ਬੀਡੀਪੀਓ ਦਫ਼ਤਰ ਨਡਾਲਾ ’ਚ 100 ਮਹਿਲਾਵਾਂ ਦਾ ਕੀਤਾ ਸਨਮਾਨ
ਬੀਡੀਪੀਓ ਦਫ਼ਤਰ ਨਡਾਲਾ ਵਿਖੇ ਉੱਦਮੀ ਮਹਿਲਾਵਾਂ ਦਾ ਸਨਮਾਨ, 100 ਮਹਿਲਾਵਾਂ ਨੂੰ ਪ੍ਰਸ਼ੰਸਾ ਪੱਤਰ ਭੇਂਟ
Publish Date: Sat, 07 Mar 2026 07:22 PM (IST)
Updated Date: Sat, 07 Mar 2026 07:24 PM (IST)

ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ ਨਡਾਲਾ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ’ਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵੱਲੋਂ ‘ਆਪਣਾ ਕਾਰੋਬਾਰ, ਆਪਣੀ ਪਛਾਣ’ ਮੁਹਿੰਮ ਤਹਿਤ ਬੀਡੀਪੀਓ ਦਫ਼ਤਰ ਨਡਾਲਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਪੰਚਾਇਤ ਅਫਸਰ ਕੁਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਖੇਤਰਾਂ ਵਿਚ ਮਿਹਨਤ ਕਰਕੇ ਆਪਣੀ ਪਛਾਣ ਬਣਾਉਣ ਵਾਲੀਆਂ ਕਰੀਬ 100 ਉੱਦਮੀ ਮਹਿਲਾਵਾਂ ਨੂੰ ਪ੍ਰਸ਼ੰਸਾ ਪੱਤਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਭੁਲੱਥ ਤੋਂ ‘ਆਪ’ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਕਿਹਾ ਕਿ ਅੱਜ ਮਹਿਲਾਵਾਂ ਸਮਾਜ ਦੇ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਤੇ ਆਪਣੀ ਮਿਹਨਤ, ਹਿੰਮਤ ਤੇ ਲਗਨ ਨਾਲ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਨੂੰ ਖੁਦਮੁਖਤਿਆਰ ਬਣਾਉਣ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਲੈ ਕੇ ਮਹਿਲਾਵਾਂ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੀਆਂ ਹਨ ਤੇ ਆਤਮਨਿਰਭਰ ਬਣ ਸਕਦੀਆਂ ਹਨ। ਸਮਾਗਮ ਦੌਰਾਨ ਮਹਿਲਾ ਉਦਮੀਆਂ ਨੇ ਵੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਹੋਰ ਮਹਿਲਾਵਾਂ ਨੂੰ ਅੱਗੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐੱਸਈਪੀਓ ਜਸਵਿੰਦਰ ਸਿੰਘ ਵਾਲੀਆ, ਬਲਾਕ ਸੰਮਤੀ ਮੈਂਬਰ ਹੈਪੀ ਖੱਦਰ, ਜ਼ਿਲਾ ਪ੍ਰੀਸ਼ਦ ਮੈਂਬਰ ਰਾਜ ਕੌਰ, ਸੈਕਟਰੀ ਗੁਰਪਾਲ ਸਿੰਘ, ਰੀਟਾ ਕਸ਼ਯਪ, ਪ੍ਰਭਜੋਤ ਕੌਰ ਸਮੇਤ ਸਰਲ ਫੈਲਪ ਗਰੁੱਪ ਦੇ ਕਰੀਬ 200 ਮੈਂਬਰ, ਯੂਥ ਕੋਆਰਡੀਨੇਟਰ ਸੰਦੀਪ ਕੁਮਾਰ ਤੇ ਲੱਖਾ ਲਾਹੌਰੀਆ, ਬਲਾਕ ਪ੍ਰਧਾਨ ਸੰਨੀ ਨਡਾਲਾ, ਹੈਪੀ ਖੱਖ, ਪ੍ਰਿੰਸ ਨਡਾਲਾ, ਸ਼ਵੀ ਪਸ਼ਰੀਚਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।