ਬਿਜਲੀ ਕਾਮਿਆ ਨੇ ਕੀਤਾ ਰੋਸ ਪ੍ਰਦਰਸ਼ਨ
ਬਿਜਲੀ ਕਾਮਿਆ ਨੇ ਕੀਤਾ ਰੋਸ਼ ਪ੍ਰਦਰਸ਼ਨ
Publish Date: Fri, 13 Feb 2026 07:04 PM (IST)
Updated Date: Fri, 13 Feb 2026 07:06 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜੋ ਲੋਕ ਵਿਰੋਧੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਪਬਲਿਕ ਅਦਾਰਿਆਂ ਦਾ ਨਿੱਜੀਕਰਨ, ਮੁਕਤ ਵਿਉਪਾਰ ਸਮਝੌਤਾ, ਬਿਜਲੀ ਐਕਟ 2025, ਸੀਡ ਬਿਲ, ਚਾਰ ਨਵੇਂ ਲੇਬਰ ਕੋਡ ਤੇ ਮਨਰੇਗਾ ਵਰਗੇ ਪੁਰਾਣੇ ਕਾਨੂੰਨ ਰੱਦ ਕਰਨ ਦੀਆਂ ਨੀਤੀਆਂ ਦੇ ਖਿਲਾਫ਼ ਪੂਰੇ ਦੇਸ਼ ਵਿਚ ਟਰੇਡ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਅੱਜ ਬਿਜਲੀ ਬੋਰਡ ਫਗਵਾੜਾ ਮੰਡਲ ਦੇ ਅੱਗੇ ਧਰਨਾ ਦਿੱਤਾ ਗਿਆ। ਹੜਤਾਲ ਵਿਚ ਪਾਰਵਕਾਮ ਵੱਲੋਂ ਟੀਐੱਸਯੂ (ਭੰਗਲ), ਜੇਈ ਕੌਂਸਲ, ਸੀਐੱਚਬੀ ਠੇਕਾ ਮੁਲਾਜ਼ਮ ਯੂਨੀਅਨ ਦੇ ਸਮੁੱਚੇ ਕਰਮਚਾਰੀ ਹੜਤਾਲ ’ਚ ਸ਼ਾਮਲ ਹੋਏ ਤੇ ਇਨ੍ਹਾਂ ਦਾ ਸਮਰਥਨ ਪਾਵਰਕਾਮ ਦੀ ਜਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਆਪਣੀ ਵੱਡੀ ਗਿਣਤੀ ਵਿਚ ਸਾਥੀਆਂ ਨਾਲ ਸ਼ਮੂਲੀਅਤ ਕਰਕੇ ਕੀਤਾ ਗਿਆ। ਟੀਐੱਸਯੂ ਸਰਕਲ ਪ੍ਰਧਾਨ ਜਸਵੀਰ ਸਿੰਘ ਨੇ ਸੰਬੋਧਨ ਕਰਦਿਆਂ ਮੁਲਾਜ਼ਮ ਸਾਥੀਆਂ ਨੂੰ ਦੱਸਿਆ ਕਿ ਸਰਕਾਰ ਜੋ ਬਿਜਲੀ ਸੋਧ ਬਿੱਲ 2025 ਲਿਆ ਰਹੀ ਹੈ, ਉਸ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇਈ ਕੌਂਸਲ ਤੋਂ ਐੱਸਡੀਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਜੋ ਲੇਬਰ ਕਾਨੂੰਨ ਸਰਕਾਰ ਵੱਲੋਂ ਲਿਆਏ ਜਾ ਰਹੇ ਹਨ, ਉਨ੍ਹਾਂ ਵਿਚ ਡਿਊਟੀ 8 ਘੰਟੇ ਤੋਂ ਵਧਾ ਕੇ 12 ਘੰਟੇ ਕੀਤੀ ਜਾਣੀ ਹੈ। ਇਨ੍ਹਾਂ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਗੋਪਾਲ ਕਿਸ਼ਨ ਨੇ ਦੱਸਿਆ ਨਿੱਜੀਕਰਨ ਦੀ ਨੀਤੀ ਬੰਦ ਕਰਕੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਠੇਕਾ ਸੰਘਰਸ਼ ਮੋਰਚਾ ਦੇ ਪ੍ਰਧਾਨ ਅਰਸ਼ਦੀਪ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਟੈਕਨੀਕਲ ਸਰਵਿਸ ਯੂਨੀਅਨ ਦੇ ਸਰਕਲ ਸਕੱਤਰ ਅਮਰਜੀਤ ਸਿੰਘ ਨੇ ਕਿਹਾ ਕਿ ਜੋ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਵੇਚਣਾ ਬੰਦ ਕੀਤਾ ਜਾਵੇ। ਟੀਐੱਸਯੂ ਸਕੱਤਰ ਸੁਰਿੰਦਰ ਪਾਲ ਨੇ ਸਾਰੇ ਸਾਥੀਆਂ ਨੂੰ ਇਕਮੁੱਠ ਹੋ ਕੇ ਸੰਘਰਸ਼ ਕਰਨ ਲਈ ਕਿਹਾ। ਇਸ ਮੌਕੇ ਜੋਤੀ ਪ੍ਰਕਾਸ਼ ਐੱਸਡੀਓ, ਹਰਦਿਆਲ ਸਿੰਘ, ਤਾਜ ਮੁਹੰਮਦ, ਧਨੀ ਰਾਮ, ਸੋਹਨ ਲਾਲ, ਟੀਐੱਸਯੂ ਮੰਡਲ ਪ੍ਰਧਾਨ ਹੰਸ ਰਾਜ ਹਾਜ਼ਰ ਹੋਏ ਤੇ ਸੰਬੋਧਨ ਕੀਤਾ। ਬੁਲਾਰਿਆਂ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਇਹ ਕਾਨੂੰਨ ਵਾਪਸ ਨਾ ਲਿਆ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।