ਮ੍ਰਿਤਕ ਅਧਿਆਪਕ ਦੇ ਵਾਰਸਾਂ ਨੂੰ ਦੇਵੋ ਇਕ ਕਰੋੜ ਦਾ ਮੁਆਵਜ਼ਾ
*ਚੋਣ ਕਮਿਸ਼ਨ ਮ੍ਰਿਤਕ ਬੀਐੱਲਓ ਅਵਤਾਰ ਸਿੰਘ ਭਾਖੜੀਆਣਾ ਦੇ ਵਾਰਸਾਂ ਨੂੰ ਦੇਵੇ ਇੱਕ ਕਰੋੜ ਦਾ ਮੁਆਵਜ਼ਾ
Publish Date: Mon, 30 Mar 2026 07:22 PM (IST)
Updated Date: Mon, 30 Mar 2026 07:24 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫ਼ਗਵਾੜਾ : ਸਾਂਝਾ ਅਧਿਆਪਕ ਮੋਰਚਾ ਫਗਵਾੜਾ ਦੀ ਅਹਿਮ ਮੀਟਿੰਗ ਜਸਬੀਰ ਸੈਣੀ, ਸਤਵੰਤ ਟੂਰਾ, ਜਸਬੀਰ ਭੰਗੂ, ਦਲਜੀਤ ਸੈਣੀ, ਗਣੇਸ਼ ਭਗਤ, ਗੁਰਮੁਖ ਸਿੰਘ, ਸਤਨਾਮ ਸਿੰਘ ਰੰਧਾਵਾ, ਪਰਮਿੰਦਰ ਪਾਲ ਆਦਿ ਦੀ ਪ੍ਰਧਾਨਗੀ ਹੇਠਾਂ ਹੋਈ। ਇਸ ਮੌਕੇ ਆਗੂਆਂ ਨੇ ਦਸਿਆ ਕਿ ਚੋਣ ਕਮਿਸ਼ਨ ਪੰਜਾਬ ਦੀ ਹਦਾਇਤ ਅਨੁਸਾਰ ਸਥਾਨਕ ਐੱਸਡੀਐੱਮ ਦਫਤਰ ਫ਼ਗਵਾੜਾ ਵੱਲੋਂ ਭਾਖੜੀਆਣਾ ਪਿੰਡ ਵਿਚ ਲਗਾਏ ਗਏ ਬੀਐੱਲਓ ਅਵਤਾਰ ਸਿੰਘ ਦੀ ਕੁੱਝ ਲੋਕਾਂ ਨਾਲ ਸਕੂਲ ਵਿਚ ਡਿਊਟੀ ਦੌਰਾਨ ਹੋਈ ਤਕਰਾਰ ਕਾਰਨ ਮੌਤ ਹੋਈ ਹੈ। ਮ੍ਰਿਤਕ ਅਧਿਆਪਕ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਗੂਆਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਤੇ ਪੰਜਾਬ ਸਰਕਾਰ ਮ੍ਰਿਤਕ ਦੇ ਪਰਿਵਾਰ ਨੂੰ ਤੁਰੰਤ ਇਕ ਕਰੋੜ ਦਾ ਮੁਆਵਜ਼ਾ ਤੇ ਇਕ ਯੋਗ ਮੈਂਬਰ ਨੂੰ ਤੁਰੰਤ ਸਰਕਾਰੀ ਨੌਕਰੀ ਦੇਵੇ ਤੇ ਮ੍ਰਿਤਕ ਬੀਐੱਲਓ ਦੇ ਪਰਿਵਾਰ ਦਾ ਭਵਿੱਖ ਸੁਰੱਖਿਅਤ ਕਰੇ। ਇਹ ਵੀ ਮੰਗ ਗਈ ਹੈ ਕਿ ਇਸ ਦੁਰਘਟਨਾ ਦੇ ਜ਼ਿੰਮੇਵਾਰ ਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਵਾਲੇ ਅਨਸਰਾਂ ਦੀ ਪਹਿਚਾਣ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਬਣਦੀ ਸਜ਼ਾ ਦਿੱਤੀ ਜਾਵੇ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮੌਜੂਦਾ ਦੌਰ ਵਿਚ ਚੋਣ ਪ੍ਰਕਿਰਿਆ ਦਾ ਕੰਮ ਸਾਰਾ ਸਾਲ ਹੀ ਚੱਲਦਾ ਰਹਿੰਦਾ ਹੈ। ਇਸ ਲਈ ਚੋਣ ਕਮਿਸ਼ਨ ਪੰਜਾਬ/ਚੋਣ ਕਮਿਸ਼ਨ ਭਾਰਤ ਆਪਣੇ ਵੱਖਰੇ ਮੁਲਾਜ਼ਮ ਭਰਤੀ ਕਰੇ ਤਾਂ ਜੋ ਚੋਣ ਕਮਿਸ਼ਨ ਦਾ ਕੰਮ ਬਿਨਾਂ ਕਿਸੇ ਵਿਘਨ ਤੋਂ ਲਗਾਤਾਰ ਚੱਲਦਾ ਰਹਿ ਸਕੇ। ਚੋਣ ਕਮਿਸ਼ਨ ਵੱਲੋਂ ਆਪਣੇ ਵੱਖਰੇ ਮੁਲਾਜ਼ਮ ਭਰਤੀ ਕਰਨ ਨਾਲ ਪੰਜਾਬ/ਦੇਸ਼ ਭਰ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੱਡੇ ਪੱਧਰ ਤੇ ਮਿਲਣਗੇ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਵੀ ਚਲੇਗਾ। ਆਗੂਆਂ ਨੇ ਚੋਣ ਕਮਿਸ਼ਨ ਤੋਂ ਇਹ ਵੀ ਮੰਗ ਜ਼ੋਰਦਾਰ ਢੰਗ ਨਾਲ ਕੀਤੀ ਕਿ ਜਿੰਨਾ ਸਮਾਂ ਆਪਣੇ ਵੱਖਰੇ ਮੁਲਾਜ਼ਮ ਭਰਤੀ ਕਰਨ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ, ਉਦੋਂ ਤੱਕ ਹਾਲਾਤਾਂ ਦੇ ਮੱਦੇਨਜ਼ਰ ਹਰ ਬੀਐੱਲਓ ਨੂੰ ਸਕਿਓਰਟੀ ਵੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਭਵਿੱਖ ਵਿਚ ਅਵਤਾਰ ਸਿੰਘ ਵਾਂਗ ਕਿਸੇ ਨੂੰ ਵੀ ਦਬਾਅ ਵਿਚ ਆ ਕੇ ਜਾਨ ਨਾ ਗੁਆਉਣੀ ਪਵੇ। ਇਸ ਮੌਕੇ ਸਤਿੰਦਰ ਸਿੰਘ, ਜਤਿੰਦਰ ਸਿੰਘ, ਸੁਰਿੰਦਰ ਰਾਮ, ਗੌਰਵ ਰਾਠੌਰ, ਤੀਰਥ ਸਿੰਘ, ਰਵਿੰਦਰ ਕੁਮਾਰ ਆਦਿ ਅਧਿਆਪਕ ਹਾਜ਼ਰ ਸਨ।