਧਿਆਪਕ ਹਾਜ਼ਰ ਸਨ।