ਮਿੱਠੜਾ ਕਾਲਜ ’ਚ ਕੀਤਾ ਨੁੱਕੜ ਨਾਟਕ ਦਾ ਮੰਚਨ
ਮਿੱਠੜਾ ਕਾਲਜ ਵਿੱਚ ਨਸ਼ਾ ਮੁਕਤੀ ਜਾਗਰੂਕਤਾ ਲਈ ਪ੍ਰਭਾਵਸ਼ਾਲੀ ਨੁੱਕੜ ਨਾਟਕ “ਜੀਉਂਦੀਆਂ ਲਾਸ਼ਾਂ” ਦਾ ਮੰਚਨ
Publish Date: Fri, 13 Feb 2026 09:54 PM (IST)
Updated Date: Fri, 13 Feb 2026 09:57 PM (IST)

ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਐੱਨਐੱਸਐੱਸ ਵਿਭਾਗ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਇਕ ਸਮਾਜਿਕ ਨੁੱਕੜ ਨਾਟਕ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਮਾਨਯੋਗ ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਤੇ ਪ੍ਰੋ. ਡਾ. ਸਰੋਜ ਅਰੋੜਾ, ਡੀਨ ਕਾਲਜਿਜ਼ ਡਿਵੈੱਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਇਆ ਗਿਆ। ਇਸ ਮੌਕੇ ਭਗਤ ਨਾਮਦੇਵ ਜੀ ਥੀਏਟਰ ਸੁਸਾਇਟੀ, ਘੁਮਾਣ ਵੱਲੋਂ ਨਾਟਕ “ਜੀਉਂਦੀਆਂ ਲਾਸ਼ਾਂ” ਦਾ ਮੰਚਨ ਕੀਤਾ ਗਿਆ, ਜਿਸਦਾ ਮੂਲ ਮੰਤਵ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਸੀ। ਨਾਟਕ ਵਿਚ ਦਰਸਾਇਆ ਗਿਆ ਕਿ ਨਸ਼ੇ ਮਨੁੱਖ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ ਤੇ ਉਹ ਜੀਊਂਦੇ ਹੋਏ ਵੀ ਲਾਸ਼ ਵਰਗਾ ਜੀਵਨ ਬਿਤਾਉਂਦਾ ਹੈ। ਪਰਿਵਾਰ, ਸਮਾਜ ਤੇ ਨੌਜਵਾਨ ਪੀੜ੍ਹੀ ‘ਤੇ ਨਸ਼ਿਆਂ ਦੇ ਨੁਕਸਾਨਦਾਇਕ ਪ੍ਰਭਾਵਾਂ ਨੂੰ ਕਲਾਤਮਕ ਤੇ ਸੰਵੇਦਨਸ਼ੀਲ ਢੰਗ ਨਾਲ ਮੰਚ ‘ਤੇ ਪੇਸ਼ ਕੀਤਾ ਗਿਆ, ਜਿਸ ਨਾਲ ਦਰਸ਼ਕ ਗਹਿਰੇ ਤੌਰ ‘ਤੇ ਪ੍ਰਭਾਵਿਤ ਹੋਏ। ਨਾਟਕ ਵਿਚ ਕਲਾਕਾਰਾਂ ਅਰਪਣਜੋਤ ਕੌਰ, ਸਿਮਰਨਜੋਤ ਤੇ ਪ੍ਰਿਤਪਾਲ ਸਿੰਘ ਨੇ ਆਪਣੀ ਸਜੀਵ ਤੇ ਪ੍ਰਭਾਵਸ਼ਾਲੀ ਅਦਾਕਰੀ ਰਾਹੀਂ ਨਸ਼ਿਆਂ ਦੇ ਕਹਿਰ ਨੂੰ ਬਹੁਤ ਹੀ ਪ੍ਰਭਾਵੀ ਢੰਗ ਨਾਲ ਉਜਾਗਰ ਕੀਤਾ ਤੇ ਵਿਦਿਆਰਥੀਆਂ ਤੱਕ ਤਾਕਤਵਰ ਸਮਾਜਿਕ ਸੰਦੇਸ਼ ਪਹੁੰਚਾਇਆ। ਇਸ ਮੌਕੇ ਐੱਨਐੱਸਐੱਸ ਕੋਆਰਡੀਨੇਟਰ ਡਾ. ਪਰਮਜੀਤ ਕੌਰ, ਮੁਖੀ ਸਾਇੰਸ ਵਿਭਾਗ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਨਸ਼ਾ ਸਮਾਜ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿਚੋਂ ਇਕ ਹੈ ਤੇ ਇਸ ਦੇ ਖ਼ਾਤਮੇ ਲਈ ਸਿੱਖਿਆ ਸੰਸਥਾਵਾਂ ਦੀ ਭੂਮਿਕਾ ਬਹੁਤ ਹੀ ਅਹਿਮ ਹੈ। ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ।