ਸਿੱਖਿਆ ਸਿਰਫ਼ ਡਿਗਰੀ ਹਾਸਲ ਕਰਨ ਤਕ ਸੀਮਿਤ ਨਹੀਂ ਰਹਿਣੀ ਚਾਹੀਦੀ : ਜੱਥੇਦਾਰ ਬੱਬਰ
ਸਿੱਖਿਆ ਸਿਰਫ਼ ਡਿਗਰੀ ਹਾਸਲ ਕਰਨ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ-ਜੱਥੇਦਾਰ ਬੱਬਰ
Publish Date: Sun, 01 Mar 2026 07:28 PM (IST)
Updated Date: Sun, 01 Mar 2026 07:31 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਦਿਆਰਥੀ ਦੇ ਜੀਵਨ ਵਿਚ ਸਿੱਖਿਆ ਦੀ ਭੂਮਿਕਾ ਬੁਨਿਆਦੀ ਤੇ ਨਿਰਣਾਇਕ ਹੁੰਦੀ ਹੈ। ਸਿੱਖਿਆ ਮਨੁੱਖ ਨੂੰ ਸਿਰਫ਼ ਪੜ੍ਹਨਾ ਲਿਖਣਾ ਹੀ ਨਹੀਂ ਸਿਖਾਂਦੀ, ਸਗੋਂ ਸੋਚਣ, ਸਮਝਣ ਅਤੇ ਸਹੀ ਫੈਸਲੇ ਲੈਣ ਦੀ ਸਮਰੱਥਾ ਵੀ ਪ੍ਰਦਾਨ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬੱਤ ਦਾ ਭਲਾ ਫਾਊਂਡੇਸ਼ਨ ਦੇ ਫਾਊਂਡਰ-ਕਮ-ਡਾਇਰੈਕਟਰ ਜੱਥੇਦਾਰ ਸੁਖਜਿੰਦਰ ਸਿੰਘ ਬੱਬਰ ਨੇ ਕਰਦਿਆਂ ਕਿਹਾ ਕਿ ਜੇ ਕਿਸੇ ਦੇ ਜੀਵਨ ਦੀ ਮਜ਼ਬੂਤ ਨੀਂਹ ਰੱਖਣੀ ਹੋਵੇ ਤਾਂ ਉਹ ਸਿੱਖਿਆ ਰਾਹੀਂ ਹੀ ਸੰਭਵ ਹੈ। ਜੱਥੇਦਾਰ ਬੱਬਰ ਨੇ ਦੱਸਿਆ ਕਿ ਵਿਦਿਆਰਥੀ ਅਵਸਥਾ ਮਨੁੱਖ ਦੇ ਜੀਵਨ ਦਾ ਸਭ ਤੋਂ ਸੰਵੇਦਨਸ਼ੀਲ ਅਤੇ ਨਿਰਮਾਣਕਾਰੀ ਦੌਰ ਹੁੰਦਾ ਹੈ। ਇਸ ਸਮੇਂ ਦੌਰਾਨ ਪ੍ਰਾਪਤ ਕੀਤੀ ਗਈ ਸਿੱਖਿਆ ਅਤੇ ਸੰਸਕਾਰ ਉਸ ਦੀ ਪੂਰੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਹਾਸਲ ਕਰਨ ਤਕ ਸੀਮਿਤ ਨਹੀਂ ਰਹਿਣੀ ਚਾਹੀਦੀ, ਬਲਕਿ ਵਿਦਿਆਰਥੀਆਂ ਨੂੰ ਨੈਤਿਕ ਮੂਲਿਆਂ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਵੀ ਜੋੜਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਦੌਰ ਵਿਚ ਗੁਣਵੱਤਾ ਵਾਲੀ ਸਿੱਖਿਆ ਬਿਨਾਂ ਅੱਗੇ ਵੱਧਣਾ ਮੁਸ਼ਕਲ ਹੈ। ਤਕਨਾਲੋਜੀ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਜਾਣਕਾਰੀ, ਡਿਜੀਟਲ ਹੁਨਰ ਅਤੇ ਵਿਹਾਰਕ ਗਿਆਨ ਨਾਲ ਲੈਸ ਹੋਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਕਰੀਅਰ ਦੇ ਮੌਕੇ ਵਧਦੇ ਹਨ, ਸਗੋਂ ਉਹ ਦੇਸ਼ ਦੀ ਤਰੱਕੀ ਵਿਚ ਵੀ ਅਹਿਮ ਯੋਗਦਾਨ ਪਾ ਸਕਦੇ ਹਨ। ਜੱਥੇਦਾਰ ਬੱਬਰ ਨੇ ਕਿਹਾ ਕਿ ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇਣ।ਬੱਚਿਆਂ ਨੂੰ ਪ੍ਰੇਰਿਤ ਕਰਨਾ, ਉਨ੍ਹਾਂ ਦੀਆਂ ਯੋਗਤਾਵਾਂ ਨੂੰ ਪਹਿਚਾਣਨਾ ਅਤੇ ਉਨ੍ਹਾਂ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਬੱਚਿਆਂ ਨੂੰ ਸਹੀ ਮਾਹੌਲ ਮਿਲਦਾ ਹੈ, ਤਾਂ ਉਹ ਆਪਣੀ ਸਮਰੱਥਾ ਅਨੁਸਾਰ ਉੱਚਾਈਆਂ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖ ਨੂੰ ਆਤਮਨਿਰਭਰ ਬਣਾਉਂਦੀ ਹੈ। ਪੜ੍ਹਿਆ-ਲਿਖਿਆ ਵਿਅਕਤੀ ਆਪਣੇ ਅਧਿਕਾਰਾਂ ਅਤੇ ਫ਼ਰਜ਼ਾਂ ਪ੍ਰਤੀ ਸਚੇਤ ਹੁੰਦਾ ਹੈ ਅਤੇ ਸਮਾਜ ਵਿਚ ਚੰਗਾ ਨਾਗਰਿਕ ਬਣ ਕੇ ਆਪਣਾ ਯੋਗਦਾਨ ਪਾਉਂਦਾ ਹੈ। ਸਿੱਖਿਆ ਦੇ ਨਾਲ-ਨਾਲ ਕੌਸ਼ਲ ਵਿਕਾਸ ਵੀ ਅਤਿ ਮਹੱਤਵਪੂਰਨ ਹੈ, ਤਾਂ ਜੋ ਵਿਦਿਆਰਥੀ ਰੁਜ਼ਗਾਰ ਦੇ ਯੋਗ ਬਣ ਸਕਣ। ਇਸ ਮੌਕੇ ਜੱਥੇਦਾਰ ਬੱਬਰ ਨੇ ਕਿਹਾ ਕਿ ਸਿੱਖਿਆ ਹੀ ਉਹ ਚਾਬੀ ਹੈ ਜੋ ਕਾਮਯਾਬੀ ਦੇ ਦਰਵਾਜ਼ੇ ਖੋਲ੍ਹਦੀ ਹੈ। ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀ ਜੀਵਨ ਦਾ ਪੂਰਾ ਲਾਭ ਲਵੇ ਅਤੇ ਲਗਨ,ਮਿਹਨਤ ਅਤੇ ਅਨੁਸ਼ਾਸਨ ਨਾਲ ਆਪਣਾ ਭਵਿੱਖ ਸੁਨਿਸ਼ਚਿਤ ਕਰੋ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸੰਸਥਾਵਾਂ ਹਮੇਸ਼ਾ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਸਹਿਯੋਗ ਕਰਨ ਲਈ ਵਚਨਬੱਧ ਰਹੇਗੀ।