ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੈ ਈਦ ਦਾ ਤਿਉਹਾਰ : ਐਡਵੋਕੇਟ ਚੰਦੀ
ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੈ ਈਦ ਦਾ ਤਿਉਹਾਰ : ਐਡਵੋਕੇਟ ਚੰਦੀ
Publish Date: Sun, 22 Mar 2026 06:40 PM (IST)
Updated Date: Mon, 23 Mar 2026 04:11 AM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ, ਕਪੂਰਥਲਾ : ਇਸਲਾਮੀਆ ਮਾਡਲ ਸਕੂਲ ਦੇ ਸਟਾਫ਼ ਵੱਲੋਂ ਪਵਿੱਤਰ ਤਿਉਹਾਰ ਈਦ-ਉਲ-ਫਿਤਰ ਬੜੀ ਅਕੀਦਤ,ਉਤਸ਼ਾਹ ਅਤੇ ਆਪਸੀ ਮਿਲਵਰਤਣ ਨਾਲ ਮਨਾਇਆ ਗਿਆ।ਇਸ ਮੁਬਾਰਕ ਮੌਕੇ ਤੇ ਮੁਸਲਿਮ ਭਾਈਚਾਰੇ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਈਦ ਦੀ ਨਮਾਜ਼ ਅਦਾ ਕੀਤੀ । ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਸ਼ਿਰਕਤ ਕਰਦਿਆਂ ਦੇਸ਼ ਪੰਜਾਬ ਤੇ ਹਲਕਾ ਨਿਵਾਸੀਆਂ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੰਦਿਆਂ ਹਲਕਾ ਨਿਵਾਸੀਆਂ ਦੀ ਚੰਗੀ ਸਿਹਤ,ਤਰੱਕੀ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਵਿਸ਼ੇਸ਼ ਪ੍ਰਾਥਨਾ ਕੀਤੀ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਜਿਹੇ ਪਵਿੱਤਰ ਦਿਹਾੜੇ ਸਾਡੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ।ਇਸ ਖੁਸ਼ੀ ਦੇ ਮੌਕੇ ਤੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਆਪਣੀਆਂ ਕੁਝ ਮੰਗਾਂ ਸਬੰਧੀ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ।ਐਡਵੋਕੇਟ ਚੰਦੀ ਨੇ ਕਿਹਾ ਕਿ ਸੰਸਾਰ ਵਿਚ ਪ੍ਰਚਲਿਤ ਵੱਖ-ਵੱਖ ਧਰਮਾਂ ਵਿਚ ਸਦੀਆਂ ਤੋਂ ਹੀ ਤਿਉਹਾਰਾਂ ਰਾਹੀਂ ਖੁਸ਼ੀਆਂ ਮਨਾਉਣ ਦਾ ਸਿਲਸਿਲਾ ਚਲਿਆ ਆ ਰਿਹਾ ਹੈ ਹਰ ਧਰਮ ਚ ਮਨਾਏ ਜਾਂਦੇ ਤਿਉਹਾਰਾਂ ਦਾ ਪਿਛੋਕੜ ਕਿਸੇ ਨਾ ਕਿਸੇ ਰੂਪ ਉਸ ਧਰਮ ਚ ਵਾਪਰੀ ਕਿਸੇ ਮੁੱਖ ਸੁਖਾਂਤਕ ਘਟਨਾ ਨਾਲ ਜੁੜਿਆ ਪ੍ਰਤੀਤ ਹੁੰਦਾ ਹੈ। ਦੀਵਾਲੀ, ਗੁਰਪੁਰਬ ਅਤੇ ਕ੍ਰਿਸਮਿਸ ਆਦਿ ਇਸਦੀਆਂ ਪ੍ਰਤੱਖ ਉਦਾਹਰਣਾਂ ਹਨ। ਇਸਲਾਮ ਧਰਮ ਵਿਚ ਦੋ ਤਿਉਹਾਰ ਮੁੱਖ ਤੋਰ ਤੇ ਪੂਰੇ ਵਿਸ਼ਵ ਦੇ ਮੁਸਲਮਾਨਾਂ ਦੁਆਰਾ ਸਾਂਝੇ ਰੂਪ ਵਿਚ ਮਨਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਆਪਸੀ ਪਿਆਰ,ਭਰਾਤਰੀਭਾਵ, ਸਾਂਝ ਅਤੇ ਏਕਤਾ ਦਾ ਪ੍ਰਤੀਕ ਹੈ,ਜੋ ਸਮਾਜ ਵਿਚ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦਾ ਹੈ।ਉਨ੍ਹਾਂ ਕਿਹਾ ਕਿ ਈਦ ਸਿਰਫ਼ ਮੁਸਲਿਮ ਭਾਈਚਾਰੇ ਦਾ ਹੀ ਨਹੀਂ,ਸਗੋਂ ਹਰ ਧਰਮ ਅਤੇ ਵਰਗ ਦੇ ਲੋਕਾਂ ਵੱਲੋਂ ਸਾਂਝੀਵਾਲਤਾ ਅਤੇ ਪ੍ਰੇਮ ਭਾਵਨਾ ਨਾਲ ਮਨਾਇਆ ਜਾਣ ਵਾਲਾ ਪਵਿੱਤਰ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਮਾਜ ਨੂੰ ਵੰਡਣ ਵਾਲੀਆਂ ਨਫ਼ਰਤੀ ਅਤੇ ਫੁੱਟਪਾਊ ਤਾਕਤਾਂ ਦੇ ਖ਼ਿਲਾਫ਼ ਸਾਨੂੰ ਇਕੱਠੇ ਹੋ ਕੇ ਪਿਆਰ,ਸਾਂਝ ਅਤੇ ਭਾਈਚਾਰੇ ਦੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ।ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿਚ ਵੀ ਇਨ੍ਹਾਂ ਮੁੱਲਾਂ ਨੂੰ ਆਪਣਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਵਿਚ ਅਮਨ ਅਤੇ ਏਕਤਾ ਬਣੀ ਰਹੇ। ਇਸ ਮੌਕੇ ਉਨ੍ਹਾਂ ਨੇ ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ,ਅਮਨ-ਚੈਨ ਅਤੇ ਤਰੱਕੀ ਲਈ ਦੁਆ ਵੀ ਕੀਤੀ ਅਤੇ ਕਿਹਾ ਕਿ ਅਸੀਂ ਸਾਰੇ ਮਿਲ ਕੇ ਇਕ ਅਜਿਹਾ ਸਮਾਜ ਬਣਾਈਏ ਜਿੱਥੇ ਹਰ ਵਰਗ ਨੂੰ ਬਰਾਬਰੀ ਦਾ ਮੌਕਾ ਮਿਲੇ ਤੇ ਹਰ ਕੋਈ ਖੁਸ਼ਹਾਲ ਜੀਵਨ ਬਿਤਾ ਸਕੇ।