ਵਿਦਿਆਰਥੀਆਂ ਕੀਤਾ ਰੇਲ ਕੋਚ ਫੈਕਟਰੀ ਦਾ ਵਿਦਿਅਕ ਦੌਰਾ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀਆਂ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਵਿਦਿਅਕ ਦੌਰਾ
Publish Date: Sat, 14 Mar 2026 07:40 PM (IST)
Updated Date: Sat, 14 Mar 2026 07:42 PM (IST)

ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਧੇ ਪ੍ਰਬੰਧਾਂ ਹੇਠ, ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੀ ਰਹਿਨੁਮਾਈ ਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. ਡਾ. ਸਰੋਜ ਅਰੋੜਾ ਦੀ ਅਗਵਾਈ ਵਿਚ ਚੱਲ ਰਹੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿੱਠੜਾ ਦੇ ਵਿਦਿਆਰਥੀਆਂ ਵੱਲੋਂ ਰੇਲ ਕੋਚ ਫੈਕਟਰੀ (ਆਰਸੀਐੱਫ), ਕਪੂਰਥਲਾ ਦਾ ਉਦਯੋਗਿਕ ਦੌਰਾ ਕੀਤਾ ਗਿਆ। ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਨਿਰਮਾਣ ਤਕਨੀਕਾਂ ਤੇ ਰੇਲਵੇ ਕੋਚ ਉਤਪਾਦਨ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੌਕੇ ‘ਤੇ ਰੇਲ ਕੋਚ ਫੈਕਟਰੀ ਦੇ ਚੀਫ਼ ਫਾਇਨਾਂਸ਼ੀਅਲ ਐਡਵਾਈਜ਼ਰ ਕੰਵਲਜੀਤ ਅਸਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਕ ਪ੍ਰੇਰਣਾਦਾਇਕ ਲੈਕਚਰ ਦਿੱਤਾ। ਉਨ੍ਹਾਂ ਨੇ ਉਦਯੋਗਿਕ ਵਿਕਾਸ, ਵਿੱਤੀ ਪ੍ਰਬੰਧ ਤੇ ਸਰਕਾਰੀ ਖੇਤਰ ਵਿਚ ਕਰੀਅਰ ਦੇ ਮੌਕਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਵੀਡੀਓ ਰਾਹੀਂ ਦੂਸਰੇ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਕੋਚਾਂ ਤੇ ਹੋਰ ਵਪਾਰਕ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਟੂਰ ਦੌਰਾਨ ਵਿਦਿਆਰਥੀਆਂ ਨੇ ਫੈਕਟਰੀ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕੀਤਾ, ਜਿਥੇ ਬਚਿੱਤਰ ਸਿੰਘ ਤੇ ਜਗਦੀਪ ਸਿੰਘ ਨੇ ਗਾਈਡ ਵਜੋਂ ਦੱਸਿਆ ਕਿ ਆਟੋਮੇਟਿਡ ਸੀਐੱਨਸੀ ਮਸ਼ੀਨਾਂ ਦੀ ਵਰਤੋਂ ਕਰਕੇ ਸਟੇਨਲੈੱਸ ਸਟੀਲ ਤੇ ਐਲੂਮੀਨੀਅਮ ਦੀਆਂ ਚਾਦਰਾਂ ਨੂੰ ਕਿਵੇਂ ਕੱਟਿਆ ਤੇ ਆਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕੋਚਾਂ ਦੇ ਬਾਹਰੀ ਸ਼ੈੱਲ ਦੀ ਤਿਆਰੀ ਵਿਚ ਲੋੜੀਂਦੀ ਸ਼ੁੱਧਤਾ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਰੋਬੋਟਿਕ ਤੇ ਮੈਨੂਅਲ ਵੈੱਲਡਿੰਗ ਤਕਨੀਕਾਂ ਦਾ ਲਾਈਵ ਪ੍ਰਦਰਸ਼ਨ ਵੀ ਕੀਤਾ ਗਿਆ। ਪੇਂਟ ਸ਼ਾਪ ਵਿਚ ਬਹੁ-ਪੱਧਰੀ ਐਂਟੀ-ਕੋਰੋਜ਼ਨ ਕੋਟਿੰਗ ਪ੍ਰਕਿਰਿਆ ਬਾਰੇ ਦੱਸਿਆ ਗਿਆ। ਵਿਦਿਆਰਥੀਆਂ ਨੇ ਕੋਚਾਂ ਦੇ ਅੰਦਰੂਨੀ ਹਿੱਸਿਆਂ ਜਿਵੇਂ ਕਿ ਸੀਟਾਂ, ਇਲੈਕਟ੍ਰੀਕਲ ਫਿਟਿੰਗਾਂ, ਏਅਰ-ਕੰਡੀਸ਼ਨਿੰਗ ਯੂਨਿਟਾਂ ਤੇ ਹੋਰ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਆਰਸੀਐੱਫ ਦੀ ਸਾਲਾਨਾ ਉਤਪਾਦਨ ਸਮਰੱਥਾ ਬਾਰੇ ਵੀ ਜਾਣਿਆ, ਜੋ ਲਗਭਗ 1,500 ਕੋਚ ਹੈ, ਜੋ ਇਸਨੂੰ ਭਾਰਤ ਦੀਆਂ ਪ੍ਰਮੁੱਖ ਰੇਲਵੇ ਨਿਰਮਾਣ ਇਕਾਈਆਂ ਵਿਚੋਂ ਇਕ ਬਣਾਉਂਦਾ ਹੈ। ਫੈਕਟਰੀ ਆਧੁਨਿਕ ਲਿੰਕ ਹੋਫਮੈਨ ਬੁਸ਼ ਕੋਚਾਂ ਦੇ ਉਤਪਾਦਨ ਲਈ ਵੀ ਪ੍ਰਸਿੱਧ ਹੈ, ਜੋ ਕਿ ਰਵਾਇਤੀ ਕੋਚਾਂ ਨਾਲੋਂ ਹਲਕੇ, ਵਧੇਰੇ ਆਰਾਮਦਾਇਕ ਤੇ ਸੁਰੱਖਿਅਤ ਮੰਨੇ ਜਾਂਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਅਕਾਦਮਿਕ ਗਿਆਨ ਨੂੰ ਪ੍ਰਯੋਗਿਕ ਅਨੁਭਵ ਨਾਲ ਜੋੜਦੇ ਹਨ ਤੇ ਉਨ੍ਹਾਂ ਵਿਚ ਉਦਯੋਗਿਕ ਜਾਗਰੂਕਤਾ ਪੈਦਾ ਕਰਦੇ ਹਨ। ਇਸ ਮੌਕੇ ਦੌਰੇ ਦੇ ਕੋਆਰਡੀਨੇਟਰ ਡਾ. ਪਰਮਜੀਤ ਕੌਰ ਮੁਖੀ ਕਾਮਰਸ ਵਿਭਾਗ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੇ ਤਕਨੀਕੀ ਗਿਆਨ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਨਵੀਂ ਸੋਚ ਤੇ ਪ੍ਰੇਰਣਾ ਪ੍ਰਦਾਨ ਕਰਦੇ ਹਨ। ਇਸ ਦੌਰਾਨ ਵਿਦਿਆਰਥੀਆਂ ਦੇ ਨਾਲ ਮੈਡਮ ਅਨਾਮਿਕਾ ਚੋਪੜਾ ਤੇ ਸੰਦੀਪ ਸਿੰਘ ਹਾਜ਼ਰ ਸਨ।