ਇੰਜ. ਸੀਤਲ ਸਿੰਘ ਸੰਘਾ ਦੀ ਪੁਸਤਕ ‘ਚਿੰਤਨ ਲਹਿਰਾਂ’ ਰਿਲੀਜ਼
ਇੰਜ. ਸੀਤਲ ਸਿੰਘ ਸੰਘਾ ਦੀ ਪੁਸਤਕ "ਚਿੰਤਨ ਲਹਿਰਾਂ" ਰਿਲੀਜ਼
Publish Date: Tue, 03 Feb 2026 07:46 PM (IST)
Updated Date: Tue, 03 Feb 2026 07:50 PM (IST)
ਸੁਖਵਿੰਦਰ ਸਿੰਘ ਸਿੱਧੂ ਪੰਜਾਬੀ ਜਾਗਰਣ
ਕਾਲਾ ਸੰਘਿਆਂ : ਸੰਤ ਹੀਰਾ ਦਾਸ ਸਿੱਖਿਆ ਸੰਸਥਾਵਾਂ ਕਾਲਾ ਸੰਘਿਆ ਦੇ ਪ੍ਰਧਾਨ ਇੰਜ. ਸ਼ੀਤਲ ਸਿੰਘ ਸੰਘਾ ਦੀ ਪਲੇਠੀ ਕਾਵਿ ਪੁਸਤਕ 'ਚਿੰਤਨ ਲਹਿਰਾਂ ' ਦਾ ਰਿਲੀਜ਼ ਸਮਾਗਮ ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆ ਵਿਖੇ ਕੀਤਾ ਗਿਆ। ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਸਿੱਧ ਸ਼ਾਇਰ ਤੇ ਆਲੋਚਕ ਡਾ. ਰਾਮ ਮੂਰਤੀ ਨੇ ਆਖਿਆ ਕਿ ਇੰਜ. ਸੀਤਲ ਸਿੰਘ ਸੰਘਾ ਭਾਵੇਂ ਇਕ ਕਸਬੀ ਲੇਖਕ ਨਹੀਂ ਹਨ ਪਰ ਇਕ ਸਮਾਜ-ਸੇਵਕ ਤੇ ਚਿੰਤਕ ਹੋਣ ਦੇ ਨਾਤੇ ਆਪਣੇ ਸੰਪਰਕ ਵਿਚ ਆਈਆਂ ਸ਼ਖ਼ਸੀਅਤਾਂ ਤੇ ਪੜ੍ਹੀਆਂ ਪੁਸਤਕਾਂ ਸਬੰਧੀ ਆਪਣੇ ਵਿਚਾਰ ਵਾਰਤਕ ਰੂਪ ਵਿਚ ਜ਼ਰੂਰ ਲਿਖਦੇ ਰਹਿੰਦੇ ਹਨ। ਪਹਿਲਾਂ ਮੈਂ ਉਨ੍ਹਾਂ ਨੂੰ ਤ੍ਰੈਮਾਸਿਕ ਰਸਾਲੇ 'ਅਲਖ' ਲਈ ਲਿਖਣ ਲਈ ਕਿਹਾ ਤੇ ਉਨ੍ਹਾਂ ਮੇਰੀ ਬੇਨਤੀ ਪ੍ਰਵਾਨ ਕਰਦਿਆਂ ਬੜੇ ਪ੍ਰਭਾਵਸ਼ਾਲੀ ਲੇਖ ਇਸ ਰਸਾਲੇ ਲਈ ਲਿਖੇ, ਜੋ ਇਸ ਪੁਸਤਕ ਵਿਚ ਵੀ ਦਰਜ ਕੀਤੇ ਗਏ ਹਨ। ਕਾਵਿ-ਪੁਸਤਕਾਂ ਸਬੰਧੀ ਲਿਖੇ ਗਏ ਉਨ੍ਹਾਂ ਦੇ ਇਹ ਲੇਖ ਉਨ੍ਹਾਂ ਨੂੰ ਇਕ ਚੰਗੇ ਵਿਸ਼ਲੇਸ਼ਣਕਰਤਾ ਦਾ ਦਰਜਾ ਵੀ ਦੇ ਜਾਂਦੇ ਹਨ। ਉਹ ਕਵਿਤਾ ਦੀਆਂ ਰਮਜ਼ਾਂ ਨੂੰ ਸਮਝਦੇ ਹਨ ਤੇ ਉਨ੍ਹਾਂ ਨੂੰ ਖੋਲ੍ਹਣਾ ਬਾਖ਼ੂਬੀ ਜਾਣਦੇ ਹਨ। ਜਨਾਬ ਸੰਤ ਸਿੰਘ ਸੰਧੂ ਦੀ ਪੁਸਤਕ 'ਪੁਲ ਮੇਰਾ' ਤੇ ਮੇਰੀ ਆਪਣੀ ਪੁਸਤਕ 'ਕਿੱਥੇ ਗਈ ਖ਼ੁਸ਼ਬੂ' ਸਬੰਧੀ ਉਨ੍ਹਾਂ ਨੇ ਬੜੇ ਪ੍ਰਭਾਵਸ਼ਾਲੀ ਆਲੋਚਨਾਤਮਕ ਲੇਖ ਲਿਖੇ ਹਨ, ਜੋ ਉਨ੍ਹਾਂ ਦੇ ਇਕ ਚੰਗੇ ਕਾਵਿ-ਵਿਸ਼ਲੇਸ਼ਕ ਹੋਣ ਦੀ ਗਵਾਹੀ ਭਰਦੇ ਹਨ। ਸਕੂਲ ਦੀ ਪ੍ਰਿੰਸੀਪਲ ਮੈਡਮ ਕਰੁਣਾ ਕਟੋਚ, ਵਾਈਸ ਪ੍ਰਿੰਸੀਪਲ ਸੁਖਜਿੰਦਰ ਸਿੰਘ, ਸਕੂਲ ਦੇ ਅਧਿਆਪਨ ਤੇ ਗੈਰ-ਅਧਿਆਪਨ ਅਮਲੇ ਨੇ ਇਸ ਰਿਲੀਜ਼ ਸਮਾਗਮ ਵਿਚ ਸ਼ਮੂਲੀਅਤ ਕੀਤੀ ਤੇ ਇੰਜ. ਸ਼ੀਤਲ ਸਿੰਘ ਸੰਘਾ ਨੂੰ ਇਸ ਪੁਸਤਕ ਦੇ ਤੀਜੇ ਸੰਸਕਰਨ ਦੇ ਛਪਣ ਦੀ ਵਧਾਈ ਵੀ ਦਿੱਤੀ।