- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੱਚਿਆਂ ਨੂੰ ਖੇਡਾਂ ਨਾਲ ਜੋੜੋ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਬੱਚਿਆਂ ਨੂੰ ਸਕਰੀਨ ਦੀ ਬਿਮਾਰੀ ਤੋਂ ਬਚਾਕੇ ਖੇਡਾਂ ਵੱਲ ਪ੍ਰੇਰਿਤ ਕਰੋ। ਹਰ ਤਰ੍ਹਾਂ ਦੀ ਸਕਰੀਨ ਬੱਚਿਆਂ ਲਈ ਘਾਤਕ ਹੈ। ਉਹ ਦਿਮਾਗੀ ਮਰੀਜ਼ ਬਣਕੇ ਰਹਿ ਜਾਣਗੇ। ਭਾਵੇਂ ਅੱਜ ਅਸੀ 21ਵੀਂ ਸਦੀ ਵਿਚ ਦਾਖਲ ਹੋ ਗਏ ਹਾਂ ਸਾਡਾ ਰਹਿਣ-ਸਹਿਣ ਵੀ ਪੂਰੀ ਤਰ੍ਹਾਂ ਬਦਲ ਰਿਹਾ ਹੈ ਪਰ ਜੇਕਰ ਅਸੀ ਅੱਜ ਨਾ ਜਾਗੇ ਤੇ ਆਪਣੇ ਬੱਚਿਆਂ ਨੂੰ ਮੋਬਾਈਲ ਦੀ ਮਹਾਮਾਰੀ ਤੋਂ ਨਾ ਬਚਾਇਆ ਤਾਂ ਆਉਣ ਵਾਲਾ ਭਵਿੱਖ ਪੂਰੀ ਤਰ੍ਹਾਂ ਧੂਮਲ ਹੋ ਜਾਵੇਗਾ। ਇਸ ਸੰਬਧੀ ਸ਼ਹਿਰ ਫਗਵਾੜਾ ਦੇ ਸਮਾਜ ਸੇਵਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਮੋਬਾਇਲ ਕਰ ਰਹੇ ਬੱਚਿਆਂ ਨੂੰ ਦਿਮਾਗੀ ਤੌਰ ’ਤੇ ਬਿਮਾਰ
ਸਮਾਜਸ ਸੇਵਕ ਅਤੇ ਭਾਜਪਾ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਠਾਕੁਰ ਨੇ ਆਖਿਆ ਕਿ ਮੋਬਾਈਲ ਤੇ ਟੀਵੀ ਸਕਰੀਨ ਅੱਗੇ ਪੂਰਾ ਦਿਨ ਬੈਠੇ ਰਹਿਣ ਨਾਲ ਬੱਚਿਆਂ ਦਾ ਵਿਕਾਸ ਵੀ ਰੁਕ ਜਾਵੇਗਾ ਤੇ ਉਹ ਗੰਭੀਰ ਬਿਮਾਰੀਆਂ, ਦਿਮਾਗੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਤੇ ਤੰਦਰੁਸਤ ਰੱਖਣ ਲਈ ਖੇਡ ਦੇ ਮੇਦਾਨਾਂ ਵਿਚ ਭੇਜਣ ਦੀ ਆਦਤ ਪਾਓ। ਉਨ੍ਹਾਂ ਆਖਿਆ ਕਿ ਡਾਕਟਰਾਂ ਵੱਲੋਂ ਵੀ ਆਖਿਆ ਜਾਦਾ ਹੈ ਕਿ ਦਿਨ ਵਿਚ 90 ਮਿੰਟ ਤੋਂ ਜ਼ਿਆਦਾ ਸਕਰੀਨ ਦਾ ਇਸਤੇਮਾਲ ਨਹੀ ਕਰਨਾ ਚਾਹੀਦਾ ਪਰ ਅੱਜਕਲ ਦੇ ਛੋਟੇ ਬੱਚੇ ਵੀ ਮੋਬਾਈਲਾਂ ਨਾਲ ਚਿੰਬੜੇ ਪਏ ਹਨ, ਜਿਸ ਕਾਰਣ ਉਨ੍ਹਾਂ ਦਾ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਰਿਹਾ। ਬੱਚਿਆਂ ਦੀ ਇਸ ਬਿਮਾਰੀ ਵਿਚ ਮਾਪੇ ਵੀ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ। ਉਹ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਹੀ ਨਹੀਂ ਕਰ ਰਹੇ।
ਬੱਚਿਆਂ ਨੂੰ ਹੁਨਰ ਮੁਤਾਬਿਕ ਦਿਓ ਤਾਲੀਮ
ਡਾ. ਵੀਰ ਸਿੰਘ ਬਸਰਾ ਨੇ ਆਖਿਆ ਕਿ ਅਸੀ ਬੱਚਿਆਂ ਨੂੰ ਮਿਹਨਤ ਕਰਨ ਤੋਂ ਪਿਛੇ ਹਟਾ ਲ਼ਿਆ ਹੈ। ਬੀਤੇ ਸਮੇਂ ਵਿਚ ਜੇਕਰ ਕਿਸਾਨ ਦਾ ਬੇਟਾ ਸੀ ਤਾਂ ਉਹ ਪੜਾਈ ਦੇ ਨਾਲ-ਨਾਲ ਖੇਤਾਂ ਵਿਚ ਕਿਰਸਾਨੀ ਜ਼ਰੂਰ ਕਰਦਾ ਸੀ। ਜੇਕਰ ਕਿਸੇ ਦਾ ਬੱਚਾ ਭਲਵਾਨ ਸੀ ਤੇ ਉਹ ਭਲਵਾਨੀ ਜ਼ਰੂਰ ਕਰਵਾਉਂਦਾ ਸੀ ਤੇ ਲੋਹਾਰ ਤੇ ਬੇਟੇ ਨੂੰ ਲੋਹਾਰਾ ਕੰਮ ਪੂਰਾ ਆਉਂਦਾ ਸੀ। ਅੱਜਕਲ ਮਿਹਨਤ ਵਾਲੇ ਕੰਮਾਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈ ਹੈ, ਜਿਸ ਕਾਰਣ ਬੱਚਿਆਂ ਦਾ ਪਹਿਲਾ ਵਰਗਾ ਜੁੱਸਾ ਨਹੀਂ ਰਿਹਾ ਤੇ ਨਾ ਹੀ ਪਹਿਲਾਂ ਵਰਗੀਆਂ ਖੁਰਾਕਾਂ ਅੱਜਕਲ ਦੇ ਬੱਚਿਆਂ ਨੁੰ ਹਜ਼ਮ ਹੀ ਹੁੰਦੀਆਂ ਹਨ। ਪਹਿਲਾਂ ਸਖਤ ਮਿਹਨਤ ਕਰਕੇ ਜ਼ਿਆਦਾ ਖੁਰਾਕ ਨਾਲ ਬੱਚੇ ਮਜ਼ਬੂਤ ਹੁੰਦੇ ਸੀ, ਅੱਜਕਲ ਬਰਗਰ-ਪੀਜ਼ੇ ਖਾਕੇ ਤਾਕਤਾਂ ਕਿਥੋਂ ਭਾਲ ਰਹੇ ਹਨ।
ਬੱਚਿਆਂ ਨੂੰ ਸਖਤ ਮਿਹਨਤ ਸਿਖਾਉਣਾ ਮਾਪਿਆਂ ਦੀ ਜ਼ਿੰਮੇਵਾਰੀ
ਡਾ. ਜਤਿੰਦਰ ਸਿੰਘ ਪਰਹਾਰ ਨੇ ਆਖਿਆ ਕਿ ਬੇਸ਼ੱਕ ਪੰਜਾਬ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਪਰ ਸਾਨੂੰ ਯੂਪੀ, ਬਿਹਾਰ ਤੋਂ ਆਏ ਲੋਕਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਬੱਚੇ ਪੜਾਈ ਦੇ ਨਾਲ-ਨਾਲ ਆਪਣੇ ਮਾਪਿਆਂ ਦੇ ਕੰਮਾਂ ਵਿਚ ਪੂਰਾ ਸਹਿਯੋਗ ਕਰਦੇ ਹਨ। ਜੇਕਰ ਕੋਈ ਪਰਵਾਸੀ ਮਜ਼ਦੂਰ ਸਬਜੀ ਵੇਚਦਾ ਹੈ ਤਾਂ ਉਸਦੇ ਬੱਚੇ ਵੀ ਸਕੂਲ ਤੋਂ ਆ ਕੇ ਉਸ ਦੇ ਨਾਲ ਮਦਦ ਕਰਦੇ ਹਨ ਪਰ ਸਾਡੇ ਆਲੇ ਤਾਂ ਮੋਬਾਈਲਾਂ ਨੂੰ ਹੀ ਨਹੀਂ ਛੱਡਦੇ, ਫਿਰ ਸਹਿਯੋਗ ਕਰਨ ਦੀ ਗੱਲ ਹੀ ਕਿਥੋਂ ਆਈ। ਉਨ੍ਹਾਂ ਆਖਿਆ ਕਿ ਸਾਨੂੰ ਬੱਚਿਆਂ ਨੂੰ ਪੜਾਈ ਦੇ ਨਾਲ ਮਿਹਨਤ ਦੇ ਕੰਮ ਕਰਨ ਦੀ ਤਲੀਮ ਵੀ ਦੇਣੀ ਚਾਹੀਦੀ ਹੈ, ਜਿਸ ਨਾਲ ਉਹ ਪੜਾਈ ਕਰਦੇ-ਕਰਦੇ ਕੰਮ ਵਿਚ ਵੀ ਨਿਪੁੰਨ ਹੋ ਜਾਣ। ਜਿਵੇਂ ਸਦੀਆ ਤੋਂ ਚੱਲਦਾ ਆ ਰਿਹਾ ਟਰੈਂਡ ਕਿ ਜੇਕਰ ਕੋਈ ਤਰਖਾਣ ਦਾ ਬੇਟਾ ਹੈ ਤਾਂ ਉਸਨੂੰ ਤਰਖਾਣੀ ਕੰਮ ਆਉਣਾ ਚਾਹੀਦਾ ਹੈ ਤੇ ਕਿਸਾਨ ਦੇ ਬੱਚੇ ਨੂੰ ਕਿਰਸਾਨੀ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਗੱਲਾਂ ਕੁਝ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਸਾਡੇ ਬੱਚਿਆਂ ਦੇ ਭਵਿੱਖ ਲਈ ਮੋਬਾਈਲ ਖੋਹਕੇ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਸਖ਼ਤ ਮਿਹਨਤ ਕਰਨਾ ਸਿਖਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ।