- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪਹੁੰਚਣ ਤੇ ਅਮਿਤ ਸ਼ਾਹ ਦੇ ਫੂਕੇ ਗਏ ਪੁਤਲੇ

--ਫ੍ਰੀ ਟ੍ਰੇਡ ਸਮਝੌਤੇ, ਬਿਜਲੀ ਸੋਧ ਬਿਲ, ਚਾਰ ਲੇਬਰ ਕੋਡ ਰੱਦ ਕਰਾਉਣ, ਐੱਮਐੱਸਪੀ ਗਰੰਟੀ ਕਨੂੰਨ, ਮਨਰੇਗਾ ਬਹਾਲ ਕਰਨ ਵਰਗੀਆਂ ਮੰਗਾਂ ਦੀ ਅਣਦੇਖੀ ਖ਼ਿਲਾਫ਼ ਰੋਸ
ਚੰਨਪ੍ਰੀਤ ਸਿੰਘ ਕੰਗ, ਪੰਜਾਬੀ ਜਾਗਰਣ
ਨਡਾਲਾ : ਸ਼ਨੀਵਾਰ ਨੂੰ ਕੇਐੱਮਐੱਮ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਲਈ ਪੰਜਾਬ ਫੇਰੀ ਮੌਕੇ ਪੰਜਾਬ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਨਡਾਲਾ ਵੱਲੋਂ ਜ਼ੋਨ ਪ੍ਰਧਾਨ ਨਿਸ਼ਾਨ ਸਿੰਘ, ਜ਼ੋਨ ਸਕੱਤਰ ਬਲਦੇਵ ਸਿੰਘ, ਜ਼ੋਨ ਖਜ਼ਾਨਚੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਵੱਡੇ ਪੁਤਲੇ ਬਣਾ ਕੇ ਰੋਸ ਮਾਰਚ ਕਰਦੇ ਹੋਏ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ੋਨ ਪ੍ਰਧਾਨ ਤੇ ਸਕੱਤਰ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਵੱਲੋਂ ਮੋਗਾ ਰੈਲੀ ਦਾ ਨਾਂ ‘ਬਦਲਾਅ ਰੈਲੀ’ ਰੱਖਿਆ ਤੇ ‘ਵਸਦਾ ਰਹੇ ਸਾਡਾ ਪੰਜਾਬ’ ਦਾ ਨਾਹਰਾ ਦਿੱਤਾ ਗਿਆ ਹੈ, ਜਦੋਂ ਕਿ ਮੋਦੀ ਸਰਕਾਰ ਭਾਰਤ-ਅਮਰੀਕਾ ਸਮਝੌਤੇ ਵਿਚ ਖੇਤੀ ਤੇ ਡੇਅਰੀ ਖੇਤਰ ਨੂੰ ਸ਼ਾਮਲ ਕਰਕੇ ਅਜਿਹਾ ਨੀਤੀਗਤ ਫੈਸਲਾ ਕੀਤਾ ਹੈ, ਜਿਸ ਨਾਲ ਪੰਜਾਬ ਤਾਂ ਕੀ ਪੂਰਾ ਦੇਸ਼ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ। ਉਨ੍ਹਾਂ ਕਿਹਾ ਕਿਉਂਕਿ ਪੰਜਾਬ ਦਾ ਅਰਥਚਾਰਾ ਖੇਤੀ ’ਤੇ ਆਧਾਰਿਤ ਹੈ, ਇਸ ਲਈ ਖੇਤੀ ਖੇਤਰ ਤੇ ਕਾਰਪੋਰੇਟ ਦਾ ਕਬਜ਼ਾ ਕਰਾਉਣ ਲਈ ਅਜਿਹਾ ਫੈਸਲਾ ਕੀਤਾ ਗਿਆ ਹੈ, ਕਿਉਕਿ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਤੱਕ ਪੰਜਾਬ ਲੋਕ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਤੇ ਸਰਕਾਰਾਂ ਇਸ ਤਾਸੀਰ ਨੂੰ ਖਤਮ ਕਰਨਾ ਚਾਹੁੰਦੀਆਂ ਹਨ, ਜਿਸ ਨਾਲ ਕਿ ਆਮ ਪੰਜਾਬੀ ਦੀ ਰੋਜ਼ੀ ਰੋਟੀ ਦਾ ਸਾਧਨ ਖੇਤੀ ਸੈਕਟਰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਲ ਇਥੇ ਹੀ ਨਹੀਂ ਰੁਕਦੀ। ਜ਼ੋਨ ਖਜ਼ਾਨਚੀ ਬਲਵਿੰਦਰ ਸਿੰਘ, ਕਮਲਜੀਤ ਸਿੰਘ ਨੇ ਕਿਹਾ ਕਿ ਬਿਜਲੀ ਸੋਧ ਬਿੱਲ 2025 ਦਾ ਖਰੜਾ ਤਿਆਰ ਹੈ ਤੇ ਛੋਟੇ ਵਪਾਰੀ, ਕਿਸਾਨ ਤੇ ਦੇਸ਼ ਦੀਆਂ ਬੀਜ ਖੋਜ ਸੰਸਥਾਵਾਂ ਨੂੰ ਤਬਾਹ ਕਰਨ ਵਾਲਾ ਬੀਜ ਕਾਨੂੰਨ ਤਿਆਰ ਹੈ। ਉਨ੍ਹਾਂ ਕਿਹਾ ਕਿ ਮੋਦੀ ਦੇ ਬਿਜਲੀ ਨਾਲ ਸਬੰਧਤ ਫੈਸਲੇ ਕਾਰਨ ਆਮ ਖਪਤਕਾਰਾਂ ਤੇ ਕਿਸਾਨਾਂ ’ਤੇ ਮਾਰੂ ਪ੍ਰਭਾਵ ਪੈਣੇ ਹਨ। ਗੱਗੀ ਹਮੀਰਾ ਤੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੇ ਹੱਕ ਵਾਲੇ ਸਾਰੇ ਕਿਰਤ ਕਾਨੂੰਨ ਖਤਮ ਕਰਕੇ ਕਾਰਪੋਰੇਟ ਸਰਮਾਏਦਾਰ ਪੱਖੀ ਚਾਰ ਲੇਬਰ ਕੋਡ ਲਾਗੂ ਕਰਕੇ ਪ੍ਰਾਈਵੇਟ ਖੇਤਰ ਵਿਚ ਲੱਗੇ ਕਿਰਤੀ ਕਾਮਿਆਂ ਕੋਲੋਂ ਯੂਨੀਅਨ ਬਣਾਉਣ ਦਾ ਸਿਰਫ ਹੱਕ ਹੀ ਨਹੀਂ ਖੋਹਿਆ, ਉਨ੍ਹਾਂ ਦਾ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਹੈ, ਜਿਸ ਨਾਲ ਬੰਧੂਆ ਮਜ਼ਦੂਰੀ ਵਰਗੀ ਹਾਲਤ ਪੈਦਾ ਹੋਵੇਗੀ। ਉਨ੍ਹਾਂਕਿਹਾ ਕਿ ਮਜ਼ਦੂਰਾਂ ਨੂੰ ਮਨਰੇਗਾ ਰਾਹੀਂ ਮਿਲਦਾ ਥੋੜਾ ਬਹੁਤ ਰੁਜ਼ਗਾਰ ਵੀ ਖੋਹ ਲਿਆ ਗਿਆ ਹੈ, ਕੇਂਦਰ ਵੱਲੋਂ ਮਨਰੇਗਾ ਦੇ ਫੰਡਾਂ ਵਿਚ 40% ਕਟੌਤੀ ਕੀਤੀ ਗਈ। ਜ਼ੋਨ ਆਗੂ ਅਰਵਿੰਦਰ ਸਿੰਘ ਤੇ ਰਣਜੀਤ ਸਿੰਘ ਨੇ ਕਿਹਾ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਹੁਕਮਾਂ ’ਤੇ ਹੀ ਹਰਿਆਣਾ ਦੇ ਬਾਰਡਰਾਂ ਤੋਂ ਦਿੱਲੀ ਜਾਂਦੇ ਸਮੇਂ ਕਿਸਾਨਾਂ ਨੂੰ ਵੱਡੀ ਬੈਰੀਕੇਡਿੰਗ ਕਰਕੇ ਰੋਕਿਆ ਗਿਆ ਤੇ 70 ਹਜ਼ਾਰ ਤੋਂ ਉੱਪਰ ਅਰਧ ਸੈਨਿਕ ਬਲ ਲਗਾ ਕੇ ਹਰਿਆਣਾ ਦੇ ਕਿਸਾਨਾਂ ਨੂੰ ਦਬਾਇਆ ਗਿਆ, ਸਿੱਧੀਆਂ ਗੋਲੀਆਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ’ਤੇ ਚਲਾਈਆਂ, ਜਿਸ ਨਾਲ 21 ਸਾਲਾ ਪਿੰਡ ਬੱਲੋਂ ਦਾ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ। ਇਨ੍ਹਾਂ ਦੀ ਬਦਲਾਅ ਰੈਲੀ ਦਾ ਮਨੋਰਥ ਪੰਜਾਬ ਅੰਦਰ ਸੱਤਾ ਹਾਸਲ ਕਰਕੇ ਲੋਕ ਪੱਖੀ ਜਨਤਕ ਜਮਹੂਰੀ ਜਥੇਬੰਦੀਆਂ ਦੀ ਤਾਕਤ ਨੂੰ ਕੁਚਲਣਾ ਖਤਮ ਕਰਨਾ ਹੈ। ਜ਼ੋਨ ਆਗੂ ਬਲਾਕਾ ਸਿੰਘ ਤੇ ਜਸਵੰਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਜੋ ਹਲਾਤ ਗੈਸ ਤੇ ਪੈਟਰੋਲਿਅਮ ਪਦਾਰਥਾਂ ਨੂੰ ਲੈ ਕੇ ਬਣੀਆਂ ਹਨ, ਉਨ੍ਹਾਂ ਲਈ ਵੀ ਮੋਦੀ ਸਰਕਾਰ ਦੀ ਕਮਜ਼ੋਰ ਵਿਦੇਸ਼ ਤੇ ਆਰਥਿਕ ਨੀਤੀ ਜ਼ਿੰਮੇਵਾਰ ਹੈ, ਕਿਉਕਿ ਸਰਕਾਰ ਅੱਖਾਂ ਬੰਦ ਕਰਕੇ ਅਮਰੀਕਾ ਦਾ ਸਾਥ ਦੇ ਰਹੀ ਹੈ, ਜਿਸ ਦਾ ਖਮਿਆਜ਼ਾ ਦੇਸ਼ ਦੀ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਸਵਰਨ ਸਿੰਘ, ਜਗੀਰ ਸਿੰਘ, ਚਿਮਨ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸਿੰਘ, ਨਿਸ਼ਾਨ ਸਿੰਘ, ਸਿੰਦਰ ਸਿੰਘ, ਬੂੜ ਸਿੰਘ, ਕੁਲਦੀਪ ਸਿੰਘ, ਸੂਬੇਦਾਰ ਜਸਵੰਤ ਸਿੰਘ, ਬਲਾਕਾ ਸਿੰਘ, ਸੁਖਵਿੰਦਰ ਸਿੰਘ ਕੰਗ, ਬਲਵਿੰਦਰ ਕੌਰ, ਪਰਮਜੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਭਜਨ ਸਿੰਘ, ਪਰਮਜੀਤ ਕੌਰ, ਹਰਜੀਤ ਕੌਰ, ਨਿਰਮਲ ਕੌਰ, ਹਰਪ੍ਰੀਤ ਸਿੰਘ, ਸਤਨਾਮ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰਾਂ ਬੀਬੀਆਂ ਹਾਜ਼ਰ ਸਨ।