ਸਿੱਖਿਆ ਸਿਰਫ਼ ਡਿਗਰੀ ਹਾਸਿਲ ਕਰਨ ਤੱਕ ਨਹੀਂ ਹੋਣੀ ਚਾਹੀਦੀ : ਬਾਈ
ਸਿੱਖਿਆ ਸਿਰਫ਼ ਡਿਗਰੀ ਹਾਸਿਲ ਕਰਨ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ : ਬਾਈ ਨੱਛਤਰ ਸਿੰਘ
Publish Date: Thu, 05 Mar 2026 09:45 PM (IST)
Updated Date: Thu, 05 Mar 2026 09:47 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਦਿਆਰਥੀ ਦੇ ਜੀਵਨ ਵਿਚ ਸਿੱਖਿਆ ਦੀ ਭੂਮਿਕਾ ਬੁਨਿਆਦੀ ਤੇ ਫੈਸਲਾਕੁੰਨ ਹੁੰਦੀ ਹੈ। ਸਿੱਖਿਆ ਮਨੁੱਖ ਨੂੰ ਸਿਰਫ਼ ਪੜ੍ਹਨਾ ਲਿਖਣਾ ਹੀ ਨਹੀਂ ਸਿਖਾਉਂਦੀ, ਸਗੋਂ ਸੋਚਣ, ਸਮਝਣ ਤੇ ਸਹੀ ਫੈਸਲੇ ਲੈਣ ਦੀ ਸਮਰੱਥਾ ਵੀ ਪ੍ਰਦਾਨ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੇਰ-ਏ-ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੇ ਮੁੱਖ ਅਹੁਦੇਦਾਰ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ, ਜ਼ਿਲ੍ਹਾ ਕਪੂਰਥਲਾ ਮੀਤ ਪ੍ਰਧਾਨ ਲਵਪ੍ਰੀਤ ਸਿੰਘ ਲਵ ਨੇ ਕਰਦਿਆਂ ਕਿਹਾ ਕਿ ਜੇ ਕਿਸੇ ਦੇ ਜੀਵਨ ਦੀ ਮਜ਼ਬੂਤ ਨੀਂਹ ਰੱਖਣੀ ਹੋਵੇ ਤਾਂ ਉਹ ਸਿੱਖਿਆ ਰਾਹੀਂ ਹੀ ਸੰਭਵ ਹੈ। ਬਾਈ ਨਛੱਤਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਅਵਸਥਾ ਮਨੁੱਖ ਦੇ ਜੀਵਨ ਦਾ ਸਭ ਤੋਂ ਸੰਵੇਦਨਸ਼ੀਲ ਤੇ ਨਿਰਮਾਣਕਾਰੀ ਦੌਰ ਹੁੰਦਾ ਹੈ। ਇਸ ਸਮੇਂ ਦੌਰਾਨ ਪ੍ਰਾਪਤ ਕੀਤੀ ਗਈ ਸਿੱਖਿਆ ਤੇ ਸੰਸਕਾਰ ਉਸਦੀ ਪੂਰੀ ਜ਼ਿੰਦਗੀ ਦੀ ਦਿਸ਼ਾ ਤੈਅ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਿਰਫ਼ ਡਿਗਰੀ ਹਾਸਲ ਕਰਨ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਬਲਕਿ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ, ਅਨੁਸ਼ਾਸਨ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਵੀ ਜੋੜਨਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਦੌਰ ਵਿਚ ਗੁਣਵੱਤਾ ਵਾਲੀ ਸਿੱਖਿਆ ਬਿਨਾਂ ਅੱਗੇ ਵੱਧਣਾ ਮੁਸ਼ਕਿਲ ਹੈ। ਤਕਨਾਲੋਜੀ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਜਾਣਕਾਰੀ, ਡਿਜੀਟਲ ਹੁਨਰ ਤੇ ਵਿਹਾਰਕ ਗਿਆਨ ਨਾਲ ਲੈਸ ਹੋਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੇ ਕਰੀਅਰ ਦੇ ਮੌਕੇ ਵਧਦੇ ਹਨ, ਸਗੋਂ ਉਹ ਦੇਸ਼ ਦੀ ਤਰੱਕੀ ਵਿਚ ਵੀ ਅਹਿਮ ਯੋਗਦਾਨ ਪਾ ਸਕਦੇ ਹਨ। ਲਵਪ੍ਰੀਤ ਸਿੰਘ ਨੇ ਕਿਹਾ ਕਿ ਅਧਿਆਪਕਾਂ ਤੇ ਮਾਪਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇਣ। ਬੱਚਿਆਂ ਨੂੰ ਪ੍ਰੇਰਿਤ ਕਰਨਾ, ਉਨ੍ਹਾਂ ਦੀਆਂ ਯੋਗਤਾਵਾਂ ਨੂੰ ਪਹਿਚਾਣਨਾ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਬੱਚਿਆਂ ਨੂੰ ਸਹੀ ਮਾਹੌਲ ਮਿਲਦਾ ਹੈ, ਤਾਂ ਉਹ ਆਪਣੀ ਸਮਰੱਥਾ ਅਨੁਸਾਰ ਉੱਚਾਈਆਂ ਹਾਸਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਮਨੁੱਖ ਨੂੰ ਆਤਮਨਿਰਭਰ ਬਣਾਉਂਦੀ ਹੈ। ਪੜ੍ਹਿਆ-ਲਿਖਿਆ ਵਿਅਕਤੀ ਆਪਣੇ ਅਧਿਕਾਰਾਂ ਤੇ ਫ਼ਰਜ਼ਾਂ ਪ੍ਰਤੀ ਸਚੇਤ ਹੁੰਦਾ ਹੈ ਤੇ ਸਮਾਜ ਵਿਚ ਚੰਗਾ ਨਾਗਰਿਕ ਬਣ ਕੇ ਆਪਣਾ ਯੋਗਦਾਨ ਪਾਉਂਦਾ ਹੈ। ਸਿੱਖਿਆ ਦੇ ਨਾਲ-ਨਾਲ ਕੌਸ਼ਲ ਵਿਕਾਸ ਵੀ ਅਤਿ ਮਹੱਤਵਪੂਰਨ ਹੈ, ਤਾਂ ਜੋ ਵਿਦਿਆਰਥੀ ਰੁਜ਼ਗਾਰ ਦੇ ਯੋਗ ਬਣ ਸਕਣ। ਅੰਤ ਵਿਚ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਸਿੱਖਿਆ ਹੀ ਉਹ ਚਾਬੀ ਹੈ ਜੋ ਕਾਮਯਾਬੀ ਦੇ ਦਰਵਾਜ਼ੇ ਖੋਲ੍ਹਦੀ ਹੈ। ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਿਦਿਆਰਥੀ ਜੀਵਨ ਦਾ ਪੂਰਾ ਲਾਭ ਲਵੇ ਤੇ ਲਗਨ, ਮਿਹਨਤ ਤੇ ਅਨੁਸ਼ਾਸਨ ਨਾਲ ਆਪਣਾ ਭਵਿੱਖ ਸੁਨਿਸ਼ਚਿਤ ਕਰੋ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸੰਸਥਾਵਾਂ ਹਮੇਸ਼ਾ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਸਹਿਯੋਗ ਕਰਨ ਲਈ ਵਚਨਬੱਧ ਰਹਿਣਗੀਆਂ।