ਨਸ਼ੀਲੇ ਕੈਪਸੂਲ ਤੇ ਗੋਲੀਆਂ ਸਣੇ ਅੱਠ ਕਾਬੂ, ਮਾਮਲਾ ਦਰਜ
ਨਸ਼ੀਲੇ ਕੈਪਸੂਲ ਅਤੇ ਗੋਲੀਆਂ ਸਣੇ ਅੱਠ ਕਾਬੂ ਮਾਮਲਾ ਦਰਜ
Publish Date: Sat, 11 Apr 2026 08:42 PM (IST)
Updated Date: Sat, 11 Apr 2026 08:44 PM (IST)

ਆਸ਼ੀਸ਼ ਸ਼ਰਮਾ, ਪੰਜਾਬੀ ਜਾਗਰਣ ਫਗਵਾੜਾ : ਥਾਣਾ ਸਿਟੀ ਫਗਵਾੜਾ ਵਿਖੇ ਨਸ਼ੇ ਦੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲਾਂ ਸਣੇ ਅੱਠ ਨੂੰ ਕਾਬੂ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦਿਆਂ ਏਐੱਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਭੈੜੇ ਅੰਸਰਾਂ ਦੀ ਭਾਲ ਲਈ ਉਹ ਸੋਧੀ ਚੌਕ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਦਾਣਾ ਮੰਡੀ ਫਗਵਾੜਾ ਦੇ ਬਾਹਰ ਬਣੇ ਹੋਏ ਬਾਥਰੂਮਾਂ ਨਜ਼ਦੀਕ ਬੀਰਾ ਰਾਮ ਪੁੱਤਰ ਮਹਿੰਗਾ ਰਾਮ ਵਾਸੀ ਮੁਹੱਲਾ ਧਰਮਕੋਟ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ ਵੇਚ ਰਿਹਾ ਹੈ। ਮੁਖਬਰ ਵੱਲੋਂ ਦਿੱਤੀ ਗਈ ਇਤਲਾਹ ’ਤੇ ਜਦੋਂ ਜਾਂਚ ਕੀਤੀ ਗਈ ਤਾਂ ਉਸ ਵੇਲੇ ਪੰਕਜ ਕੁਮਾਰ ਪੁੱਤਰ ਮਲਕੀਤ ਰਾਮ ਵਾਸੀ ਭਾਣੋਕੀ ਥਾਣਾ ਸਤਨਾਮਪੁਰਾ ਮੌਕੇ ’ਤੇ ਆਇਆ ਤੇ ਬਤੌਰ ਪਬਲਿਕ ਗਵਾਹ ਸ਼ਾਮਲ ਪਾਰਟੀ ਕੀਤਾ। ਏਐੱਸਆਈ ਨੇ ਸਾਥੀ ਕਰਮਚਾਰੀਆਂ ਸਮੇਤ ਮਨਵਿੰਦਰ ਸਿੰਘ ਉਰਫ ਬਿੰਦਰੱਖੀਆ ਨੇ ਬੀਰਾ ਰਾਮ ਦੀ ਸ਼ੱਕ ਦੇ ਆਧਾਰ ’ਤੇ ਰੋਕਿਆ ਤਾਂ ਉਹ ਕਾਲੇ ਰੰਗ ਦਾ ਲਿਫਾਫਾ ਸੁੱਟ ਕੇ ਆਪਣੇ ਘਰ ਵੱਲ ਨੂੰ ਦੌੜ ਗਿਆ। ਕਾਂਸਟੇਬਲ ਜਸਕਰਨ ਸਿੰਘ ਨੇ ਜਦੋਂ ਸੁੱਟੇ ਹੋਏ ਲਿਫਾਫੇ ਦੀ ਜਾਂਚ ਕੀਤੀ ਅਤੇ ਬੀਰਾਰਾਮ ਦੇ ਪਿੱਛੇ ਚੱਲ ਪਿਆ ਤਾਂ ਉਹ ਘਰ ਵਿੱਚ ਚਲਾ ਗਿਆ। ਮੌਕੇ ’ਤੇ ਪਰਮਜੀਤ ਸਿੰਘ ਵਾਸੀ ਮੁਹੱਲਾ ਧਰਮਕੋਟ ਤੇ ਹੋਰ ਕਾਫੀ ਲੋਕ ਆ ਗਏ, ਜਿਨ੍ਹਾਂ ਨੇ ਘਰ ਦੀ ਤਲਾਸ਼ੀ ਵੀ ਨਹੀਂ ਕਰਨ ਦਿੱਤੀ ਅਤੇ ਬੀਰਾ ਰਾਮ ਨੂੰ ਆਪਣੀ ਪ੍ਰਾਈਵੇਟ ਗੱਡੀ ਵਿੱਚ ਬਿਠਾ ਕੇ ਲਿਫਾਫੇ ਵਾਲੀ ਜਗ੍ਹਾ ਕੋਲ ਮੌਕੇ ’ਤੇ ਪਹੁੰਚੇ ਤਾਂ ਉੱਥੋਂ ਦੇਵਰਾਜ ਉਰਫ ਦੇਬੂ ਪੁੱਤਰ ਬੀਰਾ ਰਾਮ, ਰਾਜੂ ਉਰਫ ਗੋਲੀ ਬਾਬਾ, ਪੁੱਤਰ ਛਿੰਦਾ ਰਾਮ, ਪਵਨ ਪ੍ਰਧਾਨ, ਪਰਮਜੀਤ ਪ੍ਰਧਾਨ, ਬੱਬੀ ਗਗਨ, ਰਵੀ ਵਾਸੀ ਮੁਹੱਲਾ ਧਰਮਕੋਟ ਅਤੇ 25-30 ਵਿਅਕਤੀ ਮੌਕੇ ’ਤੇ ਆ ਗਏ। ਏਐੱਸਆਈ ਪੁਲਿਸ ਨਾਲ ਸ਼ਾਮਲ ਮਨਵਿੰਦਰ ਉਰਫ ਬਿੰਦਰਖੀਆ ਅਤੇ ਪੰਕਜ ਕੁਮਾਰ ਦੀ ਕੁੱਟਮਾਰ ਕਰਨ ਲੱਗੇ ਜਿਨ੍ਹਾਂ ਨੂੰ ਮੌਕੇ ’ਤੇ ਏਐੱਸਆਈ ਬਲਵਿੰਦਰ ਸਿੰਘ ਨੇ ਛੁਡਾਇਆ। ਇਨ੍ਹਾਂ ਵਿਅਕਤੀਆਂ ਨੇ ਪੁਲਿਸ ਨਾਲ ਵੀ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ। ਜਦੋਂ ਮੌਕੇ ’ਤੇ ਸੁੱਟੇ ਗਏ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 100 ਪ੍ਰੈਗਾ ਬੋਲੇਨ ਕੈਪਸੂਲ ਅਤੇ 100 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਮੁਲਜ਼ਮਾਂ ਬੀਰਾ ਰਾਮ ਪੁੱਤਰ ਮਹਿੰਗਾ ਰਾਮ, ਪਰਮਜੀਤ ਸਿੰਘ ਦੇਵਰਾਜ ਉਰਫ ਦੇਬੂ, ਰਾਜੂ ਉਰਫ ਗੋਲੀ, ਛਿੰਦਾ ਰਾਮ, ਪਵਨ ਪ੍ਰਧਾਨ, ਪਰਮਜੀਤ ਪ੍ਰਧਾਨ, ਬੱਬੀ, ਗਗਨ, ਰਵੀ ਨੂੰ ਕਾਬੂ ਕਰ ਕੇ ਇਨ੍ਹਾਂ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।