ਨੌਜਵਾਨਾਂ ਲਈ ਸਿੱਖਿਆ ਤੇ ਹੁਨਰ ਹੀ ਅਸਲ ਹਥਿਆਰ : ਸਰੋਆ
ਨੌਜਵਾਨ ਪੀੜ੍ਹੀ ਲਈ ਸਿੱਖਿਆ ਤੇ ਹੁਨਰ ਹੀ ਕਾਮਯਾਬੀ ਦਾ ਅਸਲ ਹਥਿਆਰ : ਰਾਮ ਮੂਰਤੀ ਸਰੋਆ
Publish Date: Fri, 13 Feb 2026 07:20 PM (IST)
Updated Date: Fri, 13 Feb 2026 07:21 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਰਬ ਨੌਜਵਾਨ ਸਭਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ (ਰਜਿ.) ਵੱਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ–3, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਚਲਾਏ ਜਾ ਰਹੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਚ ਇਕ ਪ੍ਰੇਰਣਾਦਾਇਕ ਤੇ ਭਾਵੁਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਰਾਮ ਮੂਰਤੀ ਸਰੋਆ, ਚੇਅਰਮੈਨ ਡਾ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ (ਯੂਐੱਸਏ) ਤੇ ਪ੍ਰਸਿੱਧ ਸੱਭਿਆਚਾਰਕ ਪ੍ਰਮੋਟਰ (ਯੂਐੱਸਏ) ਜੱਸੀ ਬੰਗਾ ਨੇ ਸੈਂਟਰ ਦਾ ਦੌਰਾ ਕਰਕੇ ਚੱਲ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਸਭਾ ਦੇ ਮੈਂਬਰਾਂ ਵੱਲੋਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸਿੱਖਿਆਰਥਣਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦੀ ਪ੍ਰਦਰਸ਼ਨੀ ਵੇਖ ਕੇ ਮਹਿਮਾਨ ਕਾਫੀ ਪ੍ਰਭਾਵਿਤ ਹੋਏ। ਜੱਸੀ ਬੰਗਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਹੋਏ ਵੀ ਆਪਣੇ ਵਤਨ ਤੇ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਹਰ ਪੰਜਾਬੀ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੀਆਂ ਧੀਆਂ ਨੂੰ ਸਵੈ-ਰੋਜ਼ਗਾਰ ਲਈ ਤਿਆਰ ਕੀਤਾ ਜਾਂਦਾ ਹੈ ਤਾਂ ਇਹ ਪੂਰੇ ਸਮਾਜ ਨੂੰ ਮਜ਼ਬੂਤ ਬਣਾਉਂਦਾ ਹੈ। ਚੇਅਰਮੈਨ ਰਾਮ ਮੂਰਤੀ ਸਰੋਆ ਨੇ ਕਿਹਾ ਕਿ ਸਿੱਖਿਆ ਤੇ ਹੁਨਰ ਹੀ ਉਹ ਅਸਲ ਹਥਿਆਰ ਹਨ, ਜੋ ਨੌਜਵਾਨ ਪੀੜ੍ਹੀ ਨੂੰ ਆਤਮਨਿਰਭਰ ਤੇ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਉਹ ਅਜਿਹੇ ਲੋਕ-ਭਲਾਈ ਪ੍ਰੋਜੈਕਟਾਂ ਨਾਲ ਜੁੜੇ ਰਹਿਣਗੇ ਤੇ ਹਰ ਸੰਭਵ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਵੱਲੋਂ ਇਕ ਲੱਖ ਰੁਪਏ ਦੀ ਆਰਥਿਕ ਸਹਾਇਤਾ ਸਰਬ ਨੌਜਵਾਨ ਵੱਲੋਂ ਨਵੀਂ ਉਸਾਰੀ ਗਈ ਸਰਬ ਸੇਵਾ ਸਦਨ ਦੀ ਇਮਾਰਤ ਲਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੂੰ ਭੇਟ ਕੀਤੀ ਗਈ। ਸਿੱਖਿਆਰਥਣਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਇਸ ਸੈਂਟਰ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਨਵੀਂ ਉਮੀਦ ਤੇ ਆਤਮ-ਵਿਸ਼ਵਾਸ ਜਗਾਇਆ ਹੈ। ਅਖੀਰ ਵਿਚ ਸਭਾ ਦੇ ਜਨਰਲ ਸਕੱਤਰ ਡਾ. ਵਿਜੈ ਕੁਮਾਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭਾ ਦਾ ਮੁੱਖ ਉਦੇਸ਼ ਸਮਾਜ ਦੇ ਹਰ ਵਰਗ ਨੂੰ ਸਵੈ-ਨਿਰਭਰ ਬਣਾਉਣਾ ਹੈ। ਸਮਾਗਮ ਦੇ ਅੰਤ ਵਿਚ ਸਭਾ ਵੱਲੋਂ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਦਨ ਲਾਲ ਕੋਰੋਟਾਨੀਆ (ਬਲਾਕ ਪ੍ਰਧਾਨ ਆਪ), ਸੇਵਾਮੁਕਤ ਲੈਕਚਰਾਰ ਹਰਜਿੰਦਰ ਗੋਗਨਾ, ਵਿੱਕੀ ਸਿੰਘ (ਯੂਥ ਆਗੂ ਆਪ), ਜਗਜੀਤ ਸੇਠ, ਆਰਪੀ ਸ਼ਰਮਾ, ਗੁਲਸ਼ਨ ਕਪੂਰ, ਮੈਡਮ ਆਸ਼ੂ ਬੱਗਾ, ਮੈਡਮ ਗੁਰਜੀਤ ਕੌਰ, ਮੈਡਮ ਲਕਸ਼ਮੀ, ਮੈਡਮ ਸੁਖਪ੍ਰੀਤ ਕੌਰ, ਅਨੂਪ ਦੁੱਗਲ ਸਮੇਤ ਵੱਡੀ ਗਿਣਤੀ ’ਚ ਪਤਵੰਤੇ, ਸੈਂਟਰ ਸਟਾਫ ਤੇ ਸਿੱਖਿਆਰਥਣਾਂ ਹਾਜ਼ਰ ਸਨ।