ਵਾਤਾਵਰਣ ਨੂੰ ਸਕੂਲਾਂ ’ਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ : ਸੰਤ ਸੀਚੇਵਾਲ
ਵਾਤਾਵਰਣ ਨੂੰ ਦੇਸ਼ ਭਰ ਦੇ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇ : ਸੰਤ ਸੀਚੇਵਾਲ
Publish Date: Fri, 06 Feb 2026 07:32 PM (IST)
Updated Date: Fri, 06 Feb 2026 07:35 PM (IST)
ਇਸ ਨਾਲ ਵਾਤਾਵਰਣ ਪ੍ਰੇਮੀ ਸਮਾਜ ਦੀ ਵੱਡੀ ਤਾਕਤ ਬਣਨਗੇ
ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਸਦ ਦੇ ਉੱਚ ਸਦਨ ਵਿਚ ਦੇਸ਼ ਦੇ ਸਾਰੇ ਸਕੂਲਾਂ ਵਿਚ ਵਾਤਾਵਰਣ ਨੂੰ ਬਾਕੀ ਵਿਸ਼ਿਆਂ ਵਾਂਗ ਲਾਜ਼ਮੀ ਵਿਸ਼ਾ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵਾਤਾਵਰਣ ਦੀ ਸਾਂਭ-ਸੰਭਾਲ ਦਾ ਰਾਹ ਸਾਡੇ ਪ੍ਰਾਇਮਰੀ ਸਕੂਲਾਂ ਵਿਚੋਂ ਦੀ ਹੋ ਕੇ ਲੰਘੇਗਾ ਤਾਂ ਦੇਸ਼ ਭਰ ਦੇ ਵਾਤਾਵਰਣ ਪ੍ਰੇਮੀ ਸਮਾਜ ਦੀ ਵੱਡੀ ਤਾਕਤ ਬਣਕੇ ਉਭਰਨਗੇ। ਸੰਤ ਸੀਚੇਵਾਲ ਨੇ ਕਿਹਾ ਕਿ ਧਰਤੀ ਤੇ ਕੁਦਰਤ ਨਾਲ ਮਨੁੱਖ ਦੀ ਸਾਂਝ ਸਦੀਆਂ ਪੁਰਾਣੀ ਹੈ ਤੇ ਸਾਰੇ ਧਰਮ ਕੁਦਰਤ ਨਾਲ ਸਾਂਝ ਬਣਾਈ ਰੱਖਣ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਹਵਾ, ਪਾਣੀ ਤੇ ਧਰਤੀ ਮਨੁੱਖੀ ਜੀਵਨ ਦਾ ਆਧਾਰ ਹਨ, ਪਰ ਅੱਜ ਮਨੁੱਖ ਦੇ ਲਾਲਚ ਕਾਰਨ ਇਹ ਕੁਦਰਤ ਦੇ ਤਿੰਨੇ ਅਨਮੋਲ ਤੋਹਫ਼ੇ ਗੰਭੀਰ ਖ਼ਤਰੇ ਵਿਚ ਹਨ। ਸੰਤ ਸੀਚੇਵਾਲ ਨੇ ਚਿੰਤਾ ਪ੍ਰਗਟਾਈ ਕਿ ਆਲਮੀ ਤਪਸ਼ ਵਿਚ ਵਾਧੇ ਕਾਰਨ ਭਿਆਨਕ ਹੜ੍ਹ, ਭਾਰੀ ਸੋਕੇ, ਸਮੁੰਦਰੀ ਸੁਨਾਮੀ ਆਉਣ ਦੇ ਖਤਰੇ ਵਧੇ ਹਨ। ਮੌਸਮ ਦੇ ਆਸਵੇਂਪਨ ਦਾ ਸਿੱਧਾ ਅਸਰ ਮਨੁੱਖ, ਪਸ਼ੂ-ਪੰਛੀਆਂ, ਜਲਚਰ ਜੀਵਾਂ ਤੇ ਬਨਸਪਤੀ ‘ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਹਾਲਾਤ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਨਤੀਜਾ ਹਨ।
ਸੰਤ ਸੀਚੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦੇਣਾ ਹੈ ਤਾਂ ਵਾਤਾਵਰਣ ਸੁਰੱਖਿਆ ਦੀ ਸੋਚ ਪ੍ਰਾਇਮਰੀ ਪੱਧਰ ਦੇ ਸਕੂਲਾਂ ਤੋਂ ਹੀ ਵਿਕਸਤ ਕਰਨੀ ਹੋਵੇਗੀ, ਜਿਥੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਕੁਦਰਤ ਨਾਲ ਪਿਆਰ ਕਰਨਾ, ਉਸਦੀ ਕਦਰ ਕਰਨੀ ਤੇ ਉਸਦੀ ਸੰਭਾਲ ਕਰਨੀ ਸਿਖਾਈ ਜਾਵੇ ਤਾਂ ਇਹੀ ਬੱਚੇ ਭਵਿੱਖ ਵਿਚ ਸਮਾਜ ਦੀ ਸਭ ਤੋਂ ਵੱਡੀ ਤਾਕਤ ਬਣ ਕੇ ਉਭਰਣਗੇ। ਸੰਤ ਸੀਚੇਵਾਲ ਨੇ ਕਿਹਾ ਕਿ “ਥਿੰਕ ਗਲੋਬਲੀ, ਐਕਟ ਲੋਕਲੀ” ਦਾ ਸਿਧਾਂਤ ੳਦੋਂ ਹੀ ਸਫਲ ਹੋ ਸਕਦਾ ਹੈ ਜਦੋਂ ਵਾਤਾਵਰਣ ਦੀ ਸਿੱਖਿਆ ਕਿਤਾਬਾਂ ਤੱਕ ਸੀਮਿਤ ਨਾ ਰਹੇ, ਸਗੋਂ ਜ਼ਮੀਨੀ ਪੱਧਰ ‘ਤੇ ਲਾਗੂ ਕੀਤੀ ਜਾਵੇ। ਪਾਠਕ੍ਰਮ ਵਿਚ ਰੁੱਖ ਲਗਾਉਣਾ, ਪੌਦਿਆਂ ਦੀ ਸੰਭਾਲ, ਪਾਣੀ ਬਚਾਉਣਾ, ਕਚਰੇ ਦਾ ਸਹੀ ਪ੍ਰਬੰਧ ਤੇ ਕੁਦਰਤ ਨਾਲ ਸਾਂਝੀ ਜ਼ਿੰਦਗੀ ਜੀਉਣ ਦੀ ਪ੍ਰਯੋਗਾਤਮਕ ਸਿੱਖਿਆ ਨੂੰ ਸ਼ਾਮਲ ਕੀਤਾ ਜਾਵੇ। ਅਖੀਰ ਵਿਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੇ ਸਾਰੇ ਸਕੂਲਾਂ ਵਿਚ ਵਾਤਾਵਰਣ ਵਿਸ਼ੇ ਨੂੰ ਲਾਜ਼ਮੀ ਕਰਾਰ ਦੇ ਕੇ ਇਕ ਅਜਿਹਾ ਜਾਗਰੂਕ ਸਮਾਜ ਤਿਆਰ ਕੀਤਾ ਜਾਵੇ, ਜੋ ਧਰਤੀ ਮਾਂ ਦੀ ਸਾਂਭ-ਸੰਭਾਲ ਕਰ ਸਕੇ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਭਵਿੱਖ ਯਕੀਨੀ ਬਣਾ ਸਕੇ।