- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਚੋਣ ਮੈਦਾਨ ’ਚ ਨਿਤਰਣ

-ਚੋਣ ਮੈਦਾਨ ’ਚ ਨਿਤਰਣ ਲਈ ਸਿਆਸੀ ਪਾਰਟੀਆਂ ਨੇ ਵਿੱਢੀਆਂ ਤਿਆਰੀਆਂ
ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ, ਕਪੂਰਥਲਾ : ਪੰਜਾਬ ਰਾਜ ਚੋਣ ਕਮਿਸ਼ਨਰ ਵੱਲੋਂ ਵਾਰਡਬੰਦੀ ਬਾਰੇ ਸਾਰੀ ਸਥਿਤੀ ਸਪਸ਼ਟ ਕਰਨ ਤੋ ਬਾਅਦ ਹੁਣ ਪੰਜਾਬ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ। ਵਾਰਡਬੰਦੀ ਬਾਰੇ ਤਾਜ਼ਾ ਹੁਕਮ ਜਾਰੀ ਹੋਣ ਤੋਂ ਬਾਅਦ ਸੂਬੇ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਸਥਿਤੀ ਕਾਫੀ ਹੱਦ ਤੱਕ ਸਪਸ਼ਟ ਹੋ ਚੁੱਕੀ ਹੈ ਅਤੇ ਚੋਣੀ ਮਾਹੌਲ ਤੇਜ਼ੀ ਨਾਲ ਗਰਮ ਹੋਣ ਲੱਗ ਪਿਆ ਹੈ। ਸਰਕਾਰੀ ਮਸ਼ੀਨਰੀ ਤੋਂ ਲੈ ਕੇ ਰਾਜਨੀਤਿਕ ਪਾਰਟੀਆਂ ਤੱਕ ਸਭ ਨੇ ਆਪਣੇ-ਆਪਣੇ ਪੱਧਰ ’ਤੇ ਤਿਆਰੀਆਂ ਨੂੰ ਰਫ਼ਤਾਰ ਦੇ ਦਿੱਤੀ ਹੈ ਅਤੇ ਹੁਣ ਸਿਰਫ਼ ਅਧਿਕਾਰਕ ਚੋਣ ਪ੍ਰੋਗਰਾਮ ਦੇ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਕਿਸੇ ਵੀ ਵੇਲੇ ਸਾਹਮਣੇ ਆ ਸਕਦਾ ਹੈ। ਸੂਤਰਾਂ ਮੁਤਾਬਿਕ ਚੋਣ ਕਮਿਸ਼ਨ ਵੱਲੋਂ ਕਿਸੇ ਵੇਲੇ ਵੀ ਅਧਿਕਾਰਕ ਤੌਰ ਤੇ ਚੋਣ ਪ੍ਰੋਗਰਾਮ ਜਾਰੀ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ, ਪੋਲਿੰਗ ਸਟੇਸ਼ਨਾਂ ਦੀ ਪਹਿਚਾਣ ਅਤੇ ਸਟਾਫ਼ ਦੀ ਤਾਇਨਾਤੀ ਵਰਗੀਆਂ ਕਾਰਵਾਈਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਕੁੱਲ ਮਿਲਾ ਕੇ, ਵਾਰਡਬੰਦੀ ਦੇ ਮਸਲੇ ’ਤੇ ਸਪਸ਼ਟਤਾ ਆਉਣ ਤੋਂ ਬਾਅਦ ਹੁਣ ਪੰਜਾਬ ਵਿੱਚ ਨਿਕਾਈ ਚੋਣਾਂ ਦੀ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਗਈ ਹੈ। ਆਉਣ ਵਾਲੇ ਦਿਨਾਂ ਚ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਸੂਬੇ ਦੀ ਸਿਆਸਤ ਹੋਰ ਗਰਮ ਹੋਣ ਦੀ ਸੰਭਾਵਨਾ ਹੈ।
-ਪਾਰਟੀਆਂ ਵਿੱਚ ਟਿਕਟ ਦੌੜ ਲੱਗਣੀ ਸ਼ੁਰੂ
ਵਾਰਡਬੰਦੀ ਸਪਸ਼ਟ ਹੋਣ ਨਾਲ ਹੀ ਰਾਜਨੀਤਿਕ ਪਾਰਟੀਆਂ ’ਚ ਟਿਕਟਾਂ ਲਈ ਦੌੜ ਤੇਜ਼ ਹੋ ਗਈ ਹੈ। ਸੰਭਾਵੀ ਉਮੀਦਵਾਰ ਆਪਣੇ-ਆਪਣੇ ਖੇਤਰਾਂ ਵਿੱਚ ਸਰਗਰਮ ਹੋ ਗਏ ਹਨ ਅਤੇ ਜਨ ਸੰਪਰਕ ਮੁਹਿੰਮਾਂ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਪਾਰਟੀਆਂ ਵੱਲੋਂ ਅੰਦਰੂਨੀ ਸਰਵੇ ਅਤੇ ਫੀਡਬੈਕ ਦੇ ਆਧਾਰ ’ਤੇ ਉਮੀਦਵਾਰ ਚੁੱਣਨ ਦੀ ਪ੍ਰਕਿਰਿਆ ਜਾਰੀ ਹੋ ਗਈ ਹੈ। ਸੱਤਾਧਾਰੀ ਪਾਰਟੀ ਦੇ ਉਮੀਦਵਾਰਾ ਵਿੱਚ ਸਭ ਤੋ ਵੱਧ ਉਤਸਾਹ ਪਾਇਆ ਜਾ ਰਿਹਾ ਹੈ, ਜਦੋਂਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵੀ ਬਿਹਤਰ ਪ੍ਰਦਰਸ਼ਨ ਦੀਆਂ ਸੰਭਾਵਨਾ ਤਲਾਸ਼ ਰਹੀਆਂ ਹਨ।
ਨਵੀਂ ਵਾਰਡਬੰਦੀ ਵਾਲੇ ਖੇਤਰਾਂ ’ਚ ਦਿਲਚਸਪ ਮੁਕਾਬਲਾ
ਜਿਨ੍ਹਾਂ ਸ਼ਹਿਰਾਂ ’ਚ ਨਵੀਂ ਵਾਰਡਬੰਦੀ ਲਾਗੂ ਹੋਈ ਹੈ, ਉੱਥੇ ਚੋਣੀ ਤਸਵੀਰ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆ ਰਹੀ ਹੈ। ਨਵੇਂ ਵਾਰਡ ਬਣਨ ਨਾਲ ਕਈ ਪੁਰਾਣੇ ਨੇਤਾ ਨਵੇਂ ਖੇਤਰਾਂ ਵਿੱਚ ਆਪਣੀ ਪਕੜ ਬਣਾਉਣ ਲਈ ਮਿਹਨਤ ਕਰ ਰਹੇ ਹਨ। ਇਸ ਨਾਲ ਚੋਣੀ ਮੁਕਾਬਲਾ ਹੋਰ ਵੀ ਤਿੱਖਾ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵੱਖ ਵੱਖ ਪਾਰਟੀਆ ਦੇ ਅਲਗ ਅਲਗ ਨੇਤਾ ਵੀ ਆਪਣੇ ਆਪਣੇ ਇਲਾਕੇ ਚ ਆਪਣੀ ਸਿਆਸੀ ਧਾਂਕ ਜਮਾਉਣ ਲਈ ਜੋਰ ਸ਼ੋਰ ਨਾਲ ਚੋਣਾ ਦੇ ਮੈਦਾਨ ਚ ਰੁੱਝ ਗਏ ਹਨ।
ਪੁਰਾਣੀ ਵਾਰਡਬੰਦੀ ਵਾਲੇ ਖੇਤਰਾਂ ’ਚ ਅਨੁਭਵ ਫੈਕਟਰ ਹਾਵੀ
ਦੂਜੇ ਪਾਸੇ ਨਗਰ ਨਿਗਮ ਕਪੂਰਥਲਾ ਸਮੇਤ ਉਹ ਇਲਾਕੇ ਜਿੱਥੇ ਪੁਰਾਣੀ ਵਾਰਡਬੰਦੀ ਲਾਗੂ ਰਹੇਗੀ, ਉੱਥੇ ਪੁਰਾਣੇ ਚਿਹਰੇ ਅਤੇ ਪਿਛਲੇ ਚੋਣ ਨਤੀਜੇ ਵੱਡਾ ਭੂਮਿਕਾ ਨਿਭਾ ਸਕਦੇ ਹਨ। ਇੱਥੇ ਵੋਟਰਾਂ ਨਾਲ ਪੁਰਾਣੀ ਜਾਣ-ਪਛਾਣ ਅਤੇ ਕੰਮਕਾਜ ਦਾ ਰਿਕਾਰਡ ਚੋਣ ਨਤੀਜਿਆਂ ’ਤੇ ਅਸਰ ਪਾ ਸਕਦਾ ਹੈ। ਪੁਰਾਣੀ ਵਾਰਡਬੰਦੀ ਵਾਲੇ ਇਲਾਕਿਆ ਚ ਕਾਗਰਸ ਦਾ ਹੱਥ ਉਪਰ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਲੇਕਿਨ ਕਾਗਰਸੀ ਨੇਤਾਵਾ ਦਾ ਅੰਦਰੂਨੀ ਕਲੇਸ਼ ਪਾਰਟੀ ਦੇ ਮਨਸੂਬਿਆ ਨੂੰ ਢਾਹ ਲਗਾ ਸਕਦਾ ਹੈ।
ਚੋਣ ਕਮਿਸ਼ਨ ਦਾ ਫੋਕਸ : ਸ਼ਾਂਤੀਪੂਰਨ ਅਤੇ ਸਮੇਂ ਸਿਰ ਚੋਣਾਂ
ਚੋਣ ਕਮਿਸ਼ਨ ਨੇ ਸਾਰੇ ਜ਼ਿਲ੍ਹਿਆਂ ਨੂੰ ਹਦਾਇਤ ਕੀਤੀ ਹੈ ਕਿ ਚੋਣਾਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਇਆ ਜਾਵੇ। ਇਸ ਲਈ ਸੁਰੱਖਿਆ ਪ੍ਰਬੰਧਾਂ ਅਤੇ ਪ੍ਰਸ਼ਾਸਨਿਕ ਤਿਆਰੀਆਂ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ।
-ਵੋਟਰਾਂ ’ਚ ਵੀ ਵਧ ਰਿਹਾ ਉਤਸ਼ਾਹ
ਚੋਣਾਂ ਦੇ ਨੇੜੇ ਆਉਣ ਨਾਲ ਸ਼ਹਿਰੀ ਇਲਾਕਿਆਂ ’ਚ ਵੋਟਰਾਂ ਦੀ ਦਿਲਚਸਪੀ ਵੀ ਵਧਣੀ ਸ਼ੁਰੂ ਹੋ ਗਈ ਹੈ। ਲੋਕ ਆਪਣੇ ਇਲਾਕਿਆਂ ਦੇ ਵਿਕਾਸ, ਸਫਾਈ, ਪਾਣੀ ਅਤੇ ਬੁਨਿਆਦੀ ਸੁਵਿਧਾਵਾਂ ਨੂੰ ਲੈ ਕੇ ਮੁੱਦੇ ਉਠਾ ਰਹੇ ਹਨ, ਜੋ ਇਸ ਵਾਰ ਚੋਣਾਂ ਦਾ ਕੇਂਦਰ ਬਣ ਸਕਦੇ ਹਨ। ਇਸ ਵੇਲੇ ਪੰਜਾਬ ਵਿੱਚ ਨਿਕਾਈ ਚੋਣਾਂ ਦਾ ਮੰਚ ਪੂਰੀ ਤਰਾ ਤਿਆਰ ਹੋ ਚੁੱਕਾ ਹੈ। ਅਧਿਕਾਰਕ ਚੋਣ ਪ੍ਰੋਗਰਾਮ ਦੇ ਐਲਾਨ ਨਾਲ ਹੀ ਚੋਣੀ ਮੁਕਾਬਲਾ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਦਿਨਾਂ ’ਚ ਸੂਬੇ ਦੀ ਰਾਜਨੀਤੀ ਪੂਰੀ ਤਰ੍ਹਾਂ ਚੋਣੀ ਰੰਗ ਵਿੱਚ ਰੰਗੀ ਨਜ਼ਰ ਆਵੇਗੀ।