ਦਰਦਨਾਕ ਸੜਕ ਹਾਦਸੇ ’ਚ ਬਜ਼ੁਰਗ ਔਰਤ ਦੀ ਮੌਤ
ਦਰਦਨਾਕ ਸੜਕ ਹਾਦਸੇ ਵਿੱਚ ਬਜ਼ੁਰਗ ਮਹਿਲਾ ਦੀ ਮੌਤ
Publish Date: Sun, 05 Apr 2026 08:30 PM (IST)
Updated Date: Mon, 06 Apr 2026 04:11 AM (IST)

ਗੁਰਦੁਆਰਾ ਸ੍ਰੀ ਬੇਰ ਸਾਹਿਬ ਮਾਰਗ ’ਤੇ ਵਾਪਰੀ ਘਟਨਾ ਪਰਿਵਾਰ ’ਚ ਸੋਗ ਦਾ ਮਾਹੌਲ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ, ਸੁਲਤਾਨਪੁਰ ਲੋਧੀ : ਬੀਤੀ ਰਾਤ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਮਾਰਗ ’ਤੇ ਆਤਮਾ ਸਿੰਘ ਪਾਰਕ ਦੇ ਨਜ਼ਦੀਕ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ। ਇਸ ਹਾਦਸੇ ’ਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ, ਜਿਸ ਨਾਲ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਜਦੋਂ ਉਕਤ ਮਾਰਗ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਸੜਕ ’ਤੇ ਸੀਵਰੇਜ ਦੇ ਉੱਚੇ ਕੀਤੇ ਗਏ ਢੱਕਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਹਾਦਸਾ ਇੰਨਾ ਅਚਾਨਕ ਤੇ ਭਿਆਨਕ ਸੀ ਕਿ ਮੋਟਰਸਾਈਕਲ ਦੇ ਪਿੱਛੇ ਬੈਠੀ ਬਲਵਿੰਦਰ ਕੌਰ (62) ਪਤਨੀ ਸੁਰਜੀਤ ਸਿੰਘ, ਵਾਸੀ ਗਲੀ ਨੰਬਰ 2, ਡਪਈ ਰੋਡ, ਛੋਟਾ ਹਰੀਪੁਰਾ, ਏਕਤਾ ਨਗਰ ਅੰਮ੍ਰਿਤਸਰ, ਸੜਕ ’ਤੇ ਜ਼ੋਰ ਨਾਲ ਡਿੱਗ ਪਈ। ਜ਼ਖਮੀ ਹਾਲਤ ’ਚ ਔਰਤ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਲਈ ਭਰਪੂਰ ਕੋਸ਼ਿਸ਼ ਕੀਤੀ। ਡਿਊਟੀ ’ਤੇ ਮੌਜੂਦ ਡਾ. ਹਰਪ੍ਰੀਤ ਸਿੰਘ ਮੁਤਾਬਕ ਔਰਤ ਬਹੁਤ ਹੀ ਗੰਭੀਰ ਹਾਲਤ ’ਚ ਹਸਪਤਾਲ ਲਿਆਂਦੀ ਗਈ ਸੀ ਤੇ ਮੁੱਢਲੀ ਸਹਾਇਤਾ ਦੇਣ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਦਰਦਨਾਕ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ‘ਚ ਮਾਤਮ ਛਾ ਗਿਆ ਹੈ। ਇਸ ਹਾਦਸੇ ਨੇ ਇਕ ਵਾਰੀ ਫਿਰ ਸੜਕ ਸੁਰੱਖਿਆ ਤੇ ਮਾਰਗਾਂ ਦੀ ਹਾਲਤ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।