- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 19 ਫਰਵਰੀ ਨੂੰ ਪੁਤਲੇ ਫੂਕੇ ਜਾਣਗੇ : ਕੋਹਲੀ

ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਸੰਗਤ ਰਾਮ ਬਾਗੀ ਜ਼ਿਲ੍ਹਾ ਪ੍ਰਧਾਨ ਪੀਐੱਸਐੱਮਐੱਸਯੂ ਤੇ ਮਾਸਟਰ ਕੇਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਨਰੇਸ਼ ਕੁਮਾਰ ਕੋਹਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਜਥੇਬੰਦੀ ਦੇ ਆਗੂਆਂ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਮੁਕੰਮਲ ਐੱਸਓਪੀ ਜਾਰੀ ਕਰਵਾਉਣ ਲਈ ਸੰਘਰਸ਼ ਜਾਰੀ ਰੱਖਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ 19 ਫਰਵਰੀ 2026 ਨੂੰ ਪੂਰੇ ਪੰਜਾਬ ਵਿਚ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਤੇ ਇਸ ਸੰਬੰਧੀ ਜੋ ਪ੍ਰੋਗਰਾਮ ਉਲੀਕੇ ਗਏ ਹਨ, ਉਨ੍ਹਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਪੀਐੱਸਐੱਮਐੱਸਯੂ ਤੇ ਐੱਮਸੀਯੂ ਪ੍ਰਧਾਨ ਸੰਗਤ ਰਾਮ ਬਾਗੀ, ਕੋਹਲੀ ਨੇ ਕਿਹਾ ਕਿ 17 ਜੁਲਾਈ 2020 ਦਾ ਕੇਂਦਰੀ ਪੇ-ਸਕੇਲ ਸੰਬੰਧੀ ਪੱਤਰ ਮੁਲਾਜ਼ਮ ਵਿਰੋਧੀ ਹੈ, ਜਿਸਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਅਧਿਆਪਕ ਜਥੇਬੰਦੀਆਂ, ਸਿਹਤ, ਤਕਨੀਕੀ ਤੇ ਦਫ਼ਤਰੀ ਵਿਭਾਗਾਂ ਦੇ ਕਰਮਚਾਰੀ ਇਸ ਸੰਘਰਸ਼ ਵਿਚ ਸ਼ਾਮਲ ਹਨ। ਇਹ ਸੰਘਰਸ਼ ਸਿਰਫ਼ ਇਕ ਯੂਨੀਅਨ ਦਾ ਨਹੀਂ, ਬਲਕਿ ਪੰਜਾਬ ਦੇ ਹਰ ਵਿਭਾਗ ਦੇ ਹਰ ਉਸ ਮੁਲਾਜ਼ਮ ਦਾ ਹੈ, ਜੋ ਆਪਣੀ ਬੁਢਾਪੇ ਦੀ ਲਾਠੀ (ਪੈਨਸ਼ਨ) ਨੂੰ ਸੁਰੱਖਿਅਤ ਦੇਖਣਾ ਚਾਹੁੰਦਾ ਹੈ। ਜ਼ਿਲ੍ਹਾ ਕਪੂਰਥਲਾ ਵਿਚ ਸੇਵਾ ਨਿਭਾਅ ਰਹੇ ਐੱਨਪੀਐੱਸ ਅਧੀਨ ਆਉਂਦੇ ਤੇ 17/07/20 ਵਾਲੇ ਸਰਕਾਰ ਦੇ ਕਾਲੇ ਕਾਨੂੰਨ ਦੀ ਮਾਰ ਝੱਲ ਰਹੇ ਸਿੱਖਿਆ ਵਿਭਾਗ ਦੇ ਲੈਕਚਰਾਰ, ਮਾਸਟਰ ਕੇਡਰ, ਈਟੀਟੀ ਅਧਿਆਪਕ ਤੇ ਵਲੰਟੀਅਰ, ਸਿਹਤ ਵਿਭਾਗ ਦੇ ਡਾਕਟਰ, ਸਪੈਸ਼ਲਿਸਟ, ਨਰਸਿੰਗ ਸਟਾਫ਼, ਫਾਰਮਾਸਿਸਟ ਤੇ ਲੈਬ ਟੈਕਨੀਸ਼ੀਅਨ, ਦਫ਼ਤਰੀ ਸਟਾਫ ਦੇ ਸੁਪਰਡੈਂਟ, ਸੀਨੀਅਰ ਸਹਾਇਕ, ਜੂਨੀਅਰ ਸਹਾਇਕ, ਕਲਰਕ ਤੇ ਡਾਟਾ ਐਂਟਰੀ ਆਪ੍ਰੇਟਰ, ਤਕਨੀਕੀ ਤੇ ਹੋਰ ਸਟਾਫ, ਐਕਸੀਅਨ, ਐੱਸਡੀਓ, ਜੇਈ, ਲਾਈਨਮੈਨ, ਸਹਾਇਕ ਲਾਈਨਮੈਨ ਤੇ ਮੀਟਰ ਰੀਡਰ, ਦਰਜਾ-4 ਮੁਲਾਜ਼ਮ ਸੇਵਾਦਾਰ, ਚੌਕੀਦਾਰ, ਸਵੀਪਰ ਤੇ ਮਾਲੀ, ਭਾਵ ਦਰਜਾ-1 ਤੋਂ ਦਰਜਾ-4 ਤੱਕ ਦਾ ਹਰ ਅਧਿਕਾਰੀ ਤੇ ਕਰਮਚਾਰੀ ਇਸ ਸੰਘਰਸ਼ ਦਾ ਹਿੱਸਾ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨਾਂ ਵੱਲੋਂ ਓਪੀਐੱਸ ਦਾ ਮੁਕੰਮਲ ਐੱਸਪੀਓ ਜਾਰੀ ਕਰਨ, 16 ਫੀਸਦੀ ਡੀਏ ਦੀ ਬਕਾਇਆ ਕਿਸ਼ਤ ਤੇ ਹੋਰ ਰੁਕੇ ਹੋਏ ਭੱਤੇ ਜਾਰੀ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਬਾਵਜੂਦ ਇਸਦੇ ਸਰਕਾਰ ਮੰਗਾਂ ਵੱਲ ਧਿਆਨ ਨਾ ਦੇ ਕੇ ਅਧਿਆਪਕਾਂ ਤੇ ਸਰਕਾਰੀ ਕਰਮਚਾਰੀਆਂ ਨੂੰ ਸੰਘਰਸ਼ ਦੇ ਰਾਹ ’ਤੇ ਚੱਲਣ ਨੂੰ ਮਜਬੂਰ ਕਰ ਰਹੀ ਹੈ। ਇਸ ਮੌਕੇ ਨਰਿੰਦਰ ਸਿੰਘ ਚੀਮਾ ਜ਼ਿਲ੍ਹਾ ਚੇਅਰਮੈਨ ਪੀਐੱਸਐੱਮਐੱਸਯੂ ਕਪੂਰਥਲਾ, ਸਰਤਾਜ ਸਿੰਘ ਚੀਮਾ ਜ਼ਿਲ੍ਹਾ ਚੇਅਰਮੈਨ ਕਪੂਰਥਲਾ, ਸੁਖਜਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਪੂਰਥਲਾ, ਵਸਨਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਪੂਰਥਲਾ, ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਸੈਣੀ, ਅਮਨ ਸ਼ਰਮਾ, ਮਨਦੀਪ ਸਿੰਘ, ਸੰਨੀ ਸਹੋਤਾ, ਚਤਰ ਸਿੰਘ, ਵਿਵੇਕ ਗਾਬਾ, ਜਗਦੀਪ ਸਿੰਘ, ਗੁਰਸੇਵਕ ਸਿੰਘ, ਤਰਸੇਮ ਸਿੰਘ ਹਾਜ਼ਰ ਸਨ।