ਵਪਾਰੀਆਂ ਦੀ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ
ਵਪਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਹੋਈ ਹੰਗਾਮੀ ਮੀਟਿੰਗ
Publish Date: Mon, 13 Apr 2026 07:43 PM (IST)
Updated Date: Tue, 14 Apr 2026 04:10 AM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਕਾਨਫਰੰਸ ਹਾਲ ਵਿੱਚ ਡਿਪਟੀ ਕਮਿਸ਼ਨਰ, ਐਸ.ਪੀ.ਹੈਡ ਕੁਆਰਟਰ ਗੁਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਟ੍ਰੇਡਰਜ਼ ਕਮਿਸ਼ਨ (ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਕਪੂਰਥਲਾ) ਦੇ ਜ਼ਿਲ੍ਹਾ ਚੇਅਰਮੈਨ ਕੰਵਰ ਇਕਬਾਲ ਸਿੰਘ, ਅਸਿਸਟੈਂਟ ਕਮਿਸ਼ਨਰ ਕਿਰਪਾਲ ਵੀਰ ਸਿੰਘ, ਏ.ਡੀ.ਸੀ ਜਨਰਲ ਨਵਨੀਤ ਕੌਰ ਬੱਲ, ਏ.ਡੀ.ਸੀ ਵਿਕਾਸ ਵਰਿੰਦਰ ਪਾਲ ਸਿੰਘ ਬਾਜਵਾ ਸਮੇਤ ਲਕਸ਼ ਚੌਧਰੀ ਚੇਅਰਮੈਨ ਹਲਕਾ ਭੁਲੱਥ, ਜਰਨੈਲ ਸਿੰਘ ਮਰਵਾਹਾ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਸੁਲਤਾਨਪੁਰ ਲੋਧੀ, ਸੁਸ਼ੀਲ ਕੁਮਾਰ ਬੋਬੀ ਚਮ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਫਗਵਾੜਾ, ਰਮਨ ਮਲਹੋਤਰਾ ਚੇਅਰਮੈਨ ਹਲਕਾ ਟ੍ਰੇਡਰਜ਼ ਕਮਿਸ਼ਨ ਕਪੂਰਥਲਾ ਆਦਿ ਦੀ ਅਗਵਾਈ ਹੇਠ ਹੋਈ। ਵਿੱਤ ਮੰਤਰੀ ਪੰਜਾਬ ਐਡਵੋਕੇਟ ਹਰਪਾਲ ਸਿੰਘ ਚੀਮਾ ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਅਤੇ ਅਨਿਲ ਠਾਕੁਰ ਵਾਈਸ ਚੇਅਰਮੈਨ ਪੰਜਾਬ ਟ੍ਰੇਡਰਜ਼ ਕਮਿਸ਼ਨ ਵੱਲੋਂ ਪੂਰੇ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਵਪਾਰੀਆਂ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਮੀਟਿੰਗਾਂ ਵਿੱਚ ਵਪਾਰੀਆਂ ਵੱਲੋਂ ਲਿਖਤੀ ਰੂਪ ਵਿੱਚ ਦਿੱਤੀਆਂ ਜਾ ਰਹੀਆਂ ਸ਼ਿਕਾਇਤਾਂ ਜੋ ਕਿ ਪੰਜਾਬ ਸਰਕਾਰ ਦੇ ਪੋਰਟਲ ਤੇ ਆਨਲਾਈਨ ਦਰਜ਼ ਹਨ ਦੇ ਨਿਵਾਰਨ ਸਬੰਧੀ ਨਗਰ ਨਿਗਮ ਕਪੂਰਥਲਾ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸਹਾਇਕ ਕਮਿਸ਼ਨਰ ਸਟੇਟ ਟੈਕਸ, ਸਹਾਇਕ ਕਮਿਸ਼ਨਰ ਆਬਕਾਰੀ, ਨਿਗਰਾਨ ਇੰਜੀਨੀਅਰ ਪੀ.ਐਸ. ਪੀ.ਸੀ.ਐਲ, ਕਾਰਜਕਾਰੀ ਇੰਜੀਨੀਅਰ ਲੋ.ਨਿ.ਵਿ, ਕਾਰਜਕਾਰੀ ਇੰਜੀਨੀਅਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ)/(ਐਲੀ.ਸਿ), ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਸਹਾਇਕ ਕਿਰਤ ਕਮਿਸ਼ਨਰ ਕਪੂਰਥਲਾ ਆਦਿ ਵਿਭਾਗਾਂ ਤੋਂ ਆਏ ਅਧਿਕਾਰੀਆਂ ਤੋਂ ਵਪਾਰੀਆਂ ਵੱਲੋਂ ਲਿਖਤੀ ਰੂਪ ਵਿੱਚ ਆਈਆਂ ਸ਼ਿਕਾਇਤਾਂ ਨੂੰ ਹੱਲ ਕਰਨ ਸਬੰਧੀ ਰਿਪੋਰਟ ਮੰਗੀ ਗਈ। ਇਸ ਬਾਬਤ ਹਰ ਅਧਿਕਾਰੀ ਨੇ ਆਪੋ-ਆਪਣਾ ਪੱਖ ਰੱਖ ਕੇ ਲਿਖਤੀ ਰੂਪ ਵਿੱਚ ਰਿਪੋਰਟ ਪੇਸ਼ ਕੀਤੀ। ਪੰਜਾਬ ਸਰਕਾਰ ਦੇ ਪੋਰਟਲ ਤੇ ਨਜ਼ਰ ਆ ਰਹੀਆਂ ਬਚਦੀਆਂ ਨਗਰ ਨਿਗਮ ਕਪੂਰਥਲਾ, ਪੀਡਬਲਯੂਡੀ ਵਿਭਾਗ, ਬਿਜਲੀ ਬੋਰਡ, ਐਕਸਾਈਜ਼ ਵਿਭਾਗ, ਨਾਲ ਸਬੰਧਤ ਪੂਰੇ ਜ਼ਿਲ੍ਹੇ ਦੀਆਂ ਸ਼ਿਕਾਇਤਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਅਕਾਸ਼ ਬਾਂਸਲ ਨੇ ਹਰ ਵਿਭਾਗ ਨੂੰ ਛੇਤੀ ਤੋਂ ਛੇਤੀ ਨਿਪਟਾਰਾ ਕਰਨ ਦਾ ਹੁਕਮ ਦਿੱਤਾ । ਐਸ.ਪੀ ਹੈਡਕੁਆਰਟਰ ਕਪੂਰਥਲਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਤੌਰ ਤੇ ਮੇਰੇ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਬਹੁਤ ਹੀ ਵਧੀਆ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕਿ ਮੋਟਰਸਾਈਕਲ ਸਕੂਟਰ, ਮੋਬਾਇਲ ਜਾਂ ਕਿਸੇ ਵੀ ਵਸਤੂ ਦੀ ਚੋਰੀ ਹੋਣ ਸਬੰਧੀ ਰਿਪੋਰਟ ਸਬੰਧਤ ਥਾਣੇ ਦੇ ਵਿੱਚ ਜਰੂਰ ਦਰਜ ਕਰਵਾਈ ਜਾਵੇ, ਕਿਸੇ ਵੀ ਵਪਾਰੀ ਨੂੰ ਕਿਸੇ ਵੱਲੋਂ ਕੋਈ ਧਮਕੀ ਪੱਤਰ ਜਾਂ ਧਮਕੀ ਭਰਿਆ ਫੋਨ ਆਵੇ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ ਖੋਹ ਦਾ ਮਾਮਲਾ ਹੋਵੇ ਤਾਂ ਫੌਰੀ ਤੌਰ ਤੇ ਕੀਤੀ ਲਿਖਤੀ ਸ਼ਿਕਾਇਤ ਉਪਰੰਤ ਹੀ ਉਨ੍ਹਾਂ ਦੇ ਵਿਭਾਗ ਵੱਲੋਂ ਕਾਰਵਾਈ ਕਰਕੇ ਦੋਸ਼ੀ ਨੂੰ ਸਲਾਖਾਂ ਪਿੱਛੇ ਭੇਜਿਆ ਜਾਂਦਾ ਹੈ, ਅਤੇ ਪੀੜਤ ਪਰਿਵਾਰ ਨੂੰ ਮਦਦ ਮੁਹਈਆ ਕਰਵਾਈ ਜਾ ਰਹੀ ਹੈ। ਵਿਸ਼ੇਸ਼ ਤੌਰ ਤੇ ਉਨ੍ਹਾਂ ਨੇ ਜ਼ਿਲ੍ਹੇ ਦੇ ਸਾਰੇ ਹੀ ਭੀੜ-ਭਾੜ ਵਾਲੇ ਬਾਜ਼ਾਰਾਂ ਵਿੱਚ ਟਰੈਫਿਕ ਦੀ ਸਮੱਸਿਆ ਹੱਲ ਕਰਨ ਵਾਸਤੇ ਹੋਰ ਵਧੀਆ ਢੰਗ ਨਾਲ ਕਦਮ ਚੁੱਕਣ ਦਾ ਵਾਅਦਾ ਕੀਤਾ।